ਬਿਨਾਂ ਫਾਈਨਲ ਖੇਡੇ ਛਾ ਗਏ ਕਿਲੀਅਨ ਐਮਬਾਪੇ, ਗੋਲਡਨ ਬੂਟ ਜਿੱਤ ਕੇ ਰਚ ਦਿੱਤਾ ਇਤਿਹਾਸ; ਹੁਣ ਤੱਕ ਕੋਈ ਨਹੀਂ ਕਰ ਸਕਿਆ ਇਹ ਕੰਮ
ਬੇਸ਼ੱਕ ਫਰਾਂਸ ਦੀ ਟੀਮ ਫੀਫਾ ਵਰਲਡ ਕੱਪ-2026 ਦੇ ਫਾਈਨਲ ਵਿੱਚ ਨਹੀਂ ਪਹੁੰਚ ਸਕੀ ਪਰ ਉਸ ਦੇ ਸਟਾਰ ਖਿਡਾਰੀ ਕਿਲੀਅਨ ਐਮਬਾਪੇ ਨੇ ਇਤਿਹਾਸ ਜ਼ਰੂਰ ਰਚ ਦਿੱਤਾ ਹੈ। ਸਪੇਨ ਨੇ ਫਰਾਂਸ ਨੂੰ ਸੈਮੀਫਾਈਨਲ ’ਚ ਹਰਾ ਕੇ ਬਾਹਰ ਕਰ ਦਿੱਤਾ ਸੀ। ਫਰਾਂਸ ਨੇ ਫਿਰ ਤੀਜੇ ਸਥਾਨ ਲਈ ਇੰਗਲੈਂਡ ਨਾਲ ਮੁਕਾਬਲਾ ਕੀਤਾ ਜਿਸ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
Publish Date: Mon, 20 Jul 2026 12:06 PM (IST)
Updated Date: Mon, 20 Jul 2026 12:10 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਬੇਸ਼ੱਕ ਫਰਾਂਸ ਦੀ ਟੀਮ ਫੀਫਾ ਵਰਲਡ ਕੱਪ-2026 ਦੇ ਫਾਈਨਲ ਵਿੱਚ ਨਹੀਂ ਪਹੁੰਚ ਸਕੀ ਪਰ ਉਸ ਦੇ ਸਟਾਰ ਖਿਡਾਰੀ ਕਿਲੀਅਨ ਐਮਬਾਪੇ ਨੇ ਇਤਿਹਾਸ ਜ਼ਰੂਰ ਰਚ ਦਿੱਤਾ ਹੈ। ਸਪੇਨ ਨੇ ਫਰਾਂਸ ਨੂੰ ਸੈਮੀਫਾਈਨਲ ’ਚ ਹਰਾ ਕੇ ਬਾਹਰ ਕਰ ਦਿੱਤਾ ਸੀ। ਫਰਾਂਸ ਨੇ ਫਿਰ ਤੀਜੇ ਸਥਾਨ ਲਈ ਇੰਗਲੈਂਡ ਨਾਲ ਮੁਕਾਬਲਾ ਕੀਤਾ ਜਿਸ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਮੁਕਾਬਲੇ ’ਚ ਉਨ੍ਹਾਂ ਨੇ ਦੋ ਗੋਲ ਕੀਤੇ ਸਨ ਅਤੇ ਇਹੀ ਗੋਲ ਉਨ੍ਹਾਂ ਲਈ ਇਤਿਹਾਸ ਰਚਣ ਲਈ ਕਾਫ਼ੀ ਸਾਬਤ ਹੋਏ। ਐਮਬਾਪੇ ਨੇ ਪੂਰੇ ਟੂਰਨਾਮੈਂਟ ’ਚ 10 ਗੋਲ ਕੀਤੇ ਅਤੇ ਇਸ ਦੇ ਨਾਲ ਹੀ ਉਹ ਸਭ ਤੋਂ ਵੱਧ ਗੋਲ ਕਰਕੇ ਗੋਲਡਨ ਬੂਟ ਐਵਾਰਡ ਜਿੱਤਣ ਵਿੱਚ ਸਫਲ ਰਹੇ। ਇਹ ਗੋਲਡਨ ਬੂਟ ਉਸ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਜਿਸ ਦੇ ਵਰਲਡ ਕੱਪ ਵਿੱਚ ਸਭ ਤੋਂ ਵੱਧ ਗੋਲ ਹੁੰਦੇ ਹਨ।
ਰਚ ਦਿੱਤਾ ਇਤਿਹਾਸ
ਇਸ ਗੋਲਡਨ ਬੂਟ ਨੂੰ ਆਪਣੇ ਨਾਂ ਕਰਨ ਦੇ ਨਾਲ ਹੀ ਐਮਬਾਪੇ ਨੇ ਇਤਿਹਾਸ ਰਚ ਦਿੱਤਾ ਹੈ। ਉਹ ਲਗਾਤਾਰ ਦੋ ਵਾਰ ਇਹ ਗੋਲਡਨ ਬੂਟ ਜਿੱਤਣ ਵਾਲੇ ਇਤਿਹਾਸ ਦੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਤਰ ’ਚ ਸਾਲ 2022 ’ਚ ਖੇਡੇ ਗਏ ਵਰਲਡ ਕੱਪ ਵਿੱਚ ਵੀ ਗੋਲਡਨ ਬੂਟ ਆਪਣੇ ਨਾਂ ਕੀਤਾ ਸੀ। ਇਸ ਸੀਜ਼ਨ ਐਮਬਾਪੇ ਨੇ ਅੱਠ ਮੈਚਾਂ ’ਚ 10 ਗੋਲ ਕੀਤੇ ਹਨ। ਉੱਥੇ ਹੀ ਕਤਰ ਵਿੱਚ ਉਨ੍ਹਾਂ ਨੇ ਅੱਠ ਗੋਲ ਕੀਤੇ ਸਨ ਅਤੇ ਆਪਣੀ ਟੀਮ ਨੂੰ ਫਾਈਨਲ ਵਿੱਚ ਲੈ ਗਏ ਸਨ ਪਰ ਉੱਥੇ ਅਰਜਨਟੀਨਾ ਤੋਂ ਹਾਰ ਗਏ ਸਨ।
ਇਸ ਦੇ ਨਾਲ ਹੀ ਐਮਬਾਪੇ 1970 ਤੋਂ ਬਾਅਦ ਫੀਫਾ ਵਰਲਡ ਕੱਪ ਵਿੱਚ ਦੋਹਰੀ ਸੰਖਿਆ ’ਚ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਜਰਡ ਮੁਲਰ ਨੇ ਇਹ ਕਾਰਨਾਮਾ ਕੀਤਾ ਸੀ। ਇੱਕ ਵਰਲਡ ਕੱਪ ਵਿੱਚ ਐਮਬਾਪੇ ਤੋਂ ਵੱਧ ਗੋਲ 1958 ਵਿੱਚ ਫਰਾਂਸ ਦੇ ਹੀ ਜਸਟ ਫੋਂਟੇਨ ਅਤੇ 1954 ਵਿੱਚ ਹੰਗਰੀ ਦੇ ਸੈਂਡੂਰ ਕੋਕਸਿਸ ਨੇ ਕੀਤੇ ਸਨ। ਫੋਂਟੇਨ ਦੇ ਨਾਂ 13 ਗੋਲ ਸਨ ਜਦਕਿ ਸੈਂਡੂਰ ਦੇ ਨਾਂ 11 ਗੋਲ ਸਨ।
ਮੈਸੀ ਰਹਿ ਗਏ ਪਿੱਛੇ
ਐਮਬਾਪੇ ਨੂੰ ਇਸ ਰੇਸ ਵਿੱਚ ਜੇਕਰ ਕੋਈ ਟੱਕਰ ਦੇ ਰਿਹਾ ਸੀ ਤਾਂ ਉਹ ਸਨ ਮੈਸੀ। ਮੈਸੀ ਜੇਕਰ ਫਾਈਨਲ ਵਿੱਚ ਦੋ ਗੋਲ ਅਤੇ ਇੱਕ ਅਸਿਸਟ ਕਰ ਦਿੰਦੇ ਜਾਂ ਤਿੰਨ ਗੋਲ ਕਰ ਦਿੰਦੇ ਤਾਂ ਇਹ ਗੋਲਡਨ ਬੂਟ ਉਨ੍ਹਾਂ ਨੂੰ ਮਿਲ ਜਾਂਦਾ ਪਰ ਉਹ ਇੱਕ ਵੀ ਗੋਲ ਨਹੀਂ ਕਰ ਸਕੇ। ਫੀਫਾ ਵਰਲਡ ਕੱਪ ਵਿੱਚ ਸਭ ਤੋਂ ਵੱਧ ਗੋਲ ਕਰਨ ਦੇ ਮਾਮਲੇ ਵਿੱਚ ਵੀ ਐਮਬਾਪੇ ਨੇ ਮੈਸੀ ਨੂੰ ਪਿੱਛੇ ਛੱਡ ਦਿੱਤਾ ਹੈ। ਐਮਬਾਪੇ ਦੇ ਨਾਂ ਫੀਫਾ ਵਰਲਡ ਕੱਪ ਦੇ ਇਤਿਹਾਸ ਵਿੱਚ ਕੁੱਲ 22 ਗੋਲ ਹਨ, ਜਦਕਿ ਮੈਸੀ ਉਨ੍ਹਾਂ ਤੋਂ ਇੱਕ ਗੋਲ ਪਿੱਛੇ ਹਨ।