ਸ਼ਾਨਦਾਰ ਫਾਰਮ 'ਚ ਲਿਓਨ ਮੈਸੀ : ਚਾਰ ਗੋਲ ਕਰਕੇ ਮਿਆਮੀ ਨੂੰ ਦਵਾਈ ਵੱਡੀ ਜਿੱਤ, ਉੱਥੇ ਹੀ ਟੋਟੇਨਹਮ ਦੀ ਮਾੜੀ ਕਿਸਮਤ ਦਾ ਸਫ਼ਰ ਜਾਰੀ
ਲਿਓਨ ਮੈਸੀ ਦੇ ਚਾਰ ਗੋਲਾਂ ਤੇ ਇਕ ਅਸਿਸਟ ਦੇ ਦਮ ’ਤੇ ਮਿਆਮੀ ਫੁੱਟਬਾਲ ਕਲੱਬ ਨੇ ਅਮਰੀਕੀ ਟਾਪ ਫੁੱਟਬਾਲ ਲੀਗ ਮੇਜਰ ਲੀਗ ਸਾਕਰ (ਐੱਮਐੱਲਐੱਸ) ਦੇ ਮੈ ’ਚ ਮਾਂਟ੍ਰੀਅਲ ਫੁੱਟਬਾਲ ਕਲੱਬ ਨੂੰ 7-1 ਨਾਲ ਦਰੜ ਦਿੱਤਾ। ਐਤਵਾਰ ਨੂੰ ਹੋਏ ਇਸ ਮੈਚ ’ਚ ਮਾਂਟ੍ਰੀਅਲ ਨੇ ਪਹਿਲੇ ਹਾਫ ’ਚ ਇਕ ਗੋਲ ਕੀਤਾ ਸੀ
Publish Date: Mon, 31 Aug 2026 11:31 AM (IST)
Updated Date: Mon, 31 Aug 2026 11:36 AM (IST)
ਮਿਆਮੀ (ਏਪੀ) : ਲਿਓਨ ਮੈਸੀ ਦੇ ਚਾਰ ਗੋਲਾਂ ਤੇ ਇਕ ਅਸਿਸਟ ਦੇ ਦਮ ’ਤੇ ਮਿਆਮੀ ਫੁੱਟਬਾਲ ਕਲੱਬ ਨੇ ਅਮਰੀਕੀ ਟਾਪ ਫੁੱਟਬਾਲ ਲੀਗ ਮੇਜਰ ਲੀਗ ਸਾਕਰ (ਐੱਮਐੱਲਐੱਸ) ਦੇ ਮੈ ’ਚ ਮਾਂਟ੍ਰੀਅਲ ਫੁੱਟਬਾਲ ਕਲੱਬ ਨੂੰ 7-1 ਨਾਲ ਦਰੜ ਦਿੱਤਾ। ਐਤਵਾਰ ਨੂੰ ਹੋਏ ਇਸ ਮੈਚ ’ਚ ਮਾਂਟ੍ਰੀਅਲ ਨੇ ਪਹਿਲੇ ਹਾਫ ’ਚ ਇਕ ਗੋਲ ਕੀਤਾ ਸੀ ਪਰ ਇਸ ਤੋਂ ਬਾਅਦ ਉਸਨੇ ਛੇ ਗੋਲ ਖਾਧੇ ਤੇ ਇਕ ਵਾਰ ਵੀ ਮੁਕਾਬਲੇ ’ਚ ਮੈਸੀ ਦੀ ਟੀਮ ਨੂੰ ਟੱਕਰ ਦਿੰਦਿਆਂ ਨਹੀਂ ਦੇਖਿਆ।
ਇਸੇ ਸੀਜ਼ਨ ਮਿਆਮੀ ਨਾਲ ਜੁੜੇ ਬ੍ਰਾਜ਼ੀਲੀ ਮਿਡਫੀਲਡਰ ਕੈਸੇਮਿਰੋ ਨੇ 20ਵੇਂ ਮਿੰਟ ’ਚ ਪਹਿਲਾ ਗੋਲ ਕਰ ਕੇ ਮਿਆਮੀ ਨੂੰ ਬੜ੍ਹਤ ਦਿਵਾਈ, ਜਿਸ ਤੋਂ ਬਾਅਦ ਮਾਂਟ੍ਰੀਅਲ ਲਈ ਫੈਬੀਆਨ ਬਰਬਰਸ ਨੇ 37ਵੇਂ ਮਿੰਟ ’ਚ ਬਰਾਬਰੀ ਦਾ ਗੋਲ ਕੀਤਾ। ਲਿਓਨ ਮੈਸੀ ਨੇ 40, 52, 83, 90+6 ਮਿੰਟਾਂ ’ਚ ਗੋਲ ਕੀਤੇ, ਜਦਕਿ ਲੁਈਸ ਸੁਆਰੇਜ਼ ਨੇ 80ਵੇਂ ਤੇ ਅਲੈਕਜ਼ੈਂਡਰ ਸ਼ਾ ਨੇ 89ਵੇਂ ਮਿੰਟ ’ਚ ਗੋਲ ਕੀਤਾ। ਮੈਸੀ ਨੇ ਸੁਆਰੇਜ਼ ਨੂੰ ਗੋਲ ਕਰਨ ’ਚ ਮਦਦ ਕੀਤੀ। ਮੈਸੀ ਇਸ ਸੀਜ਼ਨ ਐੱਮਐੱਲਐੱਸ ’ਚ 18 ਗੋਲ ਕਰ ਚੁੱਕਾ ਹੈ, ਨਾਲ ਹੀ ਉਸਦੇ ਨਾਂ 10 ਅਸਿਸਟ ਵੀ ਹਨ।
ਗੋਲ ਕਰਨ ਨੂੰ ਤਰਸਿਆ 4906 ਕਰੋੜ ਖ਼ਰਚ ਚੁੱਕਾ ਟੋਟੇਨਹਮ ਲੰਡਨ (ਏਪੀ) : ਇਸ ਟ੍ਰਾਂਸਫਰ ਸੀਜ਼ਨ ’ਚ ਹੁਣ ਤੱਕ 380 ਮਿਲੀਅਨ ਬ੍ਰਿਟਿਸ਼ ਪੌਂਡ (4906 ਕਰੋੜ ਭਾਰਤੀ ਰੁਪਏ) ਖ਼ਰਚ ਕਰ ਚੁੱਕੇ ਪ੍ਰੀਮੀਅਰ ਲੀਗ ਕਲੱਬ ਟੋਟੇਨਹਮ ਹਾਟਸਪੁਰ ਨੂੰ ਲਗਾਤਾਰ ਦੂਜੇ ਮੈਚ ’ਚ ਹਾਰ ਮਿਲੀ। ਲੰਡਨ ਸਥਿਤ ਇਹ ਕਲੱਬ ਸੀਜ਼ਨ ਦੇ ਪਹਿਲੇ ਦੋ ਪ੍ਰੀਮੀਅਰ ਲੀਗ ਮੈਚਾਂ ’ਚ ਇਕ ਵੀ ਗੋਲ ਨਹੀਂ ਕਰ ਸਕਿਆ। ਬ੍ਰੈਂਟਫੋਰਡ ਦੇ ਵਿਰੁੱਧ ਪਹਿਲੇ ਮੈਚ ’ਚ 3-0 ਨਾਲ ਹਾਰੇ ਟੋਟੇਨਹਮ ਨੂੰ ਸ਼ਨਿਚਰਵਾਰ ਦੀ ਰਾਤ ਨਿਊਕਾਸਲ ਨੇ ਉਸੇ ਦੇ ਘਰ 2-0 ਨਾਲ ਹਰਾਇਆ। ਬੀਤੇ ਦੋ ਸੀਜ਼ਨਾਂ ਤੋਂ ਮੁਸ਼ਕਲ ਨਾਲ ਰੈਲੀਗੇਸ਼ਨ (ਹੇਠਲੀ ਲੀਗ ’ਚ ਜਾਣਾ) ਤੋਂ ਬਚ ਰਹੇ ਟੋਟੇਨਹਮ ਦੀ ਕਿਸਮਤ ਅਰਬਾਂ ਖ਼ਰਚ ਕਰਵਾ ਕੇ ਆਏ ਨਵੇਂ ਖਿਡਾਰੀ ਤੇ ਨਵਾਂ ਮੈਨੇਜਰ ਵੀ ਨਹੀਂ ਬਦਲਦੇ ਦਿਸ ਰਹੇ। ਟੀਮ ਦੇ ਨਵੇਂ ਮੈਨੇਜਰ ਰੋਬੈਰਤੋ ਦੇ ਜਰਬੀ ਨੇ ਦੂਜਾ ਮੈਚ ਹਾਰਣ ਤੋਂ ਬਾਅਦ ਕਿਹਾ ਕਿ ਮਾੜੀ ਕਿਸਮਤ ਨਾਲ ਤੁਸੀਂ ਟ੍ਰਾਂਸਫਰ ਮਾਰਕੀਟ ਤੋਂ ਮਾਨਸਿਕਤਾ ਨਹੀਂ ਖ਼ਰੀਦ ਸਕਦੇ। 1974-75 ਸੀਜ਼ਨ ਤੋਂ ਬਾਅਦ ਪਹਿਲੀ ਵਾਰ ਹੈ ਕਿ ਟੋਟੇਨਹਮ ਨੇ ਸੀਜ਼ਨ ਦੇ ਪਹਿਲੇ ਦੋ ਮੈਚ ਗੁਆ ਦਿੱਤੇ।
ਅਲਵਾਰੇਜ਼ ਬਿਨਾਂ ਜਿੱਤਿਆ ਐਟਲੈਟਿਕੋ ਮੈਡ੍ਰਿਡ (ਏਪੀ) : ਸਟ੍ਰਾਈਕਰ ਜੂਲੀਅਨ ਅਲਵਾਰੇਜ਼ ਦੇ ਬਿਨਾਂ ਉਤਰੀ ਐਟਲੈਟਿਕੋ ਮੈਡ੍ਰਿਡ ਨੇ ਬੀਤੀ ਰਾਤ ਸੇਵੀਆ ਨੂੰ ਉਸੇ ਦੇ ਘਰ 3-1 ਨਾਲ ਹਰਾ ਦਿੱਤਾ। ਕਲੱਬ ਛੱਡਣ ਦੀਆਂ ਕੋਸ਼ਿਸ਼ਾਂ ’ਚ ਜੀ-ਜਾਨ ਨਾਲ ਲੱਗੇ ਅਲਵਾਰੇਜ਼ ਇਸ ਮੈਚ ਦੀ ਸ਼ੁਰੂਆਤੀ ਇਲੈਵਨ ਤੇ ਬੈਂਚ ਦੋਵਾਂ ’ਤੇ ਨਹੀਂ ਦਿਸਿਆ। ਕਲੱਬ ਨੇ ਵੀਰਵਾਰ ਨੂੰ ਹੀ ਜ਼ੋਰ ਦੇ ਕੇ ਕਿਹਾ ਸੀ ਕਿ ਉਹ ਅਲਵਾਰੇਜ਼ ਨੂੰ ਉਸਦੇ ਪਸੰਦੀਦਾ ਕਲੱਬ ਬਾਰਸੀਲੋਨਾ ਨੂੰ ਕਿਸੇ ਹਾਲਤ ’ਚ ਨਹੀਂ ਵੇਚੇਗਾ। ਹਾਲਾਂਕਿ, ਇਸਦੇ ਬਾਵਜੂਦ ਅਲਵਾਰੇਜ਼ ਮੈਚ ਤੇ ਟੀਮ ਟ੍ਰੇਨਿੰਗ ਦੋਵਾਂ ਤੋਂ ਦੂਰ ਹੈ। ਅਲਵਾਰੇਜ਼ ਨੂੰ ਲਾ ਲੀਗਾ ਦੇ ਪਹਿਲੇ ਮੈਚ ’ਚ ਵੀ ਖੇਡਦੇ ਨਹੀਂ ਦੇਖਿਆ ਗਿਆ ਸੀ, ਜਦਕਿ ਬੀਤੇ ਐਤਵਾਰ ਨੂੰ ਹੋਏ ਕਲੱਬ ਦੇ ਮੈਚ ’ਚ ਜਦੋਂ ਉਹ ਸਬਸਟੀਚਿਊਟ ਖਿਡਾਰੀ ਦੇ ਤੌਰ ’ਤੇ ਆਇਆ ਤਾਂ ਕਲੱਬ ਦੇ ਪ੍ਰਸ਼ੰਸਕਾਂ ਨੇ ਉਸਦੀ ਬਹੁਤ ਹੂਟਿੰਗ ਕੀਤੀ। ਸੇਵੀਆ ਵਿਰੁੱਧ ਐਟਲੈਟਿਕੋ ਲਈ ਸਟ੍ਰਾਈਕਰ ਦੇ ਤੌਰ ’ਤੇ ਖੇਡ ਰਹੇ ਐਲੇਕਸ ਬਾਏਨਾ ਨੇ ਚੌਥੇ ਤੇ 33ਵੇਂ, ਜਦਕਿ ਅਦੇਮੋਲਾ ਲੁਕਮਨ ਨੇ 26ਵੇਂ ਮਿੰਟ ’ਚ ਗੋਲ ਕੀਤਾ। ਸੇਵੀਆ ਦਾ ਇਕਲੌਤਾ ਗੋਲ ਮਿਗੁਏਲ ਸਿਏਰਾ ਨੇ 66ਵੇਂ ਮਿੰਟ ’ਚ ਕੀਤਾ। ਇਹ ਸੇਵੀਆ ਦੀ ਇਸ ਸੀਜ਼ਨ ਦੀ ਪਹਿਲੀ ਹਾਰ ਸੀ, ਜਦਕਿ ਐਟਲੈਟਿਕੋ ਦੋ ਜਿੱਤਾਂ ਤੇ ਇਕ ਡਰਾਅ ਨਾਲ ਲੀਗ ਟੇਬਲ ’ਚ ਸਿਖਰਲੇ ਸਥਾਨ ’ਤੇ ਪਹੁੰਚ ਗਿਆ ਹੈ।