8 ਸਾਲ ਦੀ ਉਮਰ 'ਚ ਹਾਦਸੇ ਕਾਰਨ ਗੁਆਈ ਬਾਂਹ, ਨਿਸ਼ਾਦ ਨੇ ਇੱਕ ਹੱਥ ਨਾਲ ਹੀ ਛੂਹਿਆ ਅਸਮਾਨ; ਏਸ਼ੀਆਈ ਪੈਰਾ ਖੇਡਾਂ 'ਚ ਜਿੱਤਿਆ ਗੋਲਡ
ਨਿਸ਼ਾਦ ਦੇ ਮਾਪਿਆਂ ਨੇ ਇਹ ਯਕੀਨੀ ਬਣਾਇਆ ਕਿ ਉਹ ਕਦੇ ਵੀ ਆਪਣੇ ਆਪ ਨੂੰ ਕਿਸੇ ਹੋਰ ਨਾਲੋਂ ਘੱਟ ਨਾ ਸਮਝੇ। ਆਪਣੀ ਬਾਂਹ ਗੁਆਉਣ ਨੂੰ ਕਮਜ਼ੋਰੀ ਮੰਨਣ ਦੀ ਬਜਾਏ, ਨਿਸ਼ਾਦ ਨੇ ਇਸਨੂੰ ਆਪਣੀ ਤਾਕਤ ਬਣਾ ਲਿਆ ਅਤੇ ਹਾਈ ਜੰਪ ਨੂੰ ਆਪਣੀ ਖੇਡ ਵਜੋਂ ਚੁਣਿਆ
Publish Date: Tue, 20 Oct 2026 01:55 PM (IST)
Updated Date: Tue, 20 Oct 2026 02:00 PM (IST)
ਅਜੈ ਟਬਿਆਲ, ਅੰਬ (ਊਨਾ) : ਜਾਪਾਨ ਦੇ ਆਈਚੀ-ਨਾਗੋਯਾ ਵਿਖੇ ਆਯੋਜਿਤ ਏਸ਼ੀਅਨ ਪੈਰਾ ਖੇਡਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਨਾਲ ਸਬੰਧਤ ਸਟਾਰ ਖਿਡਾਰੀ ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੇ ਲੌਂਗ ਜੰਪ (ਲੰਬੀ ਛਾਲ) ਮੁਕਾਬਲੇ ਵਿੱਚ 7.11 ਮੀਟਰ ਦੀ ਛਾਲ ਲਗਾ ਕੇ ਦੇਸ਼ ਲਈ ਸੋਨ ਤਗਮਾ ਜਿੱਤਿਆ। ਨਿਸ਼ਾਦ ਆਮ ਤੌਰ 'ਤੇ ਹਾਈ ਜੰਪ (ਉੱਚੀ ਛਾਲ) ਵਿੱਚ ਹਿੱਸਾ ਲੈਂਦਾ ਹੈ, ਜਿਸ ਵਿੱਚ ਉਹ ਪਹਿਲਾਂ ਹੀ ਦੋ ਪੈਰਾਲੰਪਿਕ ਚਾਂਦੀ ਦੇ ਤਗਮੇ ਜਿੱਤ ਚੁੱਕਾ ਹੈ; ਲੌਂਗ ਜੰਪ ਵਿੱਚ ਇਹ ਉਸਦਾ ਪਹਿਲਾ ਮੁਕਾਬਲਾ ਸੀ। ਉਸਦੀ ਇਹ ਸਫਲਤਾ ਬਿਨਾਂ ਸ਼ੱਕ ਦੇਸ਼ ਦੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਹੈ, ਹਾਲਾਂਕਿ ਇਸ ਮੁਕਾਮ ਤੱਕ ਪਹੁੰਚਣ ਦਾ ਰਾਹ ਕਾਫ਼ੀ ਸੰਘਰਸ਼ਪੂਰਨ ਰਿਹਾ।
ਦ੍ਰਿੜ ਇਰਾਦੇ ਤੇ ਹਿੰਮਤ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਬਣਾਈ ਊਨਾ ਜ਼ਿਲ੍ਹੇ ਦੇ ਅੰਬ ਉਪ-ਮੰਡਲ ਵਿੱਚ ਸਥਿਤ ਬਦਾਯੂੰ ਪਿੰਡ ਵਿੱਚ ਜਨਮੇ ਅਤੇ ਪਲੇ-ਵਧੇ ਨਿਸ਼ਾਦ ਦੀ ਜ਼ਿੰਦਗੀ ਅੱਠ ਸਾਲ ਦੀ ਉਮਰ ਵਿੱਚ ਵਾਪਰੇ ਇੱਕ ਹਾਦਸੇ ਕਾਰਨ ਪੂਰੀ ਤਰ੍ਹਾਂ ਬਦਲ ਗਈ। ਜਦੋਂ ਉਸਦੀ ਮਾਂ ਪਸ਼ੂਆਂ ਲਈ ਚਾਰਾ ਕੱਟ ਰਹੀ ਸੀ ਤਾਂ ਨਿਸ਼ਾਦ ਨੇ ਮਸ਼ੀਨ ਵਿੱਚ ਚਾਰਾ ਪਾਉਣ ਦੀ ਕੋਸ਼ਿਸ਼ ਕੀਤੀ; ਇਸ ਦੌਰਾਨ ਉਸਦੀ ਬਾਂਹ ਮਸ਼ੀਨ ਵਿੱਚ ਫਸ ਗਈ ਅਤੇ ਕੱਟੀ ਗਈ।
ਇਸ ਦੇ ਬਾਵਜੂਦ, ਉਸਨੇ ਹਾਰ ਨਹੀਂ ਮੰਨੀ। ਉਸਦਾ ਖੇਡ ਸਫ਼ਰ, ਜੋ ਇੱਕ ਸਥਾਨਕ ਸਰਕਾਰੀ ਸਕੂਲ ਤੋਂ ਸ਼ੁਰੂ ਹੋਇਆ ਸੀ ਅੰਤ ਵਿੱਚ ਉਸਨੂੰ ਅੰਤਰਰਾਸ਼ਟਰੀ ਮੰਚ ਤੱਕ ਲੈ ਗਿਆ। 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਸਿਖਲਾਈ ਲਈ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਚਲਾ ਗਿਆ, ਜਿੱਥੇ ਕੋਚ ਨਸੀਮ ਅਹਿਮਦ ਨੇ ਉਸਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਨਿਖਾਰਿਆ।
ਸਖ਼ਤ ਮਿਹਨਤ ਰੰਗ ਲਿਆਈ ਨਿਸ਼ਾਦ ਦੇ ਮਾਪਿਆਂ ਨੇ ਇਹ ਯਕੀਨੀ ਬਣਾਇਆ ਕਿ ਉਹ ਕਦੇ ਵੀ ਆਪਣੇ ਆਪ ਨੂੰ ਕਿਸੇ ਹੋਰ ਨਾਲੋਂ ਘੱਟ ਨਾ ਸਮਝੇ। ਆਪਣੀ ਬਾਂਹ ਗੁਆਉਣ ਨੂੰ ਕਮਜ਼ੋਰੀ ਮੰਨਣ ਦੀ ਬਜਾਏ, ਨਿਸ਼ਾਦ ਨੇ ਇਸਨੂੰ ਆਪਣੀ ਤਾਕਤ ਬਣਾ ਲਿਆ ਅਤੇ ਹਾਈ ਜੰਪ ਨੂੰ ਆਪਣੀ ਖੇਡ ਵਜੋਂ ਚੁਣਿਆ। ਸਰੀਰਕ ਸੰਤੁਲਨ ਬਣਾਈ ਰੱਖਣਾ ਇੱਕ ਚੁਣੌਤੀ ਸੀ ਫਿਰ ਵੀ ਉਹ ਨਿਯਮਤ ਅਭਿਆਸ ਲਈ ਦ੍ਰਿੜ ਰਿਹਾ। 2017 ਵਿੱਚ ਪੇਸ਼ੇਵਰ ਪੈਰਾ-ਐਥਲੈਟਿਕਸ ਦੀ ਦੁਨੀਆ ਵਿੱਚ ਕਦਮ ਰੱਖਣ ਤੋਂ ਬਾਅਦ ਉਸਨੇ ਕੋਚ ਰਮੇਸ਼ ਦੀ ਅਗਵਾਈ ਵਿੱਚ ਆਪਣੀ ਤਕਨੀਕ ਨੂੰ ਹੋਰ ਬਿਹਤਰ ਬਣਾਇਆ। ਕੋਵਿਡ-19 ਮਹਾਂਮਾਰੀ ਦੌਰਾਨ ਸਿਖਲਾਈ ਵਿੱਚ ਰੁਕਾਵਟਾਂ ਅਤੇ ਸਰੀਰਕ ਕਮਜ਼ੋਰੀ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਸਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਟੋਕੀਓ ਤੇ ਪੈਰਿਸ ਪੈਰਾ-ਓਲੰਪਿਕਸ, ਦੋਵਾਂ ਵਿੱਚ 'ਹਾਈ ਜੰਪ' (ਉੱਚੀ ਛਾਲ) ਮੁਕਾਬਲੇ ਵਿੱਚ ਲਗਾਤਾਰ ਚਾਂਦੀ ਦੇ ਤਗਮੇ ਜਿੱਤੇ।
ਮਾਂ ਨੇ ਮੁੱਖ ਮੰਤਰੀ ਤੋਂ ਪੁੱਤ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਨਿਸ਼ਾਦ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਰ ਕਰਦਿਆਂ, ਉਸਦੀ ਮਾਂ ਪੁਸ਼ਪਾ ਦੇਵੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ 'ਤੇ ਮਾਣ ਹੈ। ਉਨ੍ਹਾਂ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਅਪੀਲ ਕੀਤੀ ਹੈ ਕਿ ਨਿਸ਼ਾਦ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਉਸਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਨਿਸ਼ਾਦ ਅੱਜ 'ਹਾਈ ਜੰਪ' ਮੁਕਾਬਲੇ 'ਚ ਹਿੱਸ ਲਵੇਗਾ 'ਲੌਂਗ ਜੰਪ' (ਲੰਮੀ ਛਾਲ) ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ, ਹੁਣ ਨਿਸ਼ਾਦ ਦੀ ਨਜ਼ਰ 'ਹਾਈ ਜੰਪ' 'ਤੇ ਹੈ। ਉਹ 20 ਅਕਤੂਬਰ ਨੂੰ ਇਸ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗਾ। 'ਹਾਈ ਜੰਪ' ਉਸਦੀ ਮੁੱਖ ਖੇਡ ਹੈ ਅਤੇ ਇਸ ਸਮੇਂ ਉਹ ਏਸ਼ੀਆ ਵਿੱਚ ਪਹਿਲੇ ਨੰਬਰ 'ਤੇ ਹੈ। ਉਸ ਤੋਂ ਇੱਕ ਹੋਰ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ।