ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਸਮਰਪਿਤ ਮੁਹਾਲੀ ਦਾ ਹਾਕੀ ਸਟੇਡੀਅਮ, ਪੰਜਾਬ 'ਚ ਹਾਕੀ ਦੇ ਸੁਨਹਿਰੀ ਭਵਿੱਖ ਦੀ ਨੀਂਹ
ਬਲਬੀਰ ਸਿੰਘ ਸੀਨੀਅਰ ਦਾ ਨਾਂ ਭਾਰਤੀ ਹਾਕੀ ’ਚ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਉਨ੍ਹਾਂ ਨੇ 1948 (ਲੰਡਨ), 1952 (ਹੈਲਸਿੰਕੀ) ਤੇ 1956 (ਮੈਲਬੌਰਨ) ਦੇ ਓਲੰਪਿਕ ਖੇਡਾਂ ’ਚ ਭਾਰਤ ਨੂੰ ਸੋਨ ਤਮਗ਼ੇ ਜਿਤਾਉਣ ’ਚ ਮੁੱਖ ਭੂਮਿਕਾ ਨਿਭਾਈ ਸੀ। ਹੈਲਸਿੰਕੀ ਓਲੰਪਿਕ ਦੇ ਫਾਈਨਲ ’ਚ ਨੀਦਰਲੈਂਡ ਵਿਰੁੱਧ ਉਨ੍ਹਾਂ ਵੱਲੋਂ ਕੀਤੇ ਗਏ
Publish Date: Sat, 24 Oct 2026 11:23 AM (IST)
Updated Date: Sat, 24 Oct 2026 11:29 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੀ ਧਰਤੀ ਦਾ ਹਾਕੀ ਖੇਡ ਨਾਲ ਅਟੁੱਟ ਤੇ ਇਤਿਹਾਸਕ ਰਿਸ਼ਤਾ ਰਿਹਾ ਹੈ। ਇਸ ਖੇਡ ਨੂੰ ਸਿਖ਼ਰਾਂ ’ਤੇ ਪਹੁੰਚਾਉਣ ’ਚ ਪੰਜਾਬੀ ਖਿਡਾਰੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਇਸੇ ਵਿਰਸੇ ਨੂੰ ਸੰਭਾਲਦਿਆਂ ਤੇ ਭਾਰਤੀ ਹਾਕੀ ਦੇ ਮਹਾਨ ਨਾਇਕਾਂ ਨੂੰ ਸਨਮਾਨਿਤ ਕਰਨ ਲਈ ਮੁਹਾਲੀ ਸਥਿਤ ਕੌਮਾਂਤਰੀ ਹਾਕੀ ਸਟੇਡੀਅਮ ਨੂੰ ਵਿਸ਼ੇਸ਼ ਪਛਾਣ ਦਿੱਤੀ ਗਈ ਹੈ। ਮੁਹਾਲੀ ਦੇ ਫੇਜ਼-9 ਵਿਖੇ ਵਿਸ਼ਵ ਪ੍ਰਸਿੱਧ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਸਟੇਡੀਅਮ ਦੇ ਬਿਲਕੁਲ ਸਾਹਮਣੇ ਸਥਿਤ ਇਹ ਸ਼ਾਨਦਾਰ ਸਟੇਡੀਅਮ ਪੰਜਾਬ ’ਚ ਹਾਕੀ ਦੇ ਬੁਨਿਆਦੀ ਢਾਂਚੇ ਦਾ ਪ੍ਰਮੁੱਖ ਕੇਂਦਰ ਹੈ।
ਲਗਪਗ 14000 ਦਰਸ਼ਕ ਬੈਠਣ ਦੀ ਉਮੀਦ ਹਾਕੀ ਸਟੇਡੀਅਮ ਦਾ ਉਦਘਾਟਨ 27 ਸਤੰਬਰ 2013 ਨੂੰ ਕੀਤਾ ਗਿਆ ਸੀ। ਇੱਥੇ ਲਗਪਗ 13,500 ਤੋਂ 14000 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਹੁਣ ਤੱਕ ਇਸ ਸਟੇਡੀਅਮ ’ਚ ਕਈ ਮੈਚ ਹੋ ਚੁੱਕੇ ਹਨ। ਭਾਰਤ ਦੇ ਤਿੰਨ ਵਾਰ ਦੇ ਓਲੰਪਿਕ ਸੋਨ ਤਮਗ਼ਾ ਜੇਤੂ ਬਲਬੀਰ ਸਿੰਘ ਸੀਨੀਅਰ ਦੇ ਲਾਸਾਨੀ ਯੋਗਦਾਨ ਨੂੰ ਸਤਿਕਾਰ ਦਿੰਦਿਆਂ 25 ਮਈ 2021 ਨੂੰ ਇਸ ਦਾ ਨਾਂ ਬਦਲ ਕੇ ‘ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ’ ਰੱਖਿਆ ਗਿਆ। ਖਿਡਾਰੀਆਂ ਦੀ ਬਿਹਤਰ ਕਾਰਗੁਜ਼ਾਰੀ ਤੇ ਅੰਤਰਰਾਸ਼ਟਰੀ ਮਿਆਰਾਂ ਨੂੰ ਧਿਆਨ ’ਚ ਰੱਖਦਿਆਂ ਇੱਥੇ ਵਿਸ਼ੇਸ਼ ਗੁਲਾਬੀ-ਨੀਲੀ ਪਿੱਚ ਪ੍ਰਮਾਣਿਤ ਐਸਟ੍ਰੋਟਰਫ਼ ਲਗਾਈ ਗਈ ਹੈ।
ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਬਲਬੀਰ ਸਿੰਘ ਸੀਨੀਅਰ ਬਲਬੀਰ ਸਿੰਘ ਸੀਨੀਅਰ ਦਾ ਨਾਂ ਭਾਰਤੀ ਹਾਕੀ ’ਚ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਉਨ੍ਹਾਂ ਨੇ 1948 (ਲੰਡਨ), 1952 (ਹੈਲਸਿੰਕੀ) ਤੇ 1956 (ਮੈਲਬੌਰਨ) ਦੇ ਓਲੰਪਿਕ ਖੇਡਾਂ ’ਚ ਭਾਰਤ ਨੂੰ ਸੋਨ ਤਮਗ਼ੇ ਜਿਤਾਉਣ ’ਚ ਮੁੱਖ ਭੂਮਿਕਾ ਨਿਭਾਈ ਸੀ। ਹੈਲਸਿੰਕੀ ਓਲੰਪਿਕ ਦੇ ਫਾਈਨਲ ’ਚ ਨੀਦਰਲੈਂਡ ਵਿਰੁੱਧ ਉਨ੍ਹਾਂ ਵੱਲੋਂ ਕੀਤੇ ਗਏ 5 ਗੋਲਾਂ ਦਾ ਰਿਕਾਰਡ ਅੱਜ ਵੀ ਅਟੁੱਟ ਹੈ। ਉਨ੍ਹਾਂ ਦੇ ਨਾਂ ਉੱਤੇ ਬਣਿਆ ਇਹ ਸਟੇਡੀਅਮ ਪੰਜਾਬ ਦੇ ਨੌਜਵਾਨਾਂ ਨੂੰ ਹਾਕੀ ਵੱਲ ਪ੍ਰੇਰਿਤ ਕਰਨ ਦਾ ਮੁੱਖ ਸਰੋਤ ਹੈ। ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਸਟੇਡੀਅਮ ਨੇ ਕਈ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਤੇ ਅਭਿਆਸ ਕੈਂਪਾਂ ਦੀ ਮੇਜ਼ਬਾਨੀ ਕੀਤੀ ਹੈ। ਪੰਜਾਬ ਸਰਕਾਰ ਤੇ ਹਾਕੀ ਇੰਡੀਆ ਦੇ ਯਤਨਾਂ ਸਦਕਾ ਇਸ ਮੈਦਾਨ ਨੂੰ ਕੌਮਾਂਤਰੀ ਮੈਚਾਂ ਲਈ ਤਿਆਰ ਕੀਤਾ ਗਿਆ ਹੈ।
ਸਮਾਪਤੀ ਸਮਾਰੋਹ ਦਾ ਬਣੇਗਾ ਗਵਾਹ ਇਹ ਸਟੇਡੀਅਮ ਪੁਰਸ਼ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026 (ਜੋ 27 ਅਕਤੂਬਰ ਤੋਂ 5 ਨਵੰਬਰ 2026 ਦੌਰਾਨ ਹੋ ਰਹੀ ਹੈ) ਦੀ ਸਹਿ-ਮੇਜ਼ਬਾਨੀ ਕਰ ਰਿਹਾ ਹੈ। ਜਿੱਥੇ ਲੀਗ ਮੈਚ ਜਲੰਧਰ ’ਚ ਖੇਡੇ ਜਾਣਗੇ, ਉੱਥੇ ਹੀ ਮੁਹਾਲੀ ਦਾ ਇਹ ਸਟੇਡੀਅਮ ਰੋਮਾਂਚਕ ਸੈਮੀਫਾਈਨਲ, ਤਮਗ਼ਾ ਮੈਚਾਂ ਤੇ ਸ਼ਾਨਦਾਰ ਸਮਾਪਤੀ ਸਮਾਰੋਹ ਦਾ ਗਵਾਹ ਬਣੇਗਾ। ਇਸ ਟੂਰਨਾਮੈਂਟ ਨੂੰ ਲੈ ਕੇ ਤਾਜ਼ਾ ਘਟਨਾਕ੍ਰਮ ’ਚ ਪਾਕਿਸਤਾਨੀ ਟੀਮ ਦੇ ਹਿੱਸਾ ਨਾ ਲੈਣ ਦੇ ਫ਼ੈਸਲੇ ਤੋਂ ਬਾਅਦ ਹੁਣ ਬੰਗਲਾਦੇਸ਼ ਦੀ ਟੀਮ ਮੈਦਾਨ ’ਚ ਉਤਰੇਗੀ। ਖੇਡ ਪ੍ਰੇਮੀਆਂ ਲਈ ਖਾਸ ਖ਼ਬਰ ਇਹ ਹੈ ਕਿ ਮੈਚਾਂ ਦਾ ਆਨੰਦ ਮਾਣਨ ਲਈ ਦਰਸ਼ਕਾਂ ਨੂੰ ਸਟੇਡੀਅਮ ’ਚ ਮੁਫ਼ਤ ਪ੍ਰਵੇਸ਼ ਦਿੱਤਾ ਜਾਵੇਗਾ।
ਭਵਿੱਖ ਦੇ ਚੈਂਪੀਅਨਾਂ ਦੀ ਪੌੜੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਮੁਹਾਲੀ ਸਿਰਫ਼ ਇੱਟਾਂ-ਕੰਕਰੀਟ ਦਾ ਬਣਿਆ ਢਾਂਚਾ ਨਹੀਂ ਹੈ ਸਗੋਂ ਇਹ ਪੰਜਾਬ ਦੇ ਅਮੀਰ ਖੇਡ ਇਤਿਹਾਸ ਤੇ ਆਉਣ ਵਾਲੇ ਭਵਿੱਖ ਦੇ ਚੈਂਪੀਅਨਾਂ ਦੀ ਪੌੜੀ ਹੈ। ਆਉਣ ਵਾਲੇ ਕੌਮਾਂਤਰੀ ਟੂਰਨਾਮੈਂਟ ਇਸ ਸਟੇਡੀਅਮ ਨੂੰ ਵਿਸ਼ਵ ਹਾਕੀ ਦੇ ਨਕਸ਼ੇ ’ਤੇ ਹੋਰ ਵੀ ਪ੍ਰਮੁੱਖਤਾ ਨਾਲ ਉਭਾਰਨਗੇ। ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਪ੍ਰਧਾਨ ਜਸਬੀਰ ਸਿੰਘ ਮੁਹਾਲੀ ਦੀ ਅਗਵਾਈ ਹੇਠ ਇਸ ਸਟੇਡੀਅਮ ’ਚ ਹੁਣ ਤੱਕ ਪੰਜ ਕੇਸਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਕਰਵਾਏ ਜਾ ਚੁੱਕੇ ਹਨ ਤੇ ਛੇਵਾਂ ਕੇਸਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਇਸੇ ਸਾਲ 15 ਦਸੰਬਰ ਤੋਂ 19 ਦਸੰਬਰ ਤੱਕ ਕਰਵਾਇਆ ਜਾਵੇਗਾ।