ਮੇਜਰ ਧਿਆਨ ਚੰਦ ਦੀ ਜੈਅੰਤੀ 'ਤੇ ਵਿਸ਼ੇਸ਼ : ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾਵੇਗਾ ਰਾਸ਼ਟਰੀ ਖੇਡ ਦਿਵਸ
2012 ’ਚ ਭਾਰਤ ਸਰਕਾਰ ਨੇ ਰਸਮੀ ਤੌਰ ’ਤੇ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ ਤੇ ਪਹਿਲੀ ਵਾਰ ਇਹ ਦਿਵਸ 29 ਅਗਸਤ 2012 ਨੂੰ ਮਨਾਇਆ ਗਿਆ ਸੀ। ਇਸ ਦਿਵਸ ਦੇ ਮੁੱਖ ਮੰਤਵਾਂ ’ਚ ਨੌਜਵਾਨ ਪੀੜ੍ਹੀ ਨੂੰ ਖੇਡਾਂ ਤੇ ਸਿਹਤਮੰਦ ਜੀਵਨ ਸ਼ੈਲੀ ਲਈ ਪ੍ਰੇਰਿਤ ਕਰਨਾ
Publish Date: Thu, 27 Aug 2026 11:27 AM (IST)
Updated Date: Thu, 27 Aug 2026 11:36 AM (IST)
ਭਾਰਤ ’ਚ ਹਰ ਸਾਲ 29 ਅਗਸਤ ਨੂੰ ਧੂਮਧਾਮ ਨਾਲ ਮਨਾਇਆ ਜਾਣ ਵਾਲਾ ਰਾਸ਼ਟਰੀ ਖੇਡ ਦਿਵਸ ਦਰਅਸਲ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਜੈਅੰਤੀ ਦੇ ਮੌਕੇ ’ਤੇ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਮਕਸਦ ਦੇਸ਼ ’ਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣਾ ਤੇ ਨੌਜਵਾਨ ਪੀੜ੍ਹੀ ਨੂੰ ਫਿਟਨੈੱਸ ਤੇ ਖੇਡਾਂ ਲਈ ਪ੍ਰੇਰਿਤ ਕਰਨਾ ਹੈ।
‘ਹਾਕੀ ਦਾ ਜਾਦੂਗਰ’ : ਧਿਆਨ ਚੰਦ ਦੀ ਅਮਿੱਟ ਛਾਪ ਮੇਜਰ ਧਿਆਨ ਚੰਦ (29 ਅਗਸਤ 1905–3 ਦਸੰਬਰ 1979), ਜਿਨ੍ਹਾਂ ਨੂੰ ‘ਹਾਕੀ ਦਾ ਜਾਦੂਗਰ’ ਕਿਹਾ ਜਾਂਦਾ ਹੈ, ਭਾਰਤੀ ਹਾਕੀ ਦੇ ਸੁਨਹਿਰੀ ਦੌਰ ਦੇ ਸਭ ਤੋਂ ਮਹਾਨ ਖਿਡਾਰੀ ਮੰਨੇ ਜਾਂਦੇ ਹਨ। ਉਨ੍ਹਾਂ 1928 (ਐਮਸਟਰਡਮ), 1932 (ਲਾਸ ਏਂਜਲਸ) ਤੇ 1936 (ਬਰਲਿਨ) ਓਲੰਪਿਕ ਖੇਡਾਂ ’ਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਦਿਆਂ ਤਿੰਨ ਸੋਨ ਤਮਗੇ ਆਪਣੇ ਨਾਂ ਕੀਤੇ ਸਨ। 1936 ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਮੈਚ ’ਚ ਜਰਮਨੀ ਖਿਲਾਫ਼ ਭਾਰਤ ਨੇ 8-1 ਨਾਲ ਜਿੱਤ ਹਾਸਲ ਕੀਤੀ ਸੀ, ਜਿਸ ’ਚ ਧਿਆਨ ਚੰਦ ਦਾ ਅਹਿਮ ਯੋਗਦਾਨ ਸੀ। 1956 ’ਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਦੀ ਅਮਰ ਵਿਰਾਸਤ ਨੂੰ ਕਾਇਮ ਰੱਖਣ ਲਈ ਭਾਰਤ ਦਾ ਸਰਬਉੱਚ ਖੇਡ ਸਨਮਾਨ ‘ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ’ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ ਹੈ।
ਰਾਸ਼ਟਰੀ ਖੇਡ ਦਿਵਸ : ਇਤਿਹਾਸ ਤੇ ਅਹਿਮੀਅਤ 2012 ’ਚ ਭਾਰਤ ਸਰਕਾਰ ਨੇ ਰਸਮੀ ਤੌਰ ’ਤੇ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ ਤੇ ਪਹਿਲੀ ਵਾਰ ਇਹ ਦਿਵਸ 29 ਅਗਸਤ 2012 ਨੂੰ ਮਨਾਇਆ ਗਿਆ ਸੀ। ਇਸ ਦਿਵਸ ਦੇ ਮੁੱਖ ਮੰਤਵਾਂ ’ਚ ਨੌਜਵਾਨ ਪੀੜ੍ਹੀ ਨੂੰ ਖੇਡਾਂ ਤੇ ਸਿਹਤਮੰਦ ਜੀਵਨ ਸ਼ੈਲੀ ਲਈ ਪ੍ਰੇਰਿਤ ਕਰਨਾ, ਭਾਰਤੀ ਖੇਡਾਂ ’ਚ ਧਿਆਨ ਚੰਦ ਦੇ ਅਣਮੁੱਲੇ ਯੋਗਦਾਨ ਨੂੰ ਯਾਦ ਕਰਨਾ ਤੇ ਖੇਡਾਂ ਨੂੰ ਰਾਸ਼ਟਰੀ ਤਰਜੀਹ ਦੇਣਾ ਸ਼ਾਮਲ ਹੈ। ਹਰ ਸਾਲ ਇਸੇ ਦਿਨ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਵੱਲੋਂ ਰਾਸ਼ਟਰੀ ਖੇਡ ਸਨਮਾਨ, ਜਿਵੇਂ ਕਿ ਖੇਲ ਰਤਨ, ਅਰਜੁਨ ਐਵਾਰਡ, ਧਿਆਨ ਚੰਦ ਐਵਾਰਡ ਆਦਿ ਦਿੱਤੇ ਜਾਂਦੇ ਹਨ। ਹਾਲ ਹੀ ਦੇ ਸਾਲਾਂ ’ਚ ‘ਫਿਟ ਇੰਡੀਆ’ ਮੁਹਿੰਮ ਤਹਿਤ ਲੋਕਾਂ ਨੂੰ ਘੱਟੋ-ਘੱਟ ਇੱਕ ਘੰਟਾ ਖੇਡਾਂ ਜਾਂ ਕਸਰਤ ਲਈ ਸਮਰਪਿਤ ਕਰਨ ਦੀ ਅਪੀਲ ਕੀਤੀ ਜਾਂਦੀ ਹੈ।
ਦੇਸ਼ ਭਰ ’ਚ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਜਾਂਦੈ ਹੈ ਖੇਡ ਦਿਵਸ ਰਾਸ਼ਟਰੀ ਖੇਡ ਦਿਵਸ ਦੇ ਮੌਕੇ ’ਤੇ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ’ਚ ਖੇਡ ਮੁਕਾਬਲੇ ਤੇ ਜਾਗਰੂਕਤਾ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਖੇਡ ਅਕਾਦਮੀਆਂ ਤੇ ਸਰਕਾਰੀ ਸੰਸਥਾਵਾਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ। ਪੰਜਾਬ ਸਮੇਤ ਦੇਸ਼ ਭਰ ’ਚ ਖਿਡਾਰੀਆਂ ਤੇ ਸੰਸਥਾਵਾਂ ਵੱਲੋਂ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ ਤੇ ਉਨ੍ਹਾਂ ਦੀਆਂ ਤਸਵੀਰਾਂ ’ਤੇ ਫੁੱਲ ਚੜ੍ਹਾਏ ਜਾਂਦੇ ਹਨ।