Junior Asia Cup: ਸੁਪ੍ਰਿਆ ਦੀ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾਕੀ ਟੀਮ ਫਾਈਨਲ 'ਚ, ਕੋਰੀਆ ਨੂੰ 5-1 ਨਾਲ ਰੌਂਦਿਆ
ਡਰੈਗ ਫਲਿੱਕਰ ਸੁਪ੍ਰਿਆ ਦੇ 3 ਗੋਲਾਂ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਸ਼ਨੀਵਾਰ ਨੂੰ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਏਐੱਚਐੱਫ ਜੂਨੀਅਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ’ਚ ਪ੍ਰਵੇਸ਼ ਕਰ ਲਿਆ। ਸੁਪ੍ਰੀਆ ਨੇ ਤਿੰਨੋਂ ਗੋਲ ਪੈਨਲਟੀ ਕਾਰਨਰ ਰਾਹੀਂ ਕੀਤੇ
Publish Date: Sun, 13 Sep 2026 12:04 PM (IST)
Updated Date: Sun, 13 Sep 2026 12:19 PM (IST)
ਮੋਕੀ, ਪੀਟੀਆਈ : ਡਰੈਗ ਫਲਿੱਕਰ ਸੁਪ੍ਰਿਆ ਦੇ 3 ਗੋਲਾਂ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਸ਼ਨੀਵਾਰ ਨੂੰ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਏਐੱਚਐੱਫ ਜੂਨੀਅਰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ’ਚ ਪ੍ਰਵੇਸ਼ ਕਰ ਲਿਆ। ਸੁਪ੍ਰੀਆ ਨੇ ਤਿੰਨੋਂ ਗੋਲ ਪੈਨਲਟੀ ਕਾਰਨਰ ਰਾਹੀਂ ਕੀਤੇ। ਐਤਵਾਰ ਨੂੰ ਹੋਣ ਵਾਲੇ ਫਾਈਨਲ ’ਚ ਭਾਰਤ ਦਾ ਸਾਹਮਣਾ ਚੀਨ ਨਾਲ ਹੋਵੇਗਾ।
ਭਾਰਤ ਨੇ 13ਵੇਂ ਮਿੰਟ ’ਚ ਖਾਤਾ ਖੋਲ੍ਹਿਆ ,ਜਦੋਂ ਮਧੂ ਸਿਦਾਰ ਨੇ ਸ਼ਾਨਦਾਰ ਮੈਦਾਨੀ ਗੋਲ ਕਰ ਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਦੂਜੇ ਕੁਆਰਟਰ ’ਚ ਭਾਰਤੀ ਖਿਡਾਰੀਆਂ ਨੇ ਕੋਰੀਆਈ ਗੋਲ ’ਤੇ ਲਗਾਤਾਰ ਹਮਲੇ ਕੀਤੇ। ਸੁਪ੍ਰਿਆ ਨੇ 17ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਗੋਲ ਕਰ ਕੇ ਭਾਰਤ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਭਾਰਤ ਨੇ ਬਾਲ ਕੰਟਰੋਲ ਦੇ ਮਾਮਲੇ ’ਚ ਦਬਦਬਾ ਕਾਇਮ ਰੱਖਿਆ ਤੇ 21ਵੇਂ ਮਿੰਟ ’ਚ ਭਾਰਤੀ ਵਿੰਗਰ ਨੇ ਕੋਰੀਆਈ ਗੋਲ ਦੇ 23 ਮੀਟਰ ਦੇ ਅੰਦਰ ਗੇਂਦ ਨੂੰ ਫੜ ਲਿਆ ਤੇ ਸਰਕਲ ਦੇ ਅੰਦਰ ਇੱਕ ਸ਼ਾਨਦਾਰ ਕਰਾਸ ਪਹੁੰਚਾਇਆ। ਸੁਖਵੀਰ ਨੇ ਇਸ ਨੂੰ ਗੋਲ ’ਚ ਬਦਲ ਕੇ ਸਕੋਰ 3-0 ਕਰ ਦਿੱਤਾ। ਭਾਰਤ ਨੂੰ 33ਵੇਂ ਮਿੰਟ ’ਚ ਮਿਲੇ ਪੈਨਲਟੀ ਕਾਰਨਰ ਨੂੰ ਸੁਪ੍ਰਿਆ ਨੇ ਗੋਲ ’ਚ ਬਦਲ ਦਿੱਤਾ। ਦੱਖਣੀ ਕੋਰੀਆ ਲਈ ਯੂਰੀ ਜੇਓਂਗ ਨੇ 41ਵੇਂ ਮਿੰਟ 'ਚ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਸਕੋਰ 4-1 ਕਰ ਦਿੱਤਾ। ਭਾਰਤ ਨੇ ਕੋਰੀਆ ਦੇ ਹਮਲਿਆਂ ਨੂੰ ਨਾਕਾਮ ਕਰਨ ਲਈ ਆਖਰੀ ਕੁਆਰਟਰ ’ਚ ਸ਼ਾਨਦਾਰ ਡਿਫੈਂਸ ਦਾ ਪ੍ਰਦਰਸ਼ਨ ਕੀਤਾ। ਭਾਰਤ ਲਈ 5ਵਾਂ ਗੋਲ ਸੁਪ੍ਰਿਆ ਨੇ 56ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਕੀਤਾ।
6ਵਾਂ ਖਿਤਾਬ ਜਿੱਤਣ ਉਤਰੇਗੀ ਪੁਰਸ਼ ਟੀਮ ਐਤਵਾਰ ਨੂੰ ਹੀ ਜੂਨੀਅਰ ਪੁਰਸ਼ ਟੀਮ ਫਾਈਨਲ ’ਚ ਦੱਖਣੀ ਕੋਰੀਆ ਨਾਲ ਭਿੜੇਗੀ। ਪੰਜ ਵਾਰ ਖ਼ਿਤਾਬ ਜਿੱਤ ਚੁੱਕੀ ਭਾਰਤੀ ਟੀਮ ਦੀ ਨਜ਼ਰ 6ਵੇਂ ਖ਼ਿਤਾਬ 'ਤੇ ਹੋਵੇਗੀ। ਭਾਰਤ ਟੂਰਨਾਮੈਂਟ ’ਚ ਹੁਣ ਤੱਕ ਅਜੇਤੂ ਰਿਹਾ ਹੈ ਤੇ ਉਸ ਨੇ ਗਰੁੱਪ ਗੇੜ ’ਚ ਦੱਖਣੀ ਕੋਰੀਆ ਨੂੰ 7-3 ਦੇ ਫਰਕ ਨਾਲ ਹਰਾਇਆ ਸੀ। ਭਾਰਤੀ ਕਪਤਾਨ ਅਨਮੋਲ ਏਕਾ ਟੂਰਨਾਮੈਂਟ ’ਚ ਹੁਣ ਤੱਕ 16 ਗੋਲ ਕਰ ਕੇ ਸਭ ਤੋਂ ਵੱਧ ਸਕੋਰਰ ਹੈ ਤੇ ਫਾਈਨਲ ’ਚ ਭਾਰਤ ਦਾ ਪੱਲੜਾ ਭਾਰੀ ਹੈ।