ਭਾਰਤੀ ਮਹਿਲਾ ਹਾਕੀ ਟੀਮ ਦਾ ਸ਼ਾਨਦਾਰ ਸਫ਼ਰ, 5ਵੇਂ ਨੰਬਰ ਲਈ ਅੱਜ ਜਰਮਨੀ ਨਾਲ ਮੁਕਾਬਲਾ
ਇਸ ਸਾਲ ਸ਼ਾਨਦਾਰ ਲੈਅ ’ਚ ਰਹਿ ਰਹੀ ਭਾਰਤੀ ਮਹਿਲਾ ਟੀਮ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਆਸਟ੍ਰੇਲੀਆ ਦੇ ਖ਼ਿਲਾਫ਼ ਦੂਜੇ ਪੂਲ ਗੇੜ ਦਾ ਆਖਰੀ ਮੈਚ ਜੇ ਗੋਲਰਹਿਤ ਡਰਾਅ ਨਾ ਰਹਿੰਦਾ ਤਾਂ ਭਾਰਤੀ ਟੀਮ ਸੈਮੀਫਾਈਨਲ ਖੇਡ ਰਹੀ ਹੁੰਦੀ
Publish Date: Thu, 27 Aug 2026 11:17 AM (IST)
Updated Date: Thu, 27 Aug 2026 11:26 AM (IST)
ਐਮਸਟੈਲਵੀਨ (ਪੀਟੀਆਈ) : ਪੂਰੇ ਟੂਰਨਾਮੈਂਟ ’ਚ ਸਿਰਫ ਇਕ ਮੈਚ ਹਾਰਨ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ’ਚ ਨਾ ਪਹੁੰਚਣ ਦੇ ਦੁੱਖ ਨੂੰ ਭੁਲਾ ਕੇ ਵੀਰਵਾਰ ਨੂੰ ਆਪਣੇ ਤੋਂ ਉੱਚ ਰੈਂਕਿੰਗ ਵਾਲੀ ਜਰਮਨੀ ਨੂੰ ਹਰਾਉਣ ਦੇ ਇਰਾਦੇ ਨਾਲ ਪੰਜਵੇਂ ਸਥਾਨ 'ਤੇ ਵਿਦਾਇਗੀ ਲੈਣ ਲਈ ਉਤਰੇਗੀ। ਮੈਚ ਦਾ ਨਤੀਜਾ ਜੋ ਵੀ ਹੋਵੇ, ਇਹ ਪਿਛਲੇ 52 ਸਾਲਾਂ ’ਚ ਉਸਦਾ ਸਰਬੋਤਮ ਪ੍ਰਦਰਸ਼ਨ ਹੋਵੇਗਾ।
ਇਸ ਸਾਲ ਸ਼ਾਨਦਾਰ ਲੈਅ ’ਚ ਰਹਿ ਰਹੀ ਭਾਰਤੀ ਮਹਿਲਾ ਟੀਮ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਆਸਟ੍ਰੇਲੀਆ ਦੇ ਖ਼ਿਲਾਫ਼ ਦੂਜੇ ਪੂਲ ਗੇੜ ਦਾ ਆਖਰੀ ਮੈਚ ਜੇ ਗੋਲਰਹਿਤ ਡਰਾਅ ਨਾ ਰਹਿੰਦਾ ਤਾਂ ਭਾਰਤੀ ਟੀਮ ਸੈਮੀਫਾਈਨਲ ਖੇਡ ਰਹੀ ਹੁੰਦੀ। ਤਿੰਨ ਦਿਨਾਂ ਦੀ ਬ੍ਰੇਕ ਨੇ ਉਸ ਹਾਰ ਦੀ ਨਿਰਾਸ਼ਾ ਨੂੰ ਭੁਲਾਉਣ ’ਚ ਮਦਦ ਕੀਤੀ ਹੋਵੇਗੀ ਤੇ ਹੁਣ ਪੰਜਵੇਂ ਸਥਾਨ 'ਤੇ ਮੌਜੂਦ ਦੋ ਵਾਰ ਦੀ ਚੈਂਪੀਅਨ ਜਰਮਨ ਟੀਮ ਦੀ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰਨਾ ਹੈ, ਜੋ ਵਿਸ਼ਵ ਕੱਪ ਤੋਂ ਪਹਿਲਾਂ ਦੋ ਅਭਿਆਸ ਮੈਚਾਂ ’ਚ ਉਸ ਨੂੰ ਹਰਾ ਚੁੱਕੀ ਹੈ। ਭਾਰਤੀ ਟੀਮ ਦਾ ਸਰਬੋਤਮ ਪ੍ਰਦਰਸ਼ਨ 1974 ’ਚ ਫਰਾਂਸ ’ਚ ਪਹਿਲੇ ਟੂਰਨਾਮੈਂਟ ’ਚ ਹੋਇਆ ਸੀ, ਜਦੋਂ ਅਜਿੰਦਰ ਕੌਰ ਦੀ ਕਪਤਾਨੀ ’ਚ ਟੀਮ ਚੌਥੇ ਸਥਾਨ 'ਤੇ ਰਹੀ ਸੀ। ਐਮਸਟੈਲਵੀਨ ਤੇ ਸਪੇਨ ਦੇ ਟੇਰੇਸਾ ’ਚ ਖੇਡੇ ਗਏ ਵਿਸ਼ਵ ਕੱਪ ’ਚ ਭਾਰਤੀ ਟੀਮ ਨੌਵੇਂ ਸਥਾਨ 'ਤੇ ਰਹੀ ਸੀ।
ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ 11 ਨੌਜਵਾਨ ਖਿਡਾਰੀਆਂ ਨਾਲ ਕੋਚ ਸ਼ੋਰਡ ਮਾਰਿਨ ਦੀ ਟੀਮ ਨੇ ਉਮੀਦਾਂ ਤੋਂ ਵੱਧ ਪ੍ਰਦਰਸ਼ਨ ਕੀਤਾ ਹੈ ਤੇ ਅਗਲੇ ਮਹੀਨੇ ਹੋਣ ਵਾਲੀਆਂ ਏਸ਼ਿਆਈ ਖੇਡਾਂ ਤੋਂ ਪਹਿਲਾਂ ਇਸ ਦਾ ਆਤਮਵਿਸ਼ਵਾਸ ਵਧੇਗਾ, ਜਿੱਥੇ ਸੋਨੇ ਦਾ ਮੈਡਲ ਜਿੱਤ ਕੇ ਲਾਸ ਏਂਜਲਸ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨ ਦਾ ਮੌਕਾ ਹੈ। ਟੂਰਨਾਮੈਂਟ ਦੀ ਸ਼ੁਰੂਆਤ ’ਚ ਹੀ ਓਲੰਪਿਕ ਸਿਲਵਰ ਮੈਡਲ ਜੇਤੂ ਚੀਨ ਨੂੰ 2-2 ਦੇ ਡਰਾਅ 'ਤੇ ਰੋਕਣ ਵਾਲੀ ਭਾਰਤੀ ਟੀਮ ਨੇ ਦੂਜੇ ਮੈਚ ’ਚ ਦੱਖਣੀ ਅਫਰੀਕਾ ਨੂੰ 6-1 ਨਾਲ ਹਰਾਇਆ ਤੇ ਛੇ ਵੱਖ-ਵੱਖ ਖਿਡਾਰੀਆਂ ਨੇ ਗੋਲ ਕੀਤੇ। ਆਖਰੀ ਪੂਲ ਮੈਚ ਗੋਲਰਹਿਤ ਡਰਾਅ ਰਹਿਣ 'ਤੇ ਭਾਰਤ ਨੇ ਪੂਲ ਡੀ ’ਚ ਦੂਜੇ ਸਥਾਨ 'ਤੇ ਰਹਿ ਕੇ ਦੂਜੇ ਦੌਰ ’ਚ ਜਗ੍ਹਾ ਬਣਾਈ ਸੀ। ਦੂਜੇ ਦੌਰ ’ਚ ਓਲੰਪਿਕ ਤੇ ਵਿਸ਼ਵ ਕੱਪ ਚੈਂਪੀਅਨ ਨੀਦਰਲੈਂਡ ਨੂੰ ਭਾਰਤ ਨੇ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ ਤੇ ਮਹਿਮਾਨ ਟੀਮ ਪੈਨਲਟੀ ਕਾਰਨਰ 'ਤੇ ਹੀ ਦੋ ਗੋਲ ਕਰ ਸਕੀ। ਇਹ ਟੂਰਨਾਮੈਂਟ ’ਚ ਭਾਰਤ ਦੀ ਇਕਮਾਤਰ ਹਾਰ ਸੀ ਤੇ ਉਸ ਨੂੰ ਅਗਲੇ ਮੈਚ ’ਚ ਹਰ ਹਾਲਤ ’ਚ ਆਸਟ੍ਰੇਲੀਆ ਨੂੰ ਹਰਾਉਣਾ ਸੀ ਪਰ ਉਹ ਮੈਚ ਵੀ ਗੋਲਰਹਿਤ ਡਰਾਅ ਰਿਹਾ, ਜਿਸ ਨਾਲ ਸੈਮੀਫਾਈਨਲ ਖੇਡਣ ਦਾ ਸੁਪਨਾ ਟੁੱਟ ਗਿਆ।
ਭਾਰਤ ਬਨਾਮ ਜਰਮਨੀ ਸਥਾਨ : ਐਮਸਟੈਲਵੀਨ
ਸਮਾਂ : ਸ਼ਾਮ 6.30 ਵਜੇ ਤੋਂ
ਪ੍ਰਸਾਰਣ : ਸਟਾਰ ਸਪੋਰਟਸ ਨੈੱਟਵਰਕ/ਜੀਓ ਹਾਟਸਟਾਰ