'ਮੇਰਾ ਨਾਮ ਤਾਂ ਅਵਿਨਾਸ਼ ਸੀ', ਕਾਮਨਵੈਲਥ ਜੇਤੂ ਝੰਡੂ ਕੁਮਾਰ ਨੇ ਸੁਣਾਈ ਦਿਲ ਛੂਹ ਲੈਣ ਵਾਲੀ ਕਹਾਣੀ, ਸਲਮਾਨ ਖ਼ਾਨ ਦਾ ਵੀ ਕੀਤਾ ਜ਼ਿਕਰ
ਕਾਮਨਵੈਲਥ ਗੇਮਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਬਿਹਾਰ ਦਾ ਨਾਮ ਰੌਸ਼ਨ ਕਰਨ ਵਾਲੇ ਨਾਲੰਦਾ ਨਿਵਾਸੀ ਪੈਰਾ ਪਾਵਰਲਿਫਟਰ ਝੰਡੂ ਕੁਮਾਰ ਦੀ ਸਫ਼ਲਤਾ ਜਿੰਨੀ ਪ੍ਰੇਰਣਾਦਾਇਕ ਹੈ, ਉਸ ਤੋਂ ਕਿਤੇ ਵੱਧ ਭਾਵੁਕ ਉਨ੍ਹਾਂ ਦਾ ਸੰਘਰਸ਼ ਹੈ।
Publish Date: Mon, 27 Jul 2026 04:33 PM (IST)
Updated Date: Mon, 27 Jul 2026 04:49 PM (IST)
ਡਿਜੀਟਲ ਡੈਸਕ, ਪਟਨਾ। ਕਾਮਨਵੈਲਥ ਗੇਮਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਬਿਹਾਰ ਦਾ ਨਾਮ ਰੌਸ਼ਨ ਕਰਨ ਵਾਲੇ ਨਾਲੰਦਾ ਨਿਵਾਸੀ ਪੈਰਾ ਪਾਵਰਲਿਫਟਰ ਝੰਡੂ ਕੁਮਾਰ ਦੀ ਸਫ਼ਲਤਾ ਜਿੰਨੀ ਪ੍ਰੇਰਣਾਦਾਇਕ ਹੈ, ਉਸ ਤੋਂ ਕਿਤੇ ਵੱਧ ਭਾਵੁਕ ਉਨ੍ਹਾਂ ਦਾ ਸੰਘਰਸ਼ ਹੈ।
ਬੇਹੱਦ ਸਾਧਾਰਨ ਪਰਿਵਾਰ ’ਚੋਂ ਨਿਕਲ ਕੇ ਅੰਤਰਰਾਸ਼ਟਰੀ ਮੰਚ ਤੱਕ ਪਹੁੰਚਣ ਵਾਲੇ ਝੰਡੂ ਨੇ ਦੱਸਿਆ ਕਿ ਉਨ੍ਹਾਂ ਦਾ ਅਸਲੀ ਨਾਮ ਅਵਿਨਾਸ਼ ਕੁਮਾਰ ਸੀ ਪਰ ਬਚਪਨ ਦੀ ਇੱਕ ਘਟਨਾ ਨੇ ਉਨ੍ਹਾਂ ਦੀ ਪਛਾਣ ਹਮੇਸ਼ਾ ਲਈ ਬਦਲ ਦਿੱਤੀ।
ਉਨ੍ਹਾਂ ਦੱਸਿਆ ਕਿ ਮਹਿਜ਼ ਪੰਜ ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਪੋਲੀਓ ਹੋ ਗਿਆ ਸੀ। ਇਲਾਜ ਵਿੱਚ ਪਰਿਵਾਰ ਦੀ ਪੂਰੀ ਜਮ੍ਹਾ-ਪੂੰਜੀ ਖ਼ਰਚ ਹੋ ਗਈ। ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਨੂੰ ਦੇਖ ਕੇ ਆਸ-ਪਾਸ ਦੇ ਲੋਕ ਤਾਹਨੇ ਮਾਰਦੇ ਸਨ।
ਕਹਿੰਦੇ ਸਨ ਕਿ ਇਸ ਬੱਚੇ ਨੇ ਤਾਂ ਮਾਂ-ਪਿਓ ਨੂੰ ਝੰਡ (ਬਰਬਾਦ) ਕਰ ਦਿੱਤਾ। ਹੌਲੀ-ਹੌਲੀ ਲੋਕ ਉਨ੍ਹਾਂ ਨੂੰ 'ਝੰਡੂ' ਕਹਿ ਕੇ ਬੁਲਾਉਣ ਲੱਗੇ ਅਤੇ ਇਹੀ ਨਾਮ ਉਨ੍ਹਾਂ ਦੀ ਪਛਾਣ ਬਣ ਗਿਆ।
ਨਾਮ ਬਦਲਣਾ ਚਾਹੁੰਦੇ ਸਨ, ਪਰ...
ਝੰਡੂ ਕੁਮਾਰ ਨੇ ਦੱਸਿਆ ਕਿ ਇੱਕ ਸਮੇਂ ਉਨ੍ਹਾਂ ਨੇ ਆਪਣਾ ਨਾਮ ਬਦਲਣ ਦੀ ਵੀ ਕੋਸ਼ਿਸ਼ ਕੀਤੀ। ਇਸ ਲਈ ਉਹ ਸਰਕਾਰੀ ਦਸਤਾਵੇਜ਼ ਬਣਵਾਉਣ ਬਲਾਕ ਦਫ਼ਤਰ ਪਹੁੰਚੇ ਪਰ ਉੱਥੇ ਵੀ ਉਨ੍ਹਾਂ ਦਾ ਨਾਮ ਸੁਣ ਕੇ ਕਰਮਚਾਰੀ ਹੱਸਣ ਲੱਗੇ।
ਉਨ੍ਹਾਂ ਕਿਹਾ, "ਸਟਾਫ਼ ਨੇ ਪੁੱਛਿਆ ਕਿ ਨਾਮ ਕੀ ਹੈ। ਜਿਵੇਂ ਹੀ ਮੈਂ 'ਝੰਡੂ' ਦੱਸਿਆ, ਸਾਰੇ ਹੱਸਣ ਲੱਗੇ। ਉਸ ਸਮੇਂ ਮੈਨੂੰ ਬੁਰਾ ਨਹੀਂ ਲੱਗਿਆ। ਮੈਂ ਸੋਚਿਆ ਕਿ ਹੁਣ ਇਹੀ ਮੇਰੀ ਪਛਾਣ ਹੈ ਅਤੇ ਫਿਰ ਮੈਂ ਇਸੇ ਨਾਮ ਨੂੰ ਅਪਣਾ ਲਿਆ।"
ਸਬਜ਼ੀ ਵੇਚੀ, ਸਵਾਰੀ ਢੋਈ... ਤਦ ਪਹੁੰਚੇ ਇਸ ਮੁਕਾਮ 'ਤੇ
ਆਪਣੀ ਸਫ਼ਲਤਾ ਦੇ ਪਿੱਛੇ ਦੇ ਸੰਘਰਸ਼ ਨੂੰ ਯਾਦ ਕਰਦਿਆਂ ਝੰਡੂ ਕੁਮਾਰ ਨੇ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਨੇ ਹਰ ਤਰ੍ਹਾਂ ਦਾ ਕੰਮ ਕੀਤਾ।
ਉਨ੍ਹਾਂ ਦੱਸਿਆ, 'ਘਰ ਦੀ ਆਰਥਿਕ ਸਥਿਤੀ ਬੇਹੱਦ ਖ਼ਰਾਬ ਸੀ। ਕਦੇ ਸਬਜ਼ੀ ਵੇਚੀ, ਕਦੇ ਸਵਾਰੀ ਢੋਈ। ਦਿਨ ਭਰ ਮਿਹਨਤ ਕਰਕੇ 200 ਤੋਂ 400 ਰੁਪਏ ਤੱਕ ਕਮਾਉਂਦੇ ਸਨ। ਉਸੇ ਨਾਲ ਪੂਰੇ ਪਰਿਵਾਰ ਦਾ ਖ਼ਰਚ ਚੱਲਦਾ ਸੀ।'
ਉਨ੍ਹਾਂ ਕਿਹਾ ਕਿ ਜਿੰਮ ’ਚ ਟ੍ਰੇਨਰ ਬਿਹਤਰ ਡਾਈਟ ਲੈਣ ਦੀ ਸਲਾਹ ਦਿੰਦੇ ਸਨ ਪਰ ਪਰਿਵਾਰ ਦੀ ਆਰਥਿਕ ਸਥਿਤੀ ਅਜਿਹੀ ਨਹੀਂ ਸੀ ਕਿ ਪੌਸ਼ਟਿਕ ਭੋਜਨ ਦਾ ਖ਼ਰਚਾ ਉਠਾ ਸਕਣ।
ਪਰਿਵਾਰ ਅਤੇ ਦੋਸਤਾਂ ਨੇ ਨਹੀਂ ਟੁੱਟਣ ਦਿੱਤਾ ਹੌਂਸਲਾ
ਝੰਡੂ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ, ਭਰਾ ਅਤੇ ਦੋਸਤਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਅਤੇ ਦੋਸਤਾਂ ਦਾ ਸਹਿਯੋਗ ਨਹੀਂ ਮਿਲਦਾ ਤਾਂ ਸ਼ਾਇਦ ਉਹ ਇੱਥੇ ਤੱਕ ਨਹੀਂ ਪਹੁੰਚ ਪਾਉਂਦੇ।
ਉਨ੍ਹਾਂ ਕਿਹਾ, 'ਆਰਥਿਕ ਸਹਿਯੋਗ ਸਭ ਤੋਂ ਵੱਡੀ ਲੋੜ ਹੁੰਦੀ ਹੈ। ਮਿਹਨਤ ਤਾਂ ਹਰ ਖਿਡਾਰੀ ਕਰਦਾ ਪਰ ਸਾਧਨਾਂ ਦੀ ਘਾਟ ਕਈ ਸੁਪਨਿਆਂ ਨੂੰ ਅਧੂਰਾ ਛੱਡ ਦਿੰਦੀ ਹੈ। ਮੇਰੇ ਪਰਿਵਾਰ ਅਤੇ ਦੋਸਤਾਂ ਨੇ ਹਰ ਕਦਮ 'ਤੇ ਮੇਰਾ ਸਾਥ ਦਿੱਤਾ।'
ਸਲਮਾਨ ਖ਼ਾਨ ਤੋਂ ਮਿਲੀ ਬੌਡੀਬਿਲਡਿੰਗ ਦੀ ਪ੍ਰੇਰਣਾ
ਝੰਡੂ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੌਡੀਬਿਲਡਿੰਗ ਦਾ ਸ਼ੌਕ ਅਭਿਨੇਤਾ ਸਲਮਾਨ ਖ਼ਾਨ ਦੀਆਂ ਫ਼ਿਲਮਾਂ ਨੂੰ ਦੇਖ ਕੇ ਲੱਗਿਆ। ਫ਼ਿਲਮਾਂ ’ਚ ਉਨ੍ਹਾਂ ਦੀ ਫਿਟਨੈੱਸ ਦੇਖ ਕੇ ਉਨ੍ਹਾਂ ਨੇ ਵੀ ਜਿਮ ਜਾਣ ਦਾ ਫ਼ੈਸਲਾ ਕੀਤਾ।
ਉਨ੍ਹਾਂ ਕਿਹਾ, 'ਪਹਿਲਾਂ ਝਿਜਕ ਹੁੰਦੀ ਸੀ ਕਿ ਦਿਵਿਆਂਗ ਹੋ ਕੇ ਜਿਮ ਕਿਵੇਂ ਜਾਈਏ। ਬਾਅਦ ਵਿੱਚ ਇੱਕ ਦੋਸਤ ਦੇ ਨਾਲ ਜਾਣਾ ਸ਼ੁਰੂ ਕੀਤਾ। ਹੌਲੀ-ਹੌਲੀ ਬਾਈਸੈਪਸ ਅਤੇ ਟ੍ਰਾਈਸੈਪਸ ਬਣਾਉਣ ਦਾ ਸ਼ੌਕ ਵਧਿਆ ਅਤੇ ਫਿਟਨੈੱਸ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਈ।'
2018 ਵਿੱਚ ਬਦਲੀ ਜ਼ਿੰਦਗੀ ਦੀ ਦਿਸ਼ਾ
ਝੰਡੂ ਕੁਮਾਰ ਨੇ ਦੱਸਿਆ ਕਿ ਸਾਲ 2018 ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ਪੈਰਾ ਖੇਡਾਂ ਬਾਰੇ ਜਾਣਕਾਰੀ ਮਿਲੀ। ਸ਼ੁਰੂਆਤ ਵਿੱਚ ਉਨ੍ਹਾਂ ਨੇ ਸ਼ਾਟਪੁੱਟ ਅਤੇ ਡਿਸਕਸ ਥਰੋਅ ਵਿੱਚ ਹੱਥ ਅਜ਼ਮਾਇਆ ਪਰ ਬਾਅਦ ਵਿੱਚ ਪੈਰਾ ਪਾਵਰਲਿਫਟਿੰਗ ਨੂੰ ਆਪਣੀ ਖੇਡ ਚੁਣਿਆ।
ਲਗਾਤਾਰ ਮਿਹਨਤ ਅਤੇ ਸੰਘਰਸ਼ ਦੇ ਦਮ 'ਤੇ ਉਨ੍ਹਾਂ ਨੇ ਰਾਸ਼ਟਰੀ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਮੰਚ ਤੱਕ ਆਪਣੀ ਪਛਾਣ ਬਣਾਈ ਅਤੇ ਹੁਣ ਕਾਮਨਵੈਲਥ ਗੇਮਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਬਿਹਾਰ ਦਾ ਮਾਣ ਵਧਾਇਆ।
ਝੰਡੂ ਕੁਮਾਰ ਦੀ ਕਹਾਣੀ ਇਸ ਗੱਲ ਦਾ ਪ੍ਰਮਾਣ ਹੈ ਕਿ ਸੀਮਤ ਸਾਧਨ, ਆਰਥਿਕ ਤੰਗੀ ਅਤੇ ਸਮਾਜਿਕ ਤਾਹਨੇ ਵੀ ਉਸ ਵਿਅਕਤੀ ਦਾ ਰਸਤਾ ਨਹੀਂ ਰੋਕ ਸਕਦੇ, ਜਿਸ ਦੇ ਅੰਦਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਜਨੂੰਨ ਹੋਵੇ।
ਅੱਜ ਉਨ੍ਹਾਂ ਦੀ ਸਫ਼ਲਤਾ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਲਈ ਪ੍ਰੇਰਣਾ ਹੈ, ਜੋ ਹਾਲਾਤਾਂ ਨੂੰ ਆਪਣੀ ਕਮਜ਼ੋਰੀ ਮੰਨ ਬੈਠਦੇ ਹਨ।