ਚੈਂਪੀਅਨਜ਼ ਲੀਗ 'ਚ ਮਾਨਚੈਸਟਰ ਯੂਨਾਈਟਿਡ ਦੀ ਧਮਾਕੇਦਾਰ ਵਾਪਸੀ, ਸਬਾ ਨੂੰ 4-0 ਨਾਲ ਦਿੱਤੀ ਮਾਤ
ਤਿੰਨ ਸਾਲ ਬਾਅਦ ਚੈਂਪੀਅਨਜ਼ ਲੀਗ ’ਚ ਵਾਪਸੀ ਕਰਨ ਵਾਲੇ ਮਾਨਚੈਸਟਰ ਯੂਨਾਈਟਿਡ ਨੇ ਇਸੇ ਸਾਲ ਪਹਿਲੀ ਵਾਰ ਚੈਂਪੀਅਨਜ਼ ਲੀਗ ’ਚ ਉਤਰੇ ਅਜ਼ਰਬਾਇਜਾਨ ਦੇ ਕਲੱਬ ਸਬਾ ਨੂੰ ਆਪਣੇ ਪਹਿਲੇ ਲੀਗ ਮੈਚ ’ਚ 4-0 ਨਾਲ ਹਰਾ ਦਿੱਤਾ।
Publish Date: Sat, 12 Sep 2026 11:22 AM (IST)
Updated Date: Sat, 12 Sep 2026 11:29 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਤਿੰਨ ਸਾਲ ਬਾਅਦ ਚੈਂਪੀਅਨਜ਼ ਲੀਗ ’ਚ ਵਾਪਸੀ ਕਰਨ ਵਾਲੇ ਮਾਨਚੈਸਟਰ ਯੂਨਾਈਟਿਡ ਨੇ ਇਸੇ ਸਾਲ ਪਹਿਲੀ ਵਾਰ ਚੈਂਪੀਅਨਜ਼ ਲੀਗ ’ਚ ਉਤਰੇ ਅਜ਼ਰਬਾਇਜਾਨ ਦੇ ਕਲੱਬ ਸਬਾ ਨੂੰ ਆਪਣੇ ਪਹਿਲੇ ਲੀਗ ਮੈਚ ’ਚ 4-0 ਨਾਲ ਹਰਾ ਦਿੱਤਾ। ਹੋਰਨਾਂ ਮੈਚਾਂ ’ਚ ਜਰਮਨੀ ਦੇ ਕਲੱਬ ਬਾਇਰਨ ਮਿਊਨਿਖ ਨੇ ਨਾਰਵੇ ਦੇ ਕਲੱਬ ਬੋਡੋ ਨੂੰ 5-0 ਨਾਲ ਦਰੜਿਆ, ਜਦਕਿ ਇਟਲੀ ਦੇ ਕੋਮੋ ਨੇ ਜਰਮਨੀ ਦੇ ਆਰਬੀ ਲਾਈਪਜ਼ਿਗ ਨੂੰ 4-1 ਨਾਲ ਹਰਾਇਆ। ਫਰਾਂਸ ਦੇ ਕਲੱਬ ਲੈਂਸ ਨੇ ਚੈੱਕ ਰਿਪਬਲਿਕ ਦੇ ਸਲਾਵੀਆ ਪ੍ਰਾਹਾ ਨੂੰ 3-2 ਨਾਲ ਹਰਾਇਆ, ਜਦਕਿ ਯੂਕਰੇਨ ਦੇ ਸ਼ਾਖਤਾਰ ਦੋਨੈਸਕ ਨੇ ਨੀਦਰਲੈਂਡ ਦੇ ਪੀਐੱਸਵੀ ਤੇ ਤੁਰਕੀਏ ਦੇ ਫੇਨਰਬਾਸ਼ੇ ਨੇ ਇਟਲੀ ਦੇ ਰੋਮਾ ਨੂੰ 1-1 ਦੀ ਬਰਾਬਰੀ ’ਤੇ ਰੋਕਿਆ।
ਲੰਬੀ ਉਡੀਕ ਤੋਂ ਬਾਅਦ ਯੂਰਪ ਦੀ ਸਭ ਤੋਂ ਵੱਡੀ ਕਲੱਬ ਮੁਕਾਬਲੇਬਾਜ਼ੀ ’ਚ ਪਰਤੇ ਯੂਨਾਈਟਿਡ ਲਈ ਵਿੰਗਰ ਮਤੇਊਸ ਕੁਨਿਆ, ਮਿਡਫੀਲਡਰ ਬਰੂਨੋ ਫਰਨਾਂਡੀਜ਼, ਸਟ੍ਰਾਈਕਰ ਬੇਨਿਆਮਿਨ ਸ਼ੈਸਕੋ ਤੇ ਡਿਫੈਂਡਰ ਲਿਸਾਂਦ੍ਰੋ ਮਾਰਟੀਨੋਜ਼ ਨੇ ਗੋਲ ਕੀਤੇ। ਦਸੰਬਰ 2023 ਤੋਂ ਬਾਅਦ ਪਹਿਲੀ ਵਾਰ ਚੈਂਪੀਅਨਜ਼ ਲੀਗ ਦਾ ਮੈਚ ਖੇਡ ਰਹੇ ਯੂਨਾਈਟਿਡ ਨੇ ਡੈਬਿਊ ਕਰ ਰਹੀ ਟੀਮ ਸਬਾ ਵਿਰੁੱਧ ਕਮਾਲ ਦੀ ਫੁੱਟਬਾਲ ਖੇਡੀ ਤੇ ਪੂਰੇ ਮੈਚ ’ਚ ਆਪਣਾ ਦਬਦਬਾ ਬਣਾਈ ਰੱਖਿਆ। ਇਕ ਹੋਰ ਮੈਚ ’ਚ ਪਿਛਲੇ ਸੀਜ਼ਨ ’ਚ ਕਮਾਲ ਕਰਨ ਵਾਲੀ ਬੋਡੋ ਲਈ ਪਹਿਲਾ ਮੈਚ ਡੇ ਭੁਲਾਉਣ ਲਾਇਕ ਰਿਹਾ, ਜਦੋਂ ਬਾਇਰਨ ਮਿਊਨਿਖ ਨੇ ਉਸ ਨੂੰ 5-0 ਨਾਲ ਦਰੜ ਦਿੱਤਾ। ਬਾਇਰਨ ਲਈ ਮਾਈਕਲ ਓਲੀਸੇ ਨੇ ਦੋ, ਹੈਰੀ ਕੇਨ, ਜਮਾਲ ਮੁਸਿਆਲਾ ਤੇ ਅਲਫੋਂਸੋ ਨੇ ਇਕ-ਇਕ ਗੋਲ ਕੀਤੇ। ਪਹਿਲੀ ਵਾਰ ਚੈਂਪੀਅਨਜ਼ ਲੀਗ ਮੈਚ ਖੇਡਣ ਉਤਰੇ ਕੋਮੋ ਲਈ ਮਾਰਟਿਨ ਬਟੁਰਿਨਾ, ਅਨਾਸਤਾਸੀਓਸ ਦੁਵੀਕਾਸ, ਅੱਸਾਨੇ ਡਿਆਓ ਤੇ ਮੈਕਸੀਮੋ ਪੇਰੋਨੇ ਨੇ ਗੋਲ ਕੀਤੇ। ਲਾਈਪਜ਼ਿਗ ਦਾ ਇਕਲੌਤਾ ਗੋਲ ਅੰਦ੍ਰੀਆ ਮੈਕਸੀਮੋਵਿਚ ਨੇ ਕੀਤਾ।