ਉੱਚੀਆਂ-ਨੀਵੀਆਂ ਸੜਕਾਂ ਤੋਂ ਏਸ਼ਿਆਈ ਖੇਡਾਂ ਤੱਕ ਦਾ ਸਫ਼ਰ: ਲੋਹਰਦਗਾ ਦੀ ਧੀ ਸਰਿਤਾ ਸਾਈਕਲਿੰਗ 'ਚ ਭਾਰਤ ਲਈ ਜਿੱਤਣਾ ਚਾਹੁੰਦੀ ਹੈ ਮੈਡਲ
ਸਰਿਤਾ ਦਾ ਪਰਿਵਾਰ ਇਕ ਸਾਧਾਰਣ ਤੇ ਸੰਘਰਸ਼ਸ਼ੀਲ ਪਿਛੋਕੜ ਤੋਂ ਆਉਂਦਾ ਹੈ। ਉਸਦੇ ਪਿਤਾ ਸਾਵਿਆ ਉਰਾਓਂ ਤੇ ਮਾਂ ਸਾਤੋ ਉਰਾਓਂ ਮਜ਼ਦੂਰ ਦੇ ਤੌਰ ’ਤੇ ਕੰਮ ਕਰਦੇ ਹਨ। ਪਰਿਵਾਰ ਦੀ ਸੀਮਤ ਆਮਦਨ ਦਾ ਵੱਡਾ ਹਿੱਸਾ ਰੋਜ਼ਾਨਾ ਦੀਆਂ ਲੋੜਾਂ ਤੇ ਖਾਣੇ ਦਾ ਪ੍ਰਬੰਧ ਕਰਨ ’ਚ ਹੀ ਚਲਾ ਜਾਂਦਾ ਹੈ
Publish Date: Wed, 09 Sep 2026 12:39 PM (IST)
Updated Date: Wed, 09 Sep 2026 12:43 PM (IST)
ਸੰਜੀਵ ਰੰਜਨ, ਪੰਜਾਬੀ ਜਾਗਰਣ, ਰਾਂਚੀ : ਝਾਰਖੰਡ ਦੇ ਲੋਹਰਦਗਾ ਜ਼ਿਲ੍ਹੇ ਦੇ ਦੂਰ-ਦੁਰਾਡੇ ਤੇ ਨਕਸਲ ਪ੍ਰਭਾਵਿਤ ਪਿੰਡ ਹਰਮੂ ਕਰਚਾ ਟੋਲੀ ਦੀਆਂ ਉੱਚੀਆਂ-ਨੀਵੀਆਂ ਸੜਕਾਂ ਤੋਂ ਸ਼ੁਰੂ ਹੋਇਆ ਸਰਿਤਾ ਕੁਮਾਰੀ ਦਾ ਸਫਰ ਹੁਣ ਅੰਤਰਰਾਸ਼ਟਰੀ ਮੰਚ ਤੱਕ ਪਹੁੰਚ ਚੁੱਕਾ ਹੈ। ਜੀਵਨ ਦੀ ਹਰ ਚੁਣੌਤੀ ਤੇ ਤੰਗਹਾਲੀ ਨੂੰ ਪਿੱਛੇ ਛੱਡਦੇ ਹੋਏ ਸਰਿਤਾ ਕੁਮਾਰੀ ਦੀ ਚੋਣ ਜਾਪਾਨ ਦੇ ਆਈਚੀ-ਨਾਗੋਯਾ ’ਚ 19 ਸਤੰਬਰ ਤੋਂ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ’ਚ ਹੋਈ ਹੈ। ਇਹ ਉਪਲੱਬਧੀ ਨਾ ਸਿਰਫ ਇਸ ਨੌਜਵਾਨ ਐਥਲੀਟ ਦੇ ਜਨੂੰਨ ਤੇ ਅਟੁੱਟ ਸੰਕਲਪ ਨੂੰ ਦਰਸਾਉਂਦੀ ਹੈ, ਬਲਕਿ ਝਾਰਖੰਡ ਦੇ ਖੇਡ ਇਤਿਹਾਸ ’ਚ ਇਕ ਨਵਾਂ ਅਧਿਆਏ ਵੀ ਜੋੜਦੀ ਹੈ।
ਸਰਿਤਾ ਦਾ ਪਰਿਵਾਰ ਇਕ ਸਾਧਾਰਣ ਤੇ ਸੰਘਰਸ਼ਸ਼ੀਲ ਪਿਛੋਕੜ ਤੋਂ ਆਉਂਦਾ ਹੈ। ਉਸਦੇ ਪਿਤਾ ਸਾਵਿਆ ਉਰਾਓਂ ਤੇ ਮਾਂ ਸਾਤੋ ਉਰਾਓਂ ਮਜ਼ਦੂਰ ਦੇ ਤੌਰ ’ਤੇ ਕੰਮ ਕਰਦੇ ਹਨ। ਪਰਿਵਾਰ ਦੀ ਸੀਮਤ ਆਮਦਨ ਦਾ ਵੱਡਾ ਹਿੱਸਾ ਰੋਜ਼ਾਨਾ ਦੀਆਂ ਲੋੜਾਂ ਤੇ ਖਾਣੇ ਦਾ ਪ੍ਰਬੰਧ ਕਰਨ ’ਚ ਹੀ ਚਲਾ ਜਾਂਦਾ ਹੈ। ਉਸਦੇ ਮਾਪਿਆਂ ਲਈ ਏਸ਼ਿਆਈ ਖੇਡਾਂ, ਅੰਤਰਰਾਸ਼ਟਰੀ ਮੁਕਾਬਲੇ ਤੇ ਖੇਡ ਸੰਸਾਰ ਦੀ ਵਿਸ਼ਾਲਤਾ ਕਾਫੀ ਹੱਦ ਤੱਕ ਅਣਕਹੀਆਂ ਗੱਲਾਂ ਹਨ। ਇਸਦੇ ਬਾਵਜੂਦ ਉਨ੍ਹਾਂ ਆਪਣੀ ਧੀ ਦੇ ਸੁਪਨਿਆਂ ਦੇ ਰਾਹ ’ਚ ਕਦੀ ਗ਼ਰੀਬੀ ਨੂੰ ਨਹੀਂ ਆਉਣ ਦਿੱਤਾ ਤੇ ਹਰ ਕਦਮ ’ਤੇ ਉਸ ਨਾਲ ਖੜ੍ਹੇ ਰਹੇ। ਸਰਿਤਾ ਦੀ ਚੋਣ ਝਾਰਖੰਡ ਲਈ ਇਕ ਇਤਿਹਾਸਕ ਮੋੜ ਮੰਨਿਆ ਜਾ ਰਿਹਾ ਹੈ। ਰਵਾਇਤੀ ਤੌਰ ’ਤੇ ਝਾਰਖੰਡ ਦੀ ਪਛਾਣ ਹਾਕੀ, ਤੀਰਅੰਦਾਜ਼ੀ ਤੇ ਕ੍ਰਿਕਟ ਵਰਗੀਆਂ ਖੇਡਾਂ ਨਾਲ ਰਹੀ ਹੈ। ਅਜਿਹੇ ’ਚ ਸਾਈਕਲਿੰਗ ਵਰਗੀ ਖੇਡ ਏਸ਼ਿਆਈ ਖੇਡਾਂ ਦੇ ਪੱਧਰ ’ਤੇ ਸੂਬੇ ਦੀ ਨੁਮਾਇੰਦਗੀ ਹੋਣਾ ਇਹ ਸਾਬਿਤ ਕਰਦਾ ਹੈ ਕਿ ਇਥੋਂ ਦਾ ਖੇਡ ਹੁਨਰ ਹੁਣ ਰਵਾਇਤੀ ਘੇਰਿਆਂ ਤੋਂ ਬਾਹਰ ਨਿਕਲ ਕੇ ਨਵੇਂ ਖੇਤਰਾਂ ’ਚ ਆਪਣੀ ਛਾਪ ਛੱਡ ਰਿਹਾ ਹੈ। ਆਪਣੀ ਇਸ ਸਫਲਤਾ ’ਤੇ ਸਰਿਤਾ ਨੇ ਕਿਹਾ ਕਿ ਦੇਸ਼ ਦੀ ਨੁਮਾਇੰਦਗੀ ਕਰਨਾ ਇਕ ਸੁਪਨੇ ਵਰਗਾ ਹੈ ਪਰ ਇਸਦੇ ਨਾਲ ਹੀ ਮੇਰੀ ਜ਼ਿੰਮੇਵਾਰੀ ਵੀ ਵੱਧ ਗਈ ਹੈ। ਮੇਰੀ ਸਰਬਉੱਚ ਪਹਿਲ ਭਾਰਤ ਲਈ ਮੈਡਲ ਜਿੱਤਣਾ ਹੈ। ਸਰਿਤਾ ਦਾ ਮੰਨਣਾ ਹੈ ਕਿ ਝਾਰਖੰਡ ਦੇ ਨੌਜਵਾਨਾਂ ’ਚ ਹੁਨਰ ਦੀ ਕੋਈ ਕਮੀ ਨਹੀਂ ਹੈ। ਜੇ ਖਿਡਾਰੀਆਂ ਨੂੰ ਸਹੀ ਸਮੇਂ ’ਤੇ ਸਹੀ ਬੁਨਿਆਦੀ ਢਾਂਚਾ, ਸਿਖਲਾਈ ਤੇ ਰੈਗੂਲਰ ਮੁਕਾਬਲਿਆਂ ਦੇ ਮੌਕੇ ਮਿਲਣ ਤਾਂ ਸੂਬੇ ਦੇ ਖੇਡ ਹਾਲਾਤ ’ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਜਾ ਸਕਦਾ ਹੈ।