ਭਾਰਤੀ ਘੋੜਸਵਾਰ ਮਹਾਸੰਘ ਨੂੰ ਲੱਗਾ ਵੱਡਾ ਝਟਕਾ, ਅੰਤਰਰਾਸ਼ਟਰੀ ਮਹਾਸੰਘ ਨੇ 1 ਦਸੰਬਰ ਤੋਂ ਕੀਤਾ ਮੁਅੱਤਲ
ਈਐੱਫਆਈ ਐਡ-ਹਾਕ ਕਮੇਟੀ ਦੇ ਮੈਂਬਰਾਂ ਲੈਫਟੀਨੈਂਟ ਕਰਨਲ (ਸੇਵਾਮੁਕਤ) ਸੰਦੀਪ ਦੀਵਾਨ ਤੇ ਐਡਵੋਕੇਟ ਵਿਦੁਸ਼ਪਤ ਸਿੰਘਾਨੀਆ ਨੂੰ 15 ਅਕਤੂਬਰ ਨੂੰ ਲਿਖੇ ਪੱਤਰ ’ਚ ਐੱਫਈਆਈ ਨੇ ਕਿਹਾ ਕਿ ਉਸ ਦੇ ਬੋਰਡ ਨੇ 13 ਅਕਤੂਬਰ, 2026 ਨੂੰ ਇੱਕ ਆਨਲਾਈਨ ਮੀਟਿੰਗ ’ਚ ਇਹ ਫੈਸਲਾ ਲਿਆ ਸੀ
Publish Date: Sat, 17 Oct 2026 11:39 AM (IST)
Updated Date: Sat, 17 Oct 2026 11:46 AM (IST)
ਨਵੀਂ ਦਿੱਲੀ, ਪੀਟੀਆਈ : ਅੰਤਰਰਾਸ਼ਟਰੀ ਘੋੜਸਵਾਰ ਮਹਾਸੰਘ (ਐੱਫਈਆਈ) ਨੇ ਲੰਬੇ ਸਮੇਂ ਤੋਂ ਚੱਲ ਰਹੇ ਪ੍ਰਸ਼ਾਸਨਿਕ ਸੰਕਟ ਕਾਰਨ ਭਾਰਤੀ ਘੋੜਸਵਾਰ ਮਹਾਸੰਘ (ਈਐੱਫਆਈ) ਨੂੰ 1 ਦਸੰਬਰ 2026 ਤੋਂ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਮੁਅੱਤਲੀ ਦੇ ਸਮੇਂ ਦੌਰਾਨ ਭਾਰਤੀ ਘੋੜਸਵਾਰ, ਅਧਿਕਾਰੀ, ਟ੍ਰੇਨਰ ਤੇ ਘੋੜੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਹਿੱਸਾ ਨਹੀਂ ਲੈ ਸਕਣਗੇ।
ਈਐੱਫਆਈ ਐਡ-ਹਾਕ ਕਮੇਟੀ ਦੇ ਮੈਂਬਰਾਂ ਲੈਫਟੀਨੈਂਟ ਕਰਨਲ (ਸੇਵਾਮੁਕਤ) ਸੰਦੀਪ ਦੀਵਾਨ ਤੇ ਐਡਵੋਕੇਟ ਵਿਦੁਸ਼ਪਤ ਸਿੰਘਾਨੀਆ ਨੂੰ 15 ਅਕਤੂਬਰ ਨੂੰ ਲਿਖੇ ਪੱਤਰ ’ਚ ਐੱਫਈਆਈ ਨੇ ਕਿਹਾ ਕਿ ਉਸ ਦੇ ਬੋਰਡ ਨੇ 13 ਅਕਤੂਬਰ, 2026 ਨੂੰ ਇੱਕ ਆਨਲਾਈਨ ਮੀਟਿੰਗ ’ਚ ਇਹ ਫੈਸਲਾ ਲਿਆ ਸੀ। ਐੱਫਈਆਈ ਅਨੁਸਾਰ ਫਰਵਰੀ 2026 ’ਚ ਦਿੱਲੀ ਹਾਈ ਕੋਰਟ ਨੇ ਈਐੱਫਆਈਆਈਕਿਊਟ ਨੂੰ ਭੰਗ ਕਰ ਦਿੱਤਾ ਸੀ। ਕਮੇਟੀ ਦਾ ਚੁਣਿਆ ਹੋਇਆ ਕਾਰਜਕਾਲ ਸਤੰਬਰ 2023 ’ਚ ਖ਼ਤਮ ਹੋ ਗਿਆ ਸੀ। ਇਸ ਤੋਂ ਬਾਅਦ ਕੋਈ ਨਵੀਂ ਚੋਣ ਨਾ ਹੋਣ ਕਾਰਨ ਪ੍ਰਸ਼ਾਸਨ ਤੇ ਲੀਡਰਸ਼ਿਪ ਸਬੰਧੀ ਬੇਨਿਯਮੀਆਂ ਹੁੰਦੀਆਂ ਰਹੀਆਂ। ਐੱਫਈਆਈ ਨੇ ਕਿਹਾ ਕਿ ਇਹ ਸਥਿਤੀ ਹੁਣ ਜਾਰੀ ਨਹੀਂ ਰਹਿ ਸਕਦੀ ਹੈ। ਹਾਲਾਂਕਿ, ਐੱਫਈਆਈ ਨੇ 27 ਸਤੰਬਰ ਨੂੰ ਈਐੱਫਆਈ ਐਡਹਾਕ ਕਮੇਟੀ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਨੂੰ ਸਵੀਕਾਰ ਕਰ ਲਿਆ। ਭਾਰਤੀ ਓਲੰਪਿਕ ਸੰਘ (IOA) ਵੱਲੋਂ 27 ਮਾਰਚ ਨੂੰ ਗਠਿਤ ਕੀਤੇ ਜਾਣ ਤੋਂ ਬਾਅਦ ਕਮੇਟੀ ਦੇ ਕੰਮ ਦੀ ਵੀ ਸ਼ਲਾਘਾ ਕੀਤੀ ਗਈ।
ਐੱਫਈਆਈ ਨੇ ਕਿਹਾ ਕਿ ਈਐੱਫਆਈ ਕਾਰਜਕਾਰੀ ਕਮੇਟੀ ਲਈ ਚੋਣਾਂ 31 ਜਨਵਰੀ 2027 ਤੱਕ ਹੋਣ ਦੀ ਉਮੀਦ ਹੈ। ਚੋਣਾਂ ਖਤਮ ਹੋਣ ਤੇ ਪ੍ਰਕਿਰਿਆ ਦਾ ਮੁਲਾਂਕਣ ਹੋਣ ਤੋਂ ਬਾਅਦ ਹੀ ਮੁਅੱਤਲੀ ਦੀ ਸਮੀਖਿਆ ਕੀਤੀ ਜਾਵੇਗੀ। ਇਸ ਮਿਆਦ ਦੌਰਾਨ ਈਐੱਫਆਈ ਐੱਫਈਆਈ ਦੀ ਕਿਸੇ ਇਕਾਈ ਦੇ ਕਿਸੇ ਸੈਸ਼ਨ ਜਾਂ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕੇਗਾ।