ਜੂਨੀਅਰ ਪੁਰਸ਼ ਏਸ਼ੀਆ ਕੱਪ ਹਾਕੀ : ਭਾਰਤ ਦਾ ਧਮਾਕੇਦਾਰ ਆਗਾਜ਼, ਇੰਡੋਨੇਸ਼ੀਆ ਨੂੰ 14-0 ਨਾਲ ਚਟਾਈ ਧੂੜ; ਪ੍ਰਭਦੀਪ ਦੇ 5 ਗੋਲ
ਪ੍ਰਭਦੀਪ ਨੇ ਸਭ ਤੋਂ ਵੱਧ 5 ਗੋਲ ਕਰ ਕੇ ਮੈਨ ਆਫ ਦਿ ਮੈਚ ਦਾ ਐਵਾਰਡ ਜਿੱਤਿਆ। ਕਪਤਾਨ ਅਨਮੋਲ ਨੇ 4 ਜਦਕਿ ਯਾਦਵ ਨੇ 3 ਗੋਲ ਕੀਤੇ। ਬਾਕੀ ਦੋ ਗੋਲ ਹਰਪਾਲ ਤੇ ਆਸ਼ੂ ਮੌਰੀਆ ਨੇ ਕੀਤੇ। ਮੈਚ ਸ਼ੁਰੂ ਹੁੰਦੇ ਹੀ ਭਾਰਤ ਨੇ ਹਮਲਾਵਰ ਰਵੱਈਆ ਅਪਣਾ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ।
Publish Date: Sun, 06 Sep 2026 11:20 AM (IST)
Updated Date: Sun, 06 Sep 2026 11:25 AM (IST)
ਮੋਕੀ (ਚੀਨ), ਪੀਟੀਆਈ : ਭਾਰਤ ਨੇ ਏਐੱਚਐੱਫ ਜੂਨੀਅਰ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ’ਚ ਸ਼ਨੀਵਾਰ ਨੂੰ ਆਪਣੇ ਪੂਲ ਏ ਦੇ ਪਹਿਲੇ ਮੈਚ ’ਚ ਇੰਡੋਨੇਸ਼ੀਆ ਨੂੰ 14-0 ਨਾਲ ਹਰਾ ਕੇ ਖ਼ਿਤਾਬੀ ਬਚਾਅ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਕਪਤਾਨ ਅਨਮੋਲ ਏਕਾ, ਪ੍ਰਭਦੀਪ ਸਿੰਘ ਤੇ ਅਜੀਤ ਯਾਦਵ ਨੇ ਮਿਲ ਕੇ 12 ਗੋਲ ਕੀਤੇ, ਜਿਸ ਦੀ ਬਦੌਲਤ 5 ਵਾਰ ਦੀ ਚੈਂਪੀਅਨ ਟੀਮ ਨੇ ਜਲਦੀ ਹੀ ਟੂਰਨਾਮੈਂਟ ’ਤੇ ਆਪਣਾ ਦਬਦਬਾ ਕਾਇਮ ਕਰ ਲਿਆ।
ਪ੍ਰਭਦੀਪ ਨੇ ਸਭ ਤੋਂ ਵੱਧ 5 ਗੋਲ ਕਰ ਕੇ ਮੈਨ ਆਫ ਦਿ ਮੈਚ ਦਾ ਐਵਾਰਡ ਜਿੱਤਿਆ। ਕਪਤਾਨ ਅਨਮੋਲ ਨੇ 4 ਜਦਕਿ ਯਾਦਵ ਨੇ 3 ਗੋਲ ਕੀਤੇ। ਬਾਕੀ ਦੋ ਗੋਲ ਹਰਪਾਲ ਤੇ ਆਸ਼ੂ ਮੌਰੀਆ ਨੇ ਕੀਤੇ। ਮੈਚ ਸ਼ੁਰੂ ਹੁੰਦੇ ਹੀ ਭਾਰਤ ਨੇ ਹਮਲਾਵਰ ਰਵੱਈਆ ਅਪਣਾ ਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ। ਭਾਰਤੀ ਖਿਡਾਰੀਆਂ ਨੇ ਇੰਡੋਨੇਸ਼ੀਆ ਦੇ ਗੋਲ ’ਤੇ ਲਗਾਤਾਰ ਹਮਲੇ ਕੀਤੇ। ਇੰਡੋਨੇਸ਼ੀਆ ਦੇ ਖਿਡਾਰੀ ਪੂਰੇ ਮੈਚ ਦੌਰਾਨ ਸੰਘਰਸ਼ ਕਰਦੇ ਨਜ਼ਰ ਆਏ। ਪ੍ਰਭਦੀਪ ਨੇ ਪੰਜਵੇਂ ਮਿੰਟ ’ਚ ਗੋਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾਈ। ਹਰਪਾਲ ਨੇ 8ਵੇਂ ਮਿੰਟ ’ਚ ਲੀਡ ਦੁੱਗਣੀ ਕਰ ਦਿੱਤੀ।
ਦੂਜੇ ਕੁਆਰਟਰ ’ਚ ਵੀ ਭਾਰਤੀ ਫਾਰਵਰਡ ਲਾਈਨ ਨੂੰ ਮੌਕੇ ਮਿਲਦੇ ਰਹੇ। ਅਨਮੋਲ ਨੇ ਮੈਚ ਦਾ ਪਹਿਲਾ ਗੋਲ 16ਵੇਂ ਮਿੰਟ ’ਚ ਪੈਨਲਟੀ ਸਟਰੋਕ ਨਾਲ ਕੀਤਾ। ਚਾਰ ਮਿੰਟ ਬਾਅਦ ਯਾਦਵ ਨੇ ਇਕ ਹੋਰ ਗੋਲ ਕਰ ਕੇ ਸਕੋਰ 4-0 ਕਰ ਦਿੱਤਾ। ਪ੍ਰਭਦੀਪ ਨੇ 26ਵੇਂ ਤੇ 30ਵੇਂ ਮਿੰਟ ’ਚ ਗੋਲ ਕਰ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਤੇ ਅੱਧੇ ਸਮੇਂ ਤੱਕ ਭਾਰਤ ਨੂੰ 6-0 ਦੀ ਬੜ੍ਹਤ ਦਿਵਾਈ। ਭਾਰਤ ਨੇ ਦੂਜੇ ਹਾਫ ’ਚ ਵੀ ਆਪਣਾ ਦਬਦਬਾ ਕਾਇਮ ਰੱਖਿਆ। ਅਨਮੋਲ ਨੇ 35ਵੇਂ ਅਤੇ 42ਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਆਪਣੇ ਖਾਤੇ ’ਚ ਦੋ ਹੋਰ ਗੋਲ ਕੀਤੇ। ਤੀਜੇ ਕੁਆਰਟਰ ਦੇ ਅੰਤ ’ਚ ਪ੍ਰਭਦੀਪ ਨੇ ਇੱਕ ਹੋਰ ਗੋਲ ਕਰ ਕੇ ਸਕੋਰ 9-0 ਕਰ ਦਿੱਤਾ। ਭਾਰਤ ਨੇ ਮੈਚ ਦੇ ਆਖਰੀ ਕੁਆਰਟਰ ’ਚ ਪੰਜ ਹੋਰ ਗੋਲ ਕੀਤੇ। ਅਨਮੋਲ ਨੇ 51ਵੇਂ ਮਿੰਟ ’ਚ ਚੌਥਾ ਗੋਲ ਕੀਤਾ। ਇਸ ਤੋਂ ਇਕ ਮਿੰਟ ਬਾਅਦ ਹੀ ਪ੍ਰਭਦੀਪ ਨੇ ਆਪਣਾ ਪੰਜਵਾਂ ਗੋਲ ਕੀਤਾ। ਯਾਦਵ ਨੇ 53ਵੇਂ ਮਿੰਟ ’ਚ ਦੋ ਗੋਲ ਕਰ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਤੇ ਭਾਰਤ ਨੇ 13-0 ਦੀ ਬੜ੍ਹਤ ਬਣਾ ਲਈ। ਮੌਰੀਆ ਨੇ 59ਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਭਾਰਤ ਦੀ ਵੱਡੀ ਜਿੱਤ ਯਕੀਨੀ ਬਣਾਈ।