ਹਾਕੀ ਵਿਸ਼ਵ ਕੱਪ 'ਚ ਭਾਰਤ ਦਾ ਨਿਰਾਸ਼ਾਜਨਕ ਪ੍ਰਦਰਸ਼ਨ, ਅਰਜਨਟੀਨਾ ਤੋਂ ਹਾਰ ਕੇ ਬਾਹਰ ਹੋਣ 'ਤੇ ਦਿੱਗਜਾਂ ਨੇ ਚੁੱਕੇ ਸਵਾਲ
ਵਿਸ਼ਵ ਕੱਪ ’ਚ 51 ਸਾਲਾਂ ਬਾਅਦ ਮੈਡਲ ਜਿੱਤਣ ਦਾ ਸੁਪਨਾ ਲੈ ਕੇ ਗਈ ਭਾਰਤੀ ਮਰਦ ਹਾਕੀ ਟੀਮ ਦੇ ਸੈਮੀਫਾਈਨਲ ’ਚ ਪਹੁੰਚਣ ’ਚ ਵੀ ਨਾਕਾਮ ਰਹਿਣ ਤੋਂ ਬਾਅਦ ਸਾਬਕਾ ਦਿੱਗਜਾਂ ਨੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਨਾ ਦੇਣ ਤੇ ਉਸੇ ਕੋਰ ਗਰੁੱਪ ਨਾਲ ਲਗਾਤਾਰ ਖੇਡਣ ’ਤੇ ਸਵਾਲ ਚੁੱਕੇ ਹਨ।
Publish Date: Wed, 26 Aug 2026 11:12 AM (IST)
Updated Date: Wed, 26 Aug 2026 11:15 AM (IST)
ਐਮਸਟੈਲਵੀਨ (ਪੀਟੀਆਈ) : ਵਿਸ਼ਵ ਕੱਪ ’ਚ 51 ਸਾਲਾਂ ਬਾਅਦ ਮੈਡਲ ਜਿੱਤਣ ਦਾ ਸੁਪਨਾ ਲੈ ਕੇ ਗਈ ਭਾਰਤੀ ਮਰਦ ਹਾਕੀ ਟੀਮ ਦੇ ਸੈਮੀਫਾਈਨਲ ’ਚ ਪਹੁੰਚਣ ’ਚ ਵੀ ਨਾਕਾਮ ਰਹਿਣ ਤੋਂ ਬਾਅਦ ਸਾਬਕਾ ਦਿੱਗਜਾਂ ਨੇ ਨੌਜਵਾਨ ਖਿਡਾਰੀਆਂ ਨੂੰ ਮੌਕਾ ਨਾ ਦੇਣ ਤੇ ਉਸੇ ਕੋਰ ਗਰੁੱਪ ਨਾਲ ਲਗਾਤਾਰ ਖੇਡਣ ’ਤੇ ਸਵਾਲ ਚੁੱਕੇ ਹਨ।
ਅਰਜਨਟੀਨਾ ਤੋਂ 3-5 ਨਾਲ ਹਾਰਣ ਤੋਂ ਬਾਅਦ ਭਾਰਤ ਦੀਆਂ ਸੈਮੀਫਾਈਨਲ ਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ ਤੇ ਇਸ ਨਾਲ ਉਹ ਕਮਜ਼ੋਰੀਆਂ ਵੀ ਸਾਹਮਣੇ ਆ ਗਈਆਂ, ਜੋ ਪੈਰਿਸ ਓਲੰਪਿਕ ਤੋਂ ਬਾਅਦ ਤੋਂ ਲਗਾਤਾਰ ਚੱਲੀਆਂ ਆ ਰਹੀਆਂ ਸਨ। ਸਾਬਕਾ ਖਿਡਾਰੀਆਂ ਦਾ ਮੰਨਣਾ ਹੈ ਕਿ ਹੌਲੀ ਸ਼ੁਰੂਆਤ, ਮੌਕੇ ਗੁਆਉਣਾ ਤੇ ਡਿਫੈਂਸ ’ਚ ਖੁੰਝਣ ਨਾਲ ਅੱਗੇ ਇਹ ਸਮੱਸਿਆ ਹੋਰ ਵੱਡੀ ਹੈ ਤੇ ਇਸਦਾ ਹੱਲ ਕਾਫੀ ਪਹਿਲਾਂ ਕੱਢਿਆ ਜਾਣਾ ਚਾਹੀਦਾ ਸੀ। ਭਾਰਤੀ ਟੀਮ ਵਿਸ਼ਵ ਕੱਪ ਤੋਂ ਪਹਿਲਾਂ ਸਵਿਟਜ਼ਰਲੈਂਡ ’ਚ ਮਾਨਸਿਕ ਦ੍ਰਿੜ੍ਹਤਾ ਵਧਾਉਣ ਲਈ ਬੂਟ ਕੈਂਪ ’ਚ ਗਈ ਪਰ ਟੂਰਨਾਮੈਂਟ ’ਚ ਦਬਾਅ ਦਾ ਸਾਹਮਣਾ ਨਾ ਕਰ ਸਕੀ। ਡਰੈਗ ਫਲਿਕਰ ਤੇ ਕਪਤਾਨ ਹਰਮਨਪ੍ਰੀਤ ਸਿੰਘ ’ਤੇ ਜ਼ਿਆਦਾ ਨਿਰਭਰਤਾ ਦਾ ਖਮਿਆਜ਼ਾ ਭੁਗਤਣਾ ਪਿਆ, ਜਦਕਿ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਸੀ। ਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਵਰਗੇ ਸੀਨੀਅਰ ਉਮੀਦਾਂ ’ਤੇ ਖਰੇ ਨਹੀਂ ਉਤਰ ਸਕੇ।
ਪੈਰਿਸ ਓਲੰਪਿਕ ’ਚ ਬਰਾਊਂਜ਼ ਮੈਡਲ ਜਿੱਤਣ ਤੋਂ ਬਾਅਦ ਸੰਨਿਆਸ ਲੈਣ ਵਾਲੇ ਗੋਲਕੀਪਰ ਪੀਆਰ ਸ਼੍ਰਈਜੇਸ਼ ਨੇ ਜੂਨੀਅਰ ਖਿਡਾਰੀਆਂ ਨੂੰ ਸਮੇਂ ’ਤੇ ਮੌਕੇ ਨਾ ਦੇਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੀਨੀਅਰ ਖਿਡਾਰੀਆਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਥਾਂ ਕੌਣ ਲਵੇਗਾ। ਕੀ ਅਸੀਂ ਦੂਜੀ ਜਮਾਤ ਤਿਆਰ ਕੀਤੀ ਹੈ। ਲਾਸ ਏਂਜਲਸ ਓਲੰਪਿਕ ’ਚ ਦੋ ਹੀ ਸਾਲ ਬਚੇ ਹਨ ਤੇ ਉਸ ਤੋਂ ਪਹਿਲਾਂ ਕਰੀਬ 30 ਅੰਤਰਰਾਸ਼ਟਰੀ ਮੈਚ ਹੀ ਹੋਣਗੇ। ਕੀ ਓਲੰਪਿਕ ਲਈ ਇਸ ਨਾਲ ਖਿਡਾਰੀ ਤਿਆਰ ਹੋ ਸਕਦੇ ਹਨ। ਉਸਨੇ ਕਿਹਾ ਕਿ ਵਿਸ਼ਵ ਕੱਪ ਦੀ ਟੀਮ ’ਚ ਵੀ ਉਹੀ ਕੋਰ ਖਿਡਾਰੀ ਹਨ, ਜਦਕਿ ਮਨਮੀਤ ਸਿੰਘ, ਆਮਿਰ ਅਲੀ, ਰੋਸ਼ਨ ਕੁਜੂਰ, ਤਾਲੇਮ ਪ੍ਰਿਆਬ੍ਰਤ, ਰੋਹਿਤ, ਅਰਸ਼ਦੀਪ ਵਰਗੇ ਕਈ ਹੁਨਰਮੰਦ ਜੂਨੀਅਰ ਉਡੀਕ ਹੀ ਕਰ ਰਹੇ ਹਨ।
ਸਾਬਕਾ ਓਲੰਪੀਅਨ ਜਗਬੀਰ ਸਿੰਘ ਨੇ ਕਿਹਾ ਕਿ ਚੋਣ ਦੇ ਕੁਝ ਫ਼ੈਸਲੇ ਬਿਹਤਰ ਹੋ ਸਕਦੇ ਸਨ। ਉਸਨੇ ਕਿਹਾ ਕਿ ਜੂਨੀਅਰ ਖਿਡਾਰੀਆਂ ਨੂੰ ਸਹੀ ਸਮੇਂ ’ਤੇ ਮੌਕੇ ਮਿਲਣੇ ਚਾਹੀਦੇ ਹਨ ਤੇ ਚੋਣ ਦੇ ਕੁਝ ਫ਼ੈਸਲੇ ਬਿਹਤਰ ਹੋ ਸਕਦੇ ਹਨ। ਤਿਆਰੀ ਓਲੰਪਿਕ ਤੋਂ ਓਲੰਪਿਕ ਦੀ ਹੋਣੀ ਚਾਹੀਦੀ ਹੈ। ਕੋਚਿੰਗ ਸਟਾਫ ਨੇ ਤਜਰਬੇ ਨੂੰ ਤਰਜੀਹ ਦਿੱਤੀ, ਜੋ ਕੰਮ ਨਹੀਂ ਆਇਆ। ਭਾਰਤ ਕੋਲ ਇਹ ਸਰਬੋਤਮ ਮੌਕਾ ਸੀ ਪਰ ਪ੍ਰਦਰਸ਼ਨ ’ਚ ਲਗਾਤਾਰਤਾ ਨਹੀਂ ਦਿਸੀ। ਹਰ ਦਸ ਮਿੰਟਾਂ ’ਚ ਡਿਫੈਂਸ ਡਾਵਾਂਡੋਲ ਹੋ ਰਹੀ ਸੀ। ਓਲੰਪਿਕ ਗੋਲਡ ਮੈਡਲ ਜੇਤੂ ਕਪਤਾਨ ਰਹੇ ਵਾਸੂਦੇਵਨ ਭਾਸਕਰਨ ਨੇ ਕਿਹਾ ਕਿ ਮੈਂ ਪਿਛਲੇ ਚਾਲ ਸਾਲਾਂ ’ਚ ਕਿਸੇ ਭਾਰਤੀ ਫਾਰਵਰਡ ਨੂੰ ਚੰਗਾ ਖੇਡਦੇ ਨਹੀਂ ਦੇਖਿਆ। ਬੈਕ ਪਾਸ ਕਿੱਥੇ ਸਨ, ਗੋਲ ’ਤੇ ਕਿੰਨੇ ਹਮਲੇ ਕੀਤੇ ਤੇ ਫੁੱਲ ਪ੍ਰੈੱਸ ਜਾਣ ਸਮੇਂ ਮਿਡਫੀਲਡ ਪੂਰਾ ਖਾਲੀ ਛੱਡ ਦਿੱਤਾ।