ਏਸ਼ੀਆਈ ਖੇਡਾਂ 'ਚ ਤਮਗੇ 'ਤੇ ਮੀਰਾਬਾਈ ਚਾਨੂ ਦੀ ਨਜ਼ਰ, ਕਿਹਾ- "ਦੇਸ਼ ਦੀਆਂ ਉਮੀਦਾਂ ਤੇ ਦੁਆਵਾਂ ਮੇਰੀ ਸਭ ਤੋਂ ਵੱਡੀ ਢਾਲ"
ਮੇਰੀਆਂ ਤਿਆਰੀਆਂ ਸਹੀ ਦਿਸ਼ਾ ’ਚ ਚੱਲ ਰਹੀਆਂ ਹਨ। ਫਿਲਹਾਲ ਮੇਰਾ ਪੂਰਾ ਧਿਆਨ ਰੋਜ਼ਾਨਾ ਟ੍ਰੇਨਿੰਗ ’ਤੇ ਹੈ ਤੇ ਮੈਂ ਆਪਣੇ ਪੱਖ ਤੋਂ 100 ਫੀਸਦੀ ਕੰਮ ਕਰ ਰਹੀ ਹਾਂ। ਮੈਂ ਪੂਰੀ ਤਰ੍ਹਾਂ ਨਾਲ ਸੱਟ ਤੋਂ ਮੁਕਤ ਤੇ ਫਿੱਟ ਹਾਂ। ਇਸ ਲਈ ਮੈਂ ਸਿਰਫ ਆਪਣੀਆਂ ਲਿਫਟਾਂ ਨੂੰ ਸੁਧਾਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹਾਂ। ਮੈਨੂੰ ਉਮੀਦ ਹੈ ਕਿ ਇਸ ਤਿਆਰੀ ਨਾਲ ਮੈਂ ਆਪਣੇ ਦੇਸ਼ ਲਈ ਚੰਗਾ ਕਰ ਸਕਾਂਗੀ।
Publish Date: Sat, 29 Aug 2026 11:11 AM (IST)
Updated Date: Sat, 29 Aug 2026 11:22 AM (IST)
ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗੇ ਦੀ ਹੈਟ੍ਰਿਕ ਜਿੱਤਣ ਵਾਲੀ ਭਾਰਤੀ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੇ 19 ਸਤੰਬਰ ਤੋਂ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਕਮਰ ਕੱਸ ਲਈ ਹੈ। ਉਲੰਪਿਕ ਤੇ ਰਾਸ਼ਟਰਮੰਡਲ ਖੇਡਾਂ ’ਚ ਤਮਗੇ ਜਿੱਤਣ ਵਾਲੀ ਚਾਨੂ ਦੀ ਨਜ਼ਰ ਏਸ਼ੀਆਈ ਖੇਡਾਂ ’ਚ ਤਮਗੇ ’ਤੇ ਹੈ। 2022 ’ਚ ਤਮਗੇ ਤੋਂ ਖੁੰਝ ਜਾਣ ਤੋਂ ਬਾਅਦ ਉਹ ਇਸ ਵਾਰ ਆਪਣੀ ਤਿਆਰੀ 'ਚ ਕੋਈ ਕਸਰ ਨਹੀਂ ਛੱਡ ਰਹੀ। ਸ਼ੇਖਰ ਝਾਅ ਨੇ ਮੀਰਾਬਾਈ ਚਾਨੂ ਨਾਲ ਖਾਸ ਗੱਲਬਾਤ ਕੀਤੀ।
ਸਵਾਲ: ਏਸ਼ੀਅਨ ਖੇਡਾਂ ਲਈ ਤਿਆਰੀਆਂ ਇਸ ਸਮੇਂ ਕਿਸ ਪੜਾਅ ’ਤੇ ਹਨ ਤੇ ਤੁਸੀਂ ਆਪਣੀ ਟ੍ਰੇਨਿੰਗ ’ਚ ਕਿਹੜੇ ਪਹਿਲੂਆਂ ’ਤੇ ਸਭ ਤੋਂ ਵੱਧ ਧਿਆਨ ਦੇ ਰਹੇ ਹੋ?
ਮੇਰੀਆਂ ਤਿਆਰੀਆਂ ਸਹੀ ਦਿਸ਼ਾ ’ਚ ਚੱਲ ਰਹੀਆਂ ਹਨ। ਫਿਲਹਾਲ ਮੇਰਾ ਪੂਰਾ ਧਿਆਨ ਰੋਜ਼ਾਨਾ ਟ੍ਰੇਨਿੰਗ ’ਤੇ ਹੈ ਤੇ ਮੈਂ ਆਪਣੇ ਪੱਖ ਤੋਂ 100 ਫੀਸਦੀ ਕੰਮ ਕਰ ਰਹੀ ਹਾਂ। ਮੈਂ ਪੂਰੀ ਤਰ੍ਹਾਂ ਨਾਲ ਸੱਟ ਤੋਂ ਮੁਕਤ ਤੇ ਫਿੱਟ ਹਾਂ। ਇਸ ਲਈ ਮੈਂ ਸਿਰਫ ਆਪਣੀਆਂ ਲਿਫਟਾਂ ਨੂੰ ਸੁਧਾਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹਾਂ। ਮੈਨੂੰ ਉਮੀਦ ਹੈ ਕਿ ਇਸ ਤਿਆਰੀ ਨਾਲ ਮੈਂ ਆਪਣੇ ਦੇਸ਼ ਲਈ ਚੰਗਾ ਕਰ ਸਕਾਂਗੀ।
ਸਵਾਲ: 2026 ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ਤੁਹਾਡਾ ਆਤਮ-ਵਿਸ਼ਵਾਸ ਕਿੰਨਾ ਵਧਿਆ ਹੈ? ਕੀ ਏਸ਼ੀਅਨ ਖੇਡਾਂ ’ਚ ਵੀ ਉਸ ਪ੍ਰਦਰਸ਼ਨ ਨੂੰ ਦੁਹਰਾਉਣ ਦੀ ਉਮੀਦ ਹੈ?
ਰਾਸ਼ਟਰਮੰਡਲ ਖੇਡਾਂ ਦਾ ਉਹ ਪਲ ਮੇਰੇ ਲਈ ਬਹੁਤ ਖਾਸ ਸੀ। ਦੇਸ਼ ਦੇ ਤਿਰੰਗੇ ਨੂੰ ਹਮੇਸ਼ਾ ਚੜ੍ਹਦਾ ਦੇਖ ਕੇ ਇਕ ਵੱਖਰਾ ਹੀ ਮਾਣ ਤੇ ਆਤਮ-ਵਿਸ਼ਵਾਸ ਮਿਲਦਾ ਹੈ। ਏਸ਼ੀਆਈ ਖੇਡਾਂ ਲਈ ਵੀ ਮੇਰਾ ਆਤਮ-ਵਿਸ਼ਵਾਸ ਮਜ਼ਬੂਤ ਹੈ। ਮੈਂ ਆਪਣੀਆਂ ਤਿਆਰੀਆਂ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹਾਂ ਤੇ ਦੇਸ਼ ਲਈ ਮੰਚ ’ਤੇ ਆਪਣਾ 100 ਫੀਸਦੀ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ।
ਸਵਾਲ: ਤੁਸੀਂ 2022 ਦੀਆਂ ਏਸ਼ੀਆਈ ਖੇਡਾਂ ’ਚ ਤਮਗਾ ਗੁਆ ਦਿੱਤਾ ਸੀ। ਉਸ ਤਜਰਬੇ ਨੇ ਤੁਹਾਨੂੰ ਕੀ ਸਿਖਾਇਆ ਤੇ ਤੁਸੀਂ ਇਸ ਵਾਰ ਇਸ ਵਿਚ ਕੀ ਤਬਦੀਲੀਆਂ ਕਰਨਾ ਚਾਹੁੰਦੇ ਹੋ?
ਹਰ ਮੁਕਾਬਲਾ ਸਾਨੂੰ ਕੁਝ ਨਾ ਕੁਝ ਸਿਖਾਉਂਦਾ ਹੈ। ਪਿਛਲਾ ਤਜਰਬਾ ਭਾਵੇਂ ਜੋ ਵੀ ਰਿਹਾ ਹੋਵੇ, ਬੀਤ ਚੁੱਕਾ ਹੈ। ਅੱਜ ਮੈਂ ਪੂਰੀ ਤਰ੍ਹਾਂ ਨਾਲ ਸੱਟ ਤੋਂ ਮੁਕਤ ਹਾਂ, ਬਹੁਤ ਵਧੀਆ ਮਹਿਸੂਸ ਕਰ ਰਹੀ ਹਾਂ ਤੇ ਸਿਰਫ਼ ਵਰਤਮਾਨ ’ਤੇ ਧਿਆਨ ਕੇਂਦਰਿਤ ਕਰ ਰਹੀ ਹਾਂ। ਮੇਰਾ ਇੱਕੋ ਇੱਕ ਮਕਸਦ ਹੈ ਕਿ ਇਸ ਵਾਰ ਵੀ ਮੈਂ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕਾਂ ਤੇ ਆਪਣੀ ਪੂਰੀ ਤਾਕਤ ਨਾਲ ਦੇਸ਼ ਲਈ ਆਪਣਾ ਫਰਜ਼ ਨਿਭਾਅ ਸਕਾਂ।
ਸਵਾਲ: ਕੀ ਪਿਛਲੀ ਵਾਰ ਏਸ਼ੀਆਈ ਖੇਡਾਂ ’ਚ ਤਮਗਾ ਗੁਆਉਣ ਦੀ ਯਾਦ ਇਸ ਵਾਰ ਦਬਾਅ ਵਧਾਏਗੀ ਜਾਂ ਤੁਹਾਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗੀ?
ਮੈਂ ਦਬਾਅ ਬਾਰੇ ਬਿਲਕੁਲ ਨਹੀਂ ਸੋਚਦੀ। ਮੈਂ ਸਿਰਫ਼ ਸਾਕਾਰਾਤਮਕ ਚੀਜ਼ਾਂ ’ਤੇ ਧਿਆਨ ਦਿੰਦੀ ਹਾਂ। ਜਦੋਂ ਵੀ ਮੈਂ ਦੇਸ਼ ਦੇ ਲੋਕਾਂ ਦਾ ਪਿਆਰ ਤੇ ਸਮਰਥਨ ਦੇਖਦੀ ਹਾਂ, ਮੈਨੂੰ ਬਿਹਤਰ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਮੈਂ ਕਿਸੇ ਵੀ ਪੁਰਾਣੇ ਮੁੱਦੇ ਦਾ ਦਬਾਅ ਲਏ ਬਿਨਾਂ ਸ਼ਾਂਤ ਮਨ ਨਾਲ ਤਿਆਰੀ ਕਰ ਰਹੀ ਹਾਂ।
ਸਵਾਲ: ਤੁਹਾਡੇ ਕਰੀਅਰ ’ਚ ਉਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਸਮੇਤ ਕਈ ਵੱਡੀਆਂ ਪ੍ਰਾਪਤੀਆਂ ਹਨ। ਏਸ਼ੀਅਨ ਖੇਡਾਂ ਦਾ ਤਮਗਾ ਤੁਹਾਡੇ ਲਈ ਅਜੇ ਵੀ ਕਿੰਨਾ ਖਾਸ ਹੈ?
ਹਰ ਪੜਾਅ ਜਿੱਥੇ ਮੈਨੂੰ ਭਾਰਤੀ ਜਰਸੀ ਪਹਿਨਣ ਦਾ ਮੌਕਾ ਮਿਲਦਾ ਹੈ, ਉਹ ਮੇਰੇ ਲਈ ਬਹੁਤ ਖਾਸ ਹੁੰਦਾ ਹੈ। ਉਲੰਪਿਕ ਹੋਵੇ ਜਾਂ ਏਸ਼ੀਆਈ ਖੇਡਾਂ, ਦੇਸ਼ ਦੀ ਪ੍ਰਤੀਨਿਧਤਾ ਕਰਨਾ ਹਮੇਸ਼ਾ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਮੇਰੀ ਇੱਕੋ ਇੱਕ ਇੱਛਾ ਤੇ ਉਮੀਦ ਹੈ ਕਿ ਮੈਂ ਹਰ ਵੱਡੇ ਪਲੇਟਫਾਰਮ ’ਤੇ ਆਪਣੇ ਦੇਸ਼ ਦਾ ਭਲਾ ਕਰ ਸਕਾਂ।
ਸਵਾਲ: ਉਮਰ ਤੇ ਲੰਬੇ ਕਰੀਅਰ ਦੇ ਇਸ ਪੜਾਅ ’ਤੇ ਟ੍ਰੇਨਿੰਗ ਦੇ ਤਰੀਕੇ ’ਚ ਕੀ ਬਦਲਾਅ ਆਇਆ ਹੈ? ਰਿਕਵਰੀ ਤੇ ਫਿਟਨੈੱਸ ਲਈ ਕਿਸੇ ਨੂੰ ਕਿੰਨਾ ਧਿਆਨ ਦੇਣਾ ਪੈਂਦਾ ਹੈ?
ਮੇਰੀ ਫਿਟਨੈੱਸ ਬਹੁਤ ਚੰਗੀ ਹੈ ਤੇ ਰੱਬ ਦੀ ਕਿਰਪਾ ਨਾਲ ਮੈਂ ਪੂਰੀ ਤਰ੍ਹਾਂ ਨਾਲ ਸੱਟ ਤੋਂ ਮੁਕਤ ਹਾਂ ਤੇ ਆਪਣੀ ਨਿਯਮਤ ਕਸਰਤ ਕਰ ਰਹੀ ਹਾਂ। ਸਾਡੇ ਕੋਚਾਂ ਤੇ ਸਹਿਯੋਗੀ ਸਟਾਫ ਵੱਲੋਂ ਕੀਤੀ ਗਈ ਮੇਰੀ ਤਿਆਰੀ ਦਾ ਸਮਾਂ ਬਹੁਤ ਵਧੀਆ ਹੈ। ਮੈਂ ਸਿਰਫ਼ ਆਪਣੀ ਰੋਜ਼ਾਨਾ ਦੀ ਰੁਟੀਨ ਤੇ ਸਿਖਲਾਈ ’ਤੇ ਧਿਆਨ ਦੇ ਰਹੀ ਹਾਂ ਤਾਂ ਜੋ ਮੈਂ ਦੇਸ਼ ਲਈ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਸਕਾਂ।
ਸਵਾਲ: ਮੁਕਾਬਲੇ ਦੌਰਾਨ ਮਾਨਸਿਕ ਦਬਾਅ ਨੂੰ ਸੰਭਾਲਣ ਲਈ ਤੁਹਾਡੀ ਤਿਆਰੀ ਕਿਵੇਂ ਹੁੰਦੀ ਹੈ? ਖਾਸ ਕਰ ਕੇ ਜਦੋਂ ਪੂਰੇ ਦੇਸ਼ ਦੀਆਂ ਉਮੀਦਾਂ ਤੁਹਾਡੇ ਨਾਲ ਜੁੜੀਆਂ ਹੋਈਆਂ ਹਨ?
ਪੂਰੇ ਦੇਸ਼ ਦੀਆਂ ਉਮੀਦਾਂ ਤੇ ਕਰੋੜਾਂ ਲੋਕਾਂ ਦੀਆਂ ਦੁਆਵਾਂ ਮੇਰੇ ਲਈ ਕੋਈ ਦਬਾਅ ਨਹੀਂ ਹਨ ਸਗੋਂ ਮੇਰੀ ਸਭ ਤੋਂ ਵੱਡੀ ਸੁਰੱਖਿਆ ਢਾਲ ਹਨ। ਜਦੋਂ ਮੈਂ ਮੰਚ ’ਤੇ ਜਾਂਦੀ ਹਾਂ ਤਾਂ ਮੈਂ ਸਿਰਫ ਇਹੀ ਸੋਚਦੀ ਹਾਂ ਕਿ ਮੈਨੂੰ ਆਪਣੇ ਦੇਸ਼ ਲਈ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਹੋਵੇਗਾ। ਸਾਕਾਰਾਤਮਕ ਸੋਚ ਤੇ ਰੱਬ ਵਿੱਚ ਵਿਸ਼ਵਾਸ ਮੈਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਰੱਖਦਾ ਹੈ। ਮੈਂ ਆਪਣਾ 100 ਪ੍ਰਤੀਸ਼ਤ ਦੇਣ ਦੇ ਇਰਾਦੇ ਨਾਲ ਅੱਗੇ ਵਧਦੀ ਹਾਂ।
ਸਵਾਲ: ਏਸ਼ੀਅਨ ਖੇਡਾਂ ’ਚ ਤਮਗਾ ਜਿੱਤਣ ਲਈ ਤੁਹਾਡੇ ਖ਼ਿਆਲ ’ਚ ਸਭ ਤੋਂ ਜ਼ਰੂਰੀ ਚੀਜ਼ ਕੀ ਹੋਵੇਗੀ, ਤਕਨੀਕ, ਫਿਟਨੈੱਸ, ਮਾਨਸਿਕ ਤਾਕਤ ਜਾਂ ਸਹੀ ਰਣਨੀਤੀ?
ਮੇਰੇ ਮੁਤਾਬਕ ਖੇਡਾਂ 'ਚ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹਨ ਪਰ ਸਭ ਤੋਂ ਜ਼ਰੂਰੀ ਹੈ ਦੇਸ਼ ਲਈ ਕੁਝ ਕਰਨ ਦਾ ਜਨੂੰਨ। ਫਿਲਹਾਲ ਮੈਂ ਸਰੀਰਕ ਤੇ ਮਾਨਸਿਕ ਤੌਰ ’ਤੇ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ ਤੇ ਸੱਟ ਤੋਂ ਮੁਕਤ ਹਾਂ। ਮੇਰਾ ਮੰਨਣਾ ਹੈ ਕਿ ਜੇਕਰ ਸਾਡੀ ਤਿਆਰੀ ਸਹੀ ਹੈ ਤੇ ਅਸੀਂ ਆਪਣਾ 100 ਪ੍ਰਤੀਸ਼ਤ ਦਿੰਦੇ ਹਾਂ ਤਾਂ ਬਾਕੀ ਸਭ ਕੁਝ ਆਪਣੇ-ਆਪ ਠੀਕ ਹੋ ਜਾਵੇਗਾ। ਮੈਨੂੰ ਉਮੀਦ ਹੈ ਕਿ ਮੈਂ ਦੇਸ਼ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਸਕਾਂਗੀ।