- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
43 ਸਾਲਾ ਸੋਮਨ ਨੇ ਦੱਸਿਆ ਕਿ ਭਾਰਤੀ ਪੈਰਾ ਓਲੰਪਿਕ ਕਮੇਟੀ (PCI), ਸਪੋਰਟਸ ਅਥਾਰਟੀ ਆਫ ਇੰਡੀਆ (SAI) ਤੇ ਸਰਕਾਰ ਵੱਲੋਂ ਕਾਫ਼ੀ ਸਹਿਯੋਗ ਮਿਲਿਆ। ਇਸ ਦਾ ਨਤੀਜਾ ਰਿਹਾ ਕਿ ਭਾਰਤੀ ਪੈਰਾ ਐਥਲੀਟਾਂ ਨੇ ਗਲਾਸਗੋ ਕਾਮਨਵੈਲਥ ਗੇਮਜ਼ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ।

ਅਭਿਸ਼ੇਕ ਨਿਗਮ, ਨਵੀਂ ਦਿੱਲੀ : ‘ਮੈਂ ਬਹੁਤ ਖੁਸ਼ ਹਾਂ ਕਿ ਗੋਲਡ ਮੈਡਲ ਜਿੱਤ ਸਕਿਆ। ਪਹਿਲਾਂ ਮੈਨੂੰ ਕੋਈ ਨਹੀਂ ਜਾਣਦਾ ਸੀ। ਮੈਂ ਪ੍ਰੈਕਟਿਸ ਕਰਕੇ ਸਿੱਧਾ ਘਰ ਆ ਜਾਂਦਾ ਸੀ। ਗਲਾਸਗੋ ਕਾਮਨਵੈਲਥ ਗੇਮਜ਼ ’ਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਦੇਸ਼ਵਾਸੀਆਂ ਦੇ ਦਿਲ ’ਚ ਆਪਣੀ ਜਗ੍ਹਾ ਬਣ ਗਈ ਹੈ।’ ਇਹ ਕਹਿਣਾ ਹੈ ਭਾਰਤੀ ਪੈਰਾ ਸ਼ਾਟ ਪੁਟਰ ਸੋਮਨ ਰਾਣਾ ਦਾ, ਜਿਨ੍ਹਾਂ ਨੇ ਸ਼ਾਟ ਪੁੱਟ ਦੇ F57 ਵਰਗ ’ਚ ਸੋਨੇ ਦਾ ਤਮਗਾ ਜਿੱਤਿਆ। 43 ਸਾਲਾ ਸੋਮਨ ਨੇ ਦੱਸਿਆ ਕਿ ਭਾਰਤੀ ਪੈਰਾ ਓਲੰਪਿਕ ਕਮੇਟੀ (PCI), ਸਪੋਰਟਸ ਅਥਾਰਟੀ ਆਫ ਇੰਡੀਆ (SAI) ਤੇ ਸਰਕਾਰ ਵੱਲੋਂ ਕਾਫ਼ੀ ਸਹਿਯੋਗ ਮਿਲਿਆ। ਇਸ ਦਾ ਨਤੀਜਾ ਰਿਹਾ ਕਿ ਭਾਰਤੀ ਪੈਰਾ ਐਥਲੀਟਾਂ ਨੇ ਗਲਾਸਗੋ ਕਾਮਨਵੈਲਥ ਗੇਮਜ਼ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਕਾਮਨਵੈਲਥ ਗੇਮਜ਼ 2026 ’ਚ ਭਾਰਤੀ ਪੈਰਾ ਐਥਲੀਟਾਂ ਨੇ ਕੁੱਲ ਸੱਤ ਤਮਗੇ ਜਿੱਤੇ, ਜਿਨ੍ਹਾਂ ’ਚ 3 ਸੋਨੇ, 2 ਚਾਂਦੀ ਤੇ 2 ਕਾਂਸੀ ਦੇ ਤਮਗੇ ਸ਼ਾਮਲ ਹਨ।
ਸ਼ਾਟ ਪੁੱਟ ਦੀ ਦਿਲਚਸਪ ਕਹਾਣੀ
SBI Life Insurance ਵੱਲੋਂ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਸੋਮਨ ਰਾਣਾ ਨੇ ਜਾਗਰਣ ਡਾਟ ਕਾਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਭਾਰਤੀ ਫੌਜ ਦੀ 11 ਗੋਰਖਾ ਰਾਈਫਲਜ਼ ’ਚ ਸੂਬੇਦਾਰ ਸੀ। ਸਾਲ 2006 ’ਚ ਜੰਮੂ-ਕਸ਼ਮੀਰ ਦੇ ਪੁੰਛ ’ਚ ਲਾਈਨ ਆਫ ਕੰਟਰੋਲ (LoC) ਦੇ ਨੇੜੇ ਮਾਈਨ-ਕਲੀਅਰਿੰਗ ਤੇ ਪੈਟਰੋਲਿੰਗ ਆਪਰੇਸ਼ਨ ਦੌਰਾਨ ਮੇਰਾ ਪੈਰ ਇੱਕ ਐਂਟੀ-ਪਰਸਨਲ ਲੈਂਡਮਾਈਨ ’ਤੇ ਪੈ ਗਿਆ। ਇਸ ਕਾਰਨ ਮੇਰੇ ਸੱਜੇ ਪੈਰ ਦਾ ਗੋਡੇ ਤੋਂ ਹੇਠਾਂ ਵਾਲਾ ਹਿੱਸਾ ਕੱਟਣਾ ਪਿਆ।
ਬਿਹਾਰ ਦੇ ਰਹਿਣ ਵਾਲੇ ਸੋਮਨ ਰਾਣਾ ਨੇ ਅੱਗੇ ਦੱਸਿਆ ਕਿ ਨਕਲੀ ਪੈਰ ਲੱਗਣ ਤੋਂ ਬਾਅਦ ਮੈਂ ਪੁਣੇ ਦੇ ਆਰਮੀ ਸਪੋਰਟਸ ਇੰਸਟੀਚਿਊਟ (ASI) ਨਾਲ ਜੁੜ ਗਿਆ। ਮੇਰਾ ਵਜ਼ਨ ਜ਼ਿਆਦਾ ਹੋਣ ਕਾਰਨ ਮੈਂ ਆਪਣੇ ਉੱਪਰਲੇ ਸਰੀਰ ਦੀ ਤਾਕਤ ਦਾ ਬਿਹਤਰ ਇਸਤੇਮਾਲ ਕਰ ਸਕਦਾ ਸੀ, ਇਸ ਲਈ ਮੈਂ ਸ਼ਾਟ ਪੁੱਟ ਨਾਲ ਜੁੜ ਗਿਆ। ਬਾਕਸਿੰਗ ਦੇ ਤਜਰਬੇ ਤੋਂ ਵੀ ਮੈਨੂੰ ਮਦਦ ਮਿਲੀ। ਇਸ ਤਰ੍ਹਾਂ ਮੇਰੀ ਸ਼ਾਟ ਪੁੱਟ ਦੀ ਯਾਤਰਾ ਸ਼ੁਰੂ ਹੋਈ।
ਮਾਣ ਦਾ ਪਲ
ਸੋਮਨ ਰਾਣਾ ਨੇ ਦੱਸਿਆ ਕਿ ਜਦੋਂ 13.40 ਮੀਟਰ ਦਾ ਥ੍ਰੋਅ ਕਰਕੇ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ ਤਾਂ ਉਨ੍ਹਾਂ ਦਾ ਸੀਨਾ ਮਾਣ ਨਾਲ ਭਰ ਗਿਆ। ਇਸ ਤੋਂ ਬਾਅਦ ਜਦੋਂ ਭਾਰਤ ਦਾ ਰਾਸ਼ਟਰੀ ਗੀਤ ਵੱਜਿਆ ਤਾਂ ਉਸ ਭਾਵਨਾ ਨੂੰ ਸ਼ਬਦਾਂ ’ਚ ਬਿਆਨ ਕਰਨਾ ਬਹੁਤ ਮੁਸ਼ਕਲ ਸੀ।
ਰਾਣਾ ਨੇ ਕਿਹਾ ਕਿ ਗੋਲਡ ਮੈਡਲ ਜਿੱਤਣ ਦੀ ਭਾਵਨਾ ਬਿਲਕੁਲ ਵੱਖਰੀ ਹੈ। ਜਦੋਂ ਰਾਸ਼ਟਰੀ ਗੀਤ ਵੱਜਿਆ ਤਾਂ ਮੈਂ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦਾ ਕਿ ਮੈਂ ਕੀ ਮਹਿਸੂਸ ਕੀਤਾ। ਮੈਂ ਬਹੁਤ ਖੁਸ਼ ਹੋਇਆ।”
ਨੀਰਜ ਚੋਪੜਾ ਨਾਲ ਮੁਲਾਕਾਤ ਰਹੀ ਖਾਸ
ਸੋਮਨ ਰਾਣਾ ਨੇ ਦੱਸਿਆ ਕਿ ਗਲਾਸਗੋ ਕਾਮਨਵੈਲਥ ਗੇਮਜ਼ 2026 ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਪੈਰਾ ਐਥਲੀਟਾਂ ਨੂੰ ਭਾਰਤ ਦੇ ਹੋਰ ਐਥਲੀਟਾਂ ਨਾਲ ਮਿਲਣ ਦਾ ਮੌਕਾ ਮਿਲਿਆ। ਇਸ ਦੌਰਾਨ ਸਾਰਿਆਂ ਨੂੰ ਇੱਕ-ਦੂਜੇ ਦੀਆਂ ਸ਼ਾਨਦਾਰ ਕਹਾਣੀਆਂ ਜਾਣਨ ਦਾ ਮੌਕਾ ਮਿਲਿਆ। ਰਾਣਾ ਲਈ ਕਾਮਨਵੈਲਥ ਗੇਮਜ਼ 2026 ਦੌਰਾਨ ਨੀਰਜ ਚੋਪੜਾ ਨਾਲ ਹੋਈ ਮੁਲਾਕਾਤ ਯਾਦਗਾਰ ਰਹੀ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਵਧੀਆ ਰਿਹਾ ਕਿ ਸਾਰੇ ਐਥਲੀਟ ਇੱਕ-ਦੂਜੇ ਨਾਲ ਮਿਲ ਸਕੇ। ਨੀਰਜ ਚੋਪੜਾ ਨਾਲ ਮਿਲਣਾ ਸਭ ਤੋਂ ਖਾਸ ਰਿਹਾ। ਉਨ੍ਹਾਂ ਨਾਲ ਬਹੁਤ ਸਾਰੀਆਂ ਗੱਲਾਂ ਹੋਈਆਂ। ਹੋਰ ਐਥਲੀਟਾਂ ਨਾਲ ਗੱਲਬਾਤ ਵੀ ਖਾਸ ਰਹੀ। ਜੇਕਰ ਅੱਗੇ ਵੀ ਅਜਿਹਾ ਹੁੰਦਾ ਰਹੇ ਤਾਂ ਦੇਸ਼ ਨੂੰ ਖੇਡਾਂ ਦਾ ਹੱਬ ਬਣਨ ’ਚ ਜ਼ਿਆਦਾ ਸਮਾਂ ਨਹੀਂ ਲੱਗੇਗਾ।”
ਕੀ ਹੈ ਸੋਮਨ ਦਾ ਟੀਚਾ?
ਸੂਬੇਦਾਰ ਸੋਮਨ ਰਾਣਾ ਨੇ ਦੱਸਿਆ ਕਿ ਉਨ੍ਹਾਂ ਦਾ ਇੱਕੋ-ਇੱਕ ਟੀਚਾ ਪੈਰਾਲੰਪਿਕ ’ਚ ਗੋਲਡ ਮੈਡਲ ਜਿੱਤਣਾ ਹੈ। ਕਾਮਨਵੈਲਥ ਗੇਮਜ਼ 2026 ਦੇ ਗੋਲਡ ਮੈਡਲ ਜੇਤੂ ਨੇ ਕਿਹਾ ਕਿ ਏਸ਼ੀਅਨ ਗੇਮਜ਼ 2026 ’ਚ ਕਿੰਨੇ ਪੈਰਾ ਐਥਲੀਟ ਜਾਣਗੇ, ਇਸ ਬਾਰੇ ਅਜੇ ਸਪਸ਼ਟਤਾ ਨਹੀਂ ਮਿਲੀ ਹੈ। ਮੇਰਾ ਟੀਚਾ ਲਗਾਤਾਰ ਆਪਣੇ ਪ੍ਰਦਰਸ਼ਨ ’ਚ ਸੁਧਾਰ ਕਰਨਾ ਹੈ ਤੇ ਸਭ ਤੋਂ ਮਹੱਤਵਪੂਰਨ ਗੱਲ ਪੈਰਾ ਓਲੰਪਿਕ ’ਚ ਗੋਲਡ ਮੈਡਲ ਜਿੱਤਣਾ ਹੈ। ਇਸ ਮੈਡਲ ਨਾਲ ਦੇਸ਼ ’ਚ ਮੈਨੂੰ ਪਛਾਣ ਮਿਲੀ ਹੈ ਤੇ ਪੈਰਾ ਓਲੰਪਿਕ ਮੈਡਲ ਜਿੱਤ ਕੇ ਦੁਨੀਆ ’ਚ ਭਾਰਤ ਦਾ ਨਾਮ ਰੌਸ਼ਨ ਕਰਨਾ ਹੈ।