ਜੂਨੀਅਰ ਹਾਕੀ ਏਸ਼ੀਆ ਕੱਪ : ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਫਾਈਨਲ 'ਚ ਪਹੁੰਚਿਆ ਭਾਰਤ, ਛੇਵੇਂ ਖ਼ਿਤਾਬ ਤੋਂ ਇੱਕ ਕਦਮ ਦੂਰ
ਸ਼ਾਨਦਾਰ ਫਾਰਮ ’ਚ ਚੱਲ ਰਹੇ ਕਪਤਾਨ ਅਨਮੋਲ ਇੱਕਾ ਦੇ ਗੋਲਾਂ ਦੀ ਮਦਦ ਨਾਲ ਸਾਬਕਾ ਚੈਂਪੀਅਨ ਭਾਰਤ ਨੇ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਏਐੱਚਐੱਫ ਮਰਦ ਜੂਨੀਅਰ ਏਸ਼ੀਆ ਕੱਪ ਦੇ ਫਾਈਨਲ ’ਚ ਐਂਟਰੀ ਕਰ ਲਈ
Publish Date: Sat, 12 Sep 2026 11:17 AM (IST)
Updated Date: Sat, 12 Sep 2026 11:22 AM (IST)
ਮੋਕੀ (ਪੀਟੀਆਈ) : ਸ਼ਾਨਦਾਰ ਫਾਰਮ ’ਚ ਚੱਲ ਰਹੇ ਕਪਤਾਨ ਅਨਮੋਲ ਇੱਕਾ ਦੇ ਗੋਲਾਂ ਦੀ ਮਦਦ ਨਾਲ ਸਾਬਕਾ ਚੈਂਪੀਅਨ ਭਾਰਤ ਨੇ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਏਐੱਚਐੱਫ ਮਰਦ ਜੂਨੀਅਰ ਏਸ਼ੀਆ ਕੱਪ ਦੇ ਫਾਈਨਲ ’ਚ ਐਂਟਰੀ ਕਰ ਲਈ। ਡਰੈਗ ਫਲਿੱਕਰ ਅਨਮੋਲ ਨੇ ਮੋਰਚੇ ਦੀ ਅਗਵਾਈ ਕਰਦੇ ਹੋਏ ਦੋ ਪੈਨਲਟੀ ਕਾਰਨਰ ਗੋਲ ’ਚ ਤਬਦੀਲ ਕੀਤੇ। ਉਸਦੇ ਟੂਰਨਾਮੈਂਟ ’ਚ ਹੁਣ 16 ਗੋਲ ਹੋ ਗਏ ਹਨ। ਗੋਲਕੀਪਰ ਵਿਵੇਕ ਲਾਕੜਾ ਨੇ ਵੀ ਇਕ ਪੈਨਲਟੀ ਸਟ੍ਰੋਕ ਸਮੇਤ ਕਈ ਸ਼ਾਨਦਾਰ ਬਚਾਅ ਕਰ ਕੇ ਭਾਰਤ ਦਾ ਦਬਦਬਾ ਬਣਾਈ ਰੱਖਿਆ।
ਭਾਰਤ ਦੀਆਂ ਨਜ਼ਰਾਂ ਚੌਥੇ ਤੇ ਕੁੱਲ ਛੇਵੇਂ ਖ਼ਿਤਾਬ ’ਤੇ ਹਨ। ਹੁਣ ਉਸਦਾ ਸਾਹਮਣਾ ਪਾਕਿਸਤਾਨ ਤੇ ਦੱਖਣੀ ਕੋਰੀਆ ਵਿਚਾਲੇ ਹੋਏ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਭਾਰਤ ਨੂੰ 16ਵੇਂ ਮਿੰਟ ’ਚ ਚੌਥਾ ਪੈਨਲਟੀ ਕਾਰਨਰ ਮਿਲਿਆ। ਕਪਤਾਨ ਅਨਮੋਲ ਨੇ ਇਸ ਨੂੰ ਗੋਲ ’ਚ ਬਦਲ ਕੇ ਭਾਰਤ ਨੂੰ ਬੜ੍ਹਤ ਦਿਵਾਈ। ਭਾਰਤੀ ਗੋਲਕੀਪਰ ਲਾਕੜਾ ਨੇ 34ਵੇਂ ਮਿੰਟ ’ਚ ਗੋਲ ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ। ਭਾਰਤ ਦੇ ਮਨਮੀਤ ਸਿੰਘ ਨੂੰ 36ਵੇਂ ਮਿੰਟ ’ਚ ਤੇ ਪ੍ਰਭਦੀਪ ਸਿੰਘ ਨੂੰ 41ਵੇਂ ਮਿੰਟ ’ਚ ਪੀਲ ਕਾਰਡ ਮਿਲਿਆ। ਚੌਥੇ ਕੁਆਰਟਰ ’ਚ ਭਾਰਤ ਲਈ ਸੁਖਵਿੰਦਰ ਨੇ ਦੂਜਾ ਗੋਲ ਕੀਤਾ। ਭਾਰਤ ਨੂੰ 54ਵੇਂ ਮਿੰਟ ’ਚ ਮਿਲੇ ਪੈਨਲਟੀ ਕਾਰਨਰ ’ਤੇ ਮਲੇਸ਼ੀਆ ਨੇ ਵੀਡੀਓ ਰੈਫਰਲ ਲਿਆ ਪਰ ਵੀਡੀਓ ਰੈਫਰੀ ਨੇ ਮੁੱਢਲਾ ਫ਼ੈਸਲਾ ਕਾਇਮ ਰੱਖਿਆ। ਅਨਮੋਲ ਨੇ ਇਸ ’ਤੇ ਗੋਲ ਕਰ ਕੇ ਭਾਰਤ ਦੀ ਬੜ੍ਹਤ 3-0 ਕਰ ਦਿੱਤੀ। ਆਖਰੀ ਸੀਟੀ ਵੱਜਣ ਤੋਂ 24 ਮਿੰਟ ਪਹਿਲਾਂ ਮਲੇਸ਼ੀਆ ਨੂੰ ਅੱਠਵਾਂ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਐੱਮ ਰਾਹੁਲ ਨੇ ਗੋਲ ’ਚ ਬਦਲਿਆ।