17 ਸਾਲਾਂ ਬਾਅਦ ਪੰਜਾਬ 'ਚ ਅੰਤਰਰਾਸ਼ਟਰੀ ਹਾਕੀ ਦੀ ਵਾਪਸੀ, ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਆਗਾਜ਼ ਅੱਜ; ਪਹਿਲੇ ਮੈਚ 'ਚ ਬੰਗਲਾਦੇਸ਼ ਸਾਹਮਣੇ ਹੋਵੇਗੀ ਭਾਰਤੀ ਟੀਮ
ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ, ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਟੀਮ ਨੇ ਹਰ ਮੈਚ ਲਈ ਇੱਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ। ਮਨਪ੍ਰੀਤ ਸਿੰਘ ਪਿੰਜਣੀ ਦੀ ਸੱਟ ਕਾਰਨ ਪਹਿਲੇ ਮੈਚ ’ਚ ਨਹੀਂ ਖੇਡ ਸਕਣਗੇ, ਉਨ੍ਹਾਂ ਦੀ ਜਗ੍ਹਾ ਵਿਵੇਕ ਸਾਗਰ ਪ੍ਰਸਾਦ ਟੀਮ ’ਚ ਸ਼ਾਮਲ ਹੋਣਗੇ
Publish Date: Tue, 27 Oct 2026 11:32 AM (IST)
Updated Date: Tue, 27 Oct 2026 11:40 AM (IST)
ਕਮਲ ਕਿਸ਼ੋਰ, ਜਾਗਰਣ, ਜਲੰਧਰ : ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਮੰਗਲਵਾਰ ਤੋਂ ‘ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ’ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪੰਜ ਵਾਰ ਦੀ ਚੈਂਪੀਅਨ ਭਾਰਤੀ ਟੀਮ ਦੇ ਸ਼ੇਰ ਆਪਣੇ ਪਹਿਲੇ ਮੈਚ ’ਚ ਬੰਗਲਾਦੇਸ਼ ਦਾ ਸਾਹਮਣਾ ਕਰਨਗੇ। ਭਾਰਤੀ ਟੀਮ ’ਚ ਸ਼ਾਮਲ ਨੌਂ ਖਿਡਾਰੀ, ਜਿਨ੍ਹਾਂ ’ਚ ਕਪਤਾਨ ਹਰਮਨਪ੍ਰੀਤ ਸਿੰਘ ਵੀ ਸ਼ਾਮਲ ਹਨ, ਪੰਜਾਬ ਨਾਲ ਸਬੰਧ ਰੱਖਦੇ ਹਨ ਤੇ ਉਹ ਪਹਿਲੀ ਵਾਰ ਆਪਣੀ ਘਰੇਲੂ ਧਰਤੀ ’ਤੇ ਕੋਈ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਣਗੇ। ਪੰਜਾਬ 17 ਸਾਲਾਂ ਬਾਅਦ ਕਿਸੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ 2009 ’ਚ ਇੱਥੇ ‘ਗੋਲਡ ਕੱਪ’ ਕਰਵਾਇਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਸ਼ਾਮ 5:00 ਵਜੇ ਟੂਰਨਾਮੈਂਟ ਦਾ ਉਦਘਾਟਨ ਕਰਨਗੇ। ਸਟੇਡੀਅਮ ’ਚ ਦਰਸ਼ਕਾਂ ਲਈ ਦਾਖਲਾ ਮੁਫ਼ਤ ਹੈ ਤੇ ਇੱਥੇ 7,000 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ।
ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ, ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਟੀਮ ਨੇ ਹਰ ਮੈਚ ਲਈ ਇੱਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ। ਮਨਪ੍ਰੀਤ ਸਿੰਘ ਪਿੰਜਣੀ ਦੀ ਸੱਟ ਕਾਰਨ ਪਹਿਲੇ ਮੈਚ ’ਚ ਨਹੀਂ ਖੇਡ ਸਕਣਗੇ, ਉਨ੍ਹਾਂ ਦੀ ਜਗ੍ਹਾ ਵਿਵੇਕ ਸਾਗਰ ਪ੍ਰਸਾਦ ਟੀਮ ’ਚ ਸ਼ਾਮਲ ਹੋਣਗੇ। ਹਾਲਾਂਕਿ ਮਨਪ੍ਰੀਤ ਦੇ ਤਜਰਬੇ ਦੀ ਕਮੀ ਮਹਿਸੂਸ ਹੋਵੇਗੀ, ਪਰ ਉਮੀਦ ਹੈ ਕਿ ਭਾਰਤੀ ਟੀਮ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖੇਗੀ।
ਭਾਰਤ ਨੇ ਹੁਣ ਤੱਕ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜ ਵਾਰ 2011, 2016, 2018 (ਪਾਕਿਸਤਾਨ ਨਾਲ ਸਾਂਝੇ ਜੇਤੂ), 2023 ਤੇ 2024 ’ਚ ਜਿੱਤੀ ਹੈ। ਪਿਛਲੇ ਦੋ ਸੰਸਕਰਣ ਜਿੱਤਣ ਤੋਂ ਬਾਅਦ, ਭਾਰਤ ਹੁਣ ਖਿਤਾਬਾਂ ਦੀ ‘ਹੈਟ੍ਰਿਕ’ ਲਗਾਉਣ ਦਾ ਟੀਚਾ ਰੱਖੇਗਾ। ਪੰਜਾਬ ਭਰ ’ਚ ਕੀਤੇ ਜਾ ਰਹੇ ਦੌਰੇ ਦੇ ਹਿੱਸੇ ਵਜੋਂ, ਇਹ ਟਰਾਫੀ ਸੋਮਵਾਰ ਨੂੰ ਜਲੰਧਰ ਪਹੁੰਚੀ। ਹਾਕੀ ਇੰਡੀਆ ਦੇ ਉਪ-ਪ੍ਰਧਾਨ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਡੀ.ਸੀ. ਵਰਜੀਤ ਵਾਲੀਆ, ਸੀ.ਪੀ. ਸਤਿੰਦਰ ਸਿੰਘ ਤੇ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਬਲਜੀਤ ਸਿੰਘ ਢਿੱਲੋਂ ਤੇ ਜਗਦੀਪ ਗਿੱਲ ਨੇ ਢੋਲ ਦੀ ਤਾਲ ’ਤੇ ਟਰਾਫੀ ਨੂੰ ਸਟੇਡੀਅਮ ਦੇ ਅੰਦਰ ਲਿਆਂਦਾ। ਭਾਰਤੀ ਟੀਮ ’ਚ ਹਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਜਰਮਨਪ੍ਰੀਤ ਸਿੰਘ, ਰਾਜਿੰਦਰ ਸਿੰਘ, ਹਾਰਦਿਕ ਸਿੰਘ, ਸੁਖਜੀਤ ਸਿੰਘ, ਦਿਲਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਪੰਜਾਬ ਤੋਂ ਹਨ।
ਮਲੇਸ਼ੀਆ ਭਾਰਤ ਲਈ ਚੁਣੌਤੀ ਪੇਸ਼ ਕਰ ਸਕਦਾ ਹੈ ਭਾਰਤ ਨੇ ਜਾਪਾਨ ’ਚ ਹੋਈਆਂ ਏਸ਼ੀਆਈ ਖੇਡਾਂ ’ਚ ਮਲੇਸ਼ੀਆ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ ਸੀ। ਭਾਰਤ ਨੂੰ ਮਲੇਸ਼ੀਆ ਤੋਂ ਸਖ਼ਤ ਚੁਣੌਤੀ ਮਿਲ ਸਕਦੀ ਹੈ; ਦੋਵੇਂ ਟੀਮਾਂ 1 ਨਵੰਬਰ ਨੂੰ ਲੀਗ ਪੜਾਅ ਦੌਰਾਨ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਵਿਸ਼ਵ ਦਰਜਾਬੰਦੀ ਵਿੱਚ ਅੱਠਵੇਂ ਸਥਾਨ 'ਤੇ ਹੈ, ਜੋ ਕਿ ਚੈਂਪੀਅਨਜ਼ ਟਰਾਫੀ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਵਿੱਚੋਂ ਸਭ ਤੋਂ ਉੱਚੀ ਦਰਜਾਬੰਦੀ ਹੈ। ਲੀਗ ਮੈਚ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ, ਜਦਕਿ ਮੁਹਾਲੀ ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਹੋਣਗੇ।
ਅੱਜ ਦੇ ਮੈਚ ਪਹਿਲਾ ਮੈਚ: ਦੁਪਹਿਰ 1:00 ਵਜੇ – ਮਲੇਸ਼ੀਆ ਬਨਾਮ ਚੀਨ
ਦੂਜਾ ਮੈਚ: ਦੁਪਹਿਰ 3:15 ਵਜੇ – ਜਾਪਾਨ ਬਨਾਮ ਦੱਖਣੀ ਕੋਰੀਆ
ਤੀਜਾ ਮੈਚ: ਸ਼ਾਮ 7:20 ਵਜੇ – ਭਾਰਤ ਬਨਾਮ ਬੰਗਲਾਦੇਸ਼