ਏਸ਼ਿਆਈ ਖੇਡਾਂ 'ਚ ਭਾਰਤ ਦਾ ਦਬਦਬਾ : ਮੁੱਕੇਬਾਜ਼ ਪਰਵੀਨ, ਅੰਕੁਸ਼ ਤੇ ਨਰਿੰਦਰ ਨੇ ਸੈਮੀਫਾਈਨਲ 'ਚ ਪਹੁੰਚ ਕੇ ਪੱਕੇ ਕੀਤੇ ਮੈਡਲ; ਤੀਰਅੰਦਾਜ਼ੀ ਟੀਮਾਂ ਵੀ ਅੰਤਿਮ-4 'ਚ
ਪਿਛਲੇ ਮਹੀਨੇ ਗਲਾਸਗੋ ’ਚ ਰਾਸ਼ਟਰਮੰਡਲ ਖੇਡਾਂ ਦਾ ਗੋਲਡ ਜਿੱਤਣ ਵਾਲੇ ਅੰਕੁਸ਼ ਨੇ ਮਰਦਾਂ ਦੇ 80 ਕਿੱਲੋ ਕੁਆਰਟਰ ਫਾਈਨਲ ’ਚ ਤਜ਼ਾਕਿਸਤਾਨ ਦੇ ਨੇਕਰੂਜ਼ ਸਾਲੀਮੋਵ ਵਿਰੁੱਧ 5-0 ਦੇ ਸਰਬਸੰਮਤ ਫ਼ੈਸਲੇ ਨਾਲ ਜਿੱਤ ਦਰਜ ਕਰ ਕੇ ਸ਼ੁਰੂਆਤ ਕੀਤੀ। ਉਥੇ ਹੀ, ਨਰਿੰਦਰ (90 ਕਿੱਲੋ ਤੋਂ ਵੱਧ) ਨੇ ਪਿਛਲੇ ਪੜਾਅ ਦੇ ਆਪਣੇ ਕਾਂਸੀ ਮੈਡਲ ’ਚ ਇਕ ਹੋਰ ਮੈਡਲ ਜੋੜ ਲਿਆ
Publish Date: Mon, 28 Sep 2026 11:24 AM (IST)
Updated Date: Mon, 28 Sep 2026 11:27 AM (IST)
ਨਿਸ਼ੀਓ (ਪੀਟੀਆਈ) : ਏਸ਼ਿਆਈ ਖੇਡਾਂ ’ਚ ਐਤਵਾਰ ਨੂੰ ਭਾਰਤ ਦੇ ਮੁੱਕੇਬਾਜ਼ ਪਰਵੀਨ ਹੁੱਡਾ, ਅੰਕੁਸ਼ ਪੰਘਾਲ ਤੇ ਨਰਿੰਦਰ ਬੇਰਵਾਲ ਨੇ ਕੁਆਰਟਰ ਫਾਈਨਲ ’ਚ ਸ਼ਾਨਦਾਰ ਜਿੱਤ ਹਾਸਲ ਕਰ ਕੇ ਦੇਸ਼ ਲਈ ਤਿੰਨ ਮੈਡਲ ਪੱਕੇ ਕੀਤੇ, ਜਦਕਿ ਸਚਿਨ ਸਿਵਾਚ ਦੀ ਮੁਹਿੰਮ ਆਖਰੀ-8 ਪੜਾਅ ’ਚ ਹਾਰ ਨਾਲ ਖ਼ਤਮ ਹੋ ਗਈ।
ਪਿਛਲੇ ਮਹੀਨੇ ਗਲਾਸਗੋ ’ਚ ਰਾਸ਼ਟਰਮੰਡਲ ਖੇਡਾਂ ਦਾ ਗੋਲਡ ਜਿੱਤਣ ਵਾਲੇ ਅੰਕੁਸ਼ ਨੇ ਮਰਦਾਂ ਦੇ 80 ਕਿੱਲੋ ਕੁਆਰਟਰ ਫਾਈਨਲ ’ਚ ਤਜ਼ਾਕਿਸਤਾਨ ਦੇ ਨੇਕਰੂਜ਼ ਸਾਲੀਮੋਵ ਵਿਰੁੱਧ 5-0 ਦੇ ਸਰਬਸੰਮਤ ਫ਼ੈਸਲੇ ਨਾਲ ਜਿੱਤ ਦਰਜ ਕਰ ਕੇ ਸ਼ੁਰੂਆਤ ਕੀਤੀ। ਉਥੇ ਹੀ, ਨਰਿੰਦਰ (90 ਕਿੱਲੋ ਤੋਂ ਵੱਧ) ਨੇ ਪਿਛਲੇ ਪੜਾਅ ਦੇ ਆਪਣੇ ਕਾਂਸੀ ਮੈਡਲ ’ਚ ਇਕ ਹੋਰ ਮੈਡਲ ਜੋੜ ਲਿਆ। ਉਸਨੇ ਥਾਈਲੈਂਡ ਦੇ ਅੱਥਾਪੋਂਗ ਸਾਏਂਗਟੇਪ ਵਿਰੁੱਧ ਕੁਆਰਟਰ ਫਾਈਨਲ ’ਚ ਰੈਫਰੀ ਦੇ ਮੁਕਾਬਲਾ ਰੋਕਣ (ਆਰਐੱਸਸੀ) ਦਿੱਤੇ ਜਾਣ ਤੋਂ ਪਹਿਲਾਂ ਜ਼ੋਰਦਾਰ ਮੁੱਕਿਆਂ ਦੀ ਵਾਛੜ ਕਰ ਕੇ ਜਿੱਤ ਦਰਜ ਕੀਤੀ, ਜਦਕਿ ਪਰਵੀਨ ਨੇ ਉਜ਼ਬੇਕਿਸਤਾਨ ਦੀ ਵਿਸ਼ਵ ਚੈਂਪੀਅਨਸ਼ਿਪ ਦੀ ਸਿਲਵਰ ਤਮਗਾ ਜੇਤੂ ਨਵਬਖੋਰ ਨੂੰ ਹਰਾ ਕੇ ਮਹਿਲਾਵਾਂ ਦੇ 65 ਕਿੱਲੋ ਸੈਮੀਫਾਈਨਲ ’ਚ ਥਾਂ ਬਣਾਈ। ਏਸ਼ਿਆਈ ਖੇਡਾਂ ਦੇ ਪਿਛਲੇ ਪੜਾਅ ’ਚ ਪਰਵੀਨ ਦਾ ਕਾਂਸੀ ਤਮਗਾ ਉਸ ਤੋਂ ਖੋਹ ਲਿਆ ਗਿਆ ਸੀ ਕਿਉਂਕਿ ਡੋਪਿੰਗ ਰੋਧੀ ਏਜੰਸੀ (ਵਾਡਾ) ਨੇ ਟਿਕਾਣੇ ਦੀ ਜਾਣਕਾਰੀ ਦੇਣ ’ਚ ਅਸਫਲ ਰਹਿਣ ਕਾਰਨ ਉਸ ’ਤੇ ਪਾਬੰਦੀ ਲਗਾ ਦਿੱਤੀ ਸੀ।
ਕੰਪਾਊਂਡ ਤੇ ਰਿਕਰਵ ਟੀਮਾਂ ਸੈਮੀਫਾਈਨਲ ’ਚ ਨਾਗੋਯਾ (ਪੀਟੀਆਈ) : ਭਾਰਤ ਨੇ ਏਸ਼ਿਆਈ ਖੇਡਾਂ ’ਚ ਆਪਣੀ ਤੀਰਅੰਦਾਜ਼ੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਐਤਵਾਰ ਨੂੰ ਮਰਦ ਤੇ ਮਹਿਲਾ ਕੰਪਾਊਂਡ ਟੀਮਾਂ ਦੇ ਨਾਲ-ਨਾਲ ਰਿਕਰਵ ਤੇ ਮਿਕਸਡ ਟੀਮਾਂ ਨੇ ਵੀ ਕਈ ਸ਼ਾਨਦਾਰ ਜਿੱਤ ਹਾਸਲ ਕਰਦੇ ਹੋਏ ਸੈਮੀਫਾਈਨਲ ’ਚ ਥਾਂ ਬਣਾਈ। ਕੁਸ਼ਲ ਦਲਾਲ, ਸਾਹਿਲ ਜਾਧਵ ਤੇ ਗਣੇਸ਼ ਮਨੀ ਰਤਨਮ ਦੀ ਮਰਦ ਕੰਪਾਊਂਡ ਟੀਮ ਨੇ ਮੁਕਾਬਲੇਬਾਜ਼ੀ ਦੀ ਸ਼ੁਰੂਆਤ ਆਖਰੀ-16 ’ਚ ਯੂਏਈ ’ਤੇ 235-215 ਦੀ ਜਿੱਤ ਨਾਲ ਕੀਤੀ ਤੇ ਫਿਰ ਕੁਆਰਟਰ ਫਾਈਨਲ ’ਚ ਭੂਟਾਨ ਨੂੰ 235-232 ਨਾਲ ਹਰਾਇਆ। ਜੋਤੀ ਸੁਰੇਖਾ ਵੈੱਨਮ, ਚਿਕਿਤਾ ਤਨਿਪਾਰਥੀ ਤੇ ਪ੍ਰਥੀਕਾ ਪ੍ਰਦੀਪ ਦੀ ਮਹਿਲਾ ਕੰਪਾਊਂਡ ਤਿਕੜੀ ਨੇ ਆਖਰੀ-16 ’ਚ ਮੰਗੋਲੀਆ ਨੂੰ 238-223 ਨਾਲ ਤੇ ਕੁਆਰਟਰ ਫਾਈਨਲ ’ਚ ਕਜ਼ਾਕਿਸਤਾਨ ਨੂੰ 233-230 ਨਾਲ ਹਰਾਇਆ। ਦੋਵਾਂ ਭਾਰਤੀ ਕੰਪਾਊਂਡ ਟੀਮਾਂ ਹੁਣ 30 ਸਤੰਬਰ ਨੂੰ ਸੈਮੀਫਾਈਨਲ ’ਚ ਦੱਖਣੀ ਕੋਰੀਆ ਦਾ ਸਾਹਮਣਾ ਕਰਨਗੀਆਂ। ਮਰਦ ਰਿਕਰਵ ਵਰਗ ’ਚ ਧੀਰਜ ਬੋਮਾਦੇਵਰਾ ਤੇ ਸੰਜੇ ਭੋਗੇ ਤੇ ਮਹਿਲਾ ਰਿਕਰਵ ਵਰਗ ’ਚ ਜੋਤੀ ਤੇ ਕੁਮਕੁਮ ਨੇ ਵੀ ਆਪਣੇ-ਆਪਣੇ ਲਗਾਤਾਰ ਦੋ ਮੁਕਾਬਲੇ ਜਿੱਤ ਕੇ ਆਖਰੀ-4 ’ਚ ਥਾਂ ਬਣਾਈ। ਇਸੇ ਤਰ੍ਹਾਂ ਰਿਕਰਵ ਮਿਕਸਡ ਟੀਮ ਇਵੈਂਟ ’ਚ ਧੀਰਜ ਬੋਮਾਦੇਵਰਾ ਤੇ ਕੁਮਕੁਮ ਤੇ ਕੰਪਾਊਂਡ ਮਿਕਸਡ ਟੀਮ ’ਚ ਚਿਕਿਤਾ ਤਨਿਪਾਰਥੀ ਤੇ ਸਾਹਿਲ ਜਾਧਵ ਵੀ ਸੈਮੀਫਾਈਨਲ ’ਚ ਪਹੁੰਚ ਗਏ