ਕਜ਼ਾਕਸਤਾਨ ਨੂੰ 3-0 ਨਾਲ ਹਰਾ ਕੇ ਭਾਰਤੀ ਮਹਿਲਾ ਬੈਡਮਿੰਟਨ ਟੀਮ ਕੁਆਰਟਰ ਫਾਈਨਲ 'ਚ, ਹੁਣ ਜਾਪਾਨ ਨਾਲ ਹੋਵੇਗਾ ਮੁਕਾਬਲਾ
ਇਚੀਨੋਮੀਆ ਸਿਟੀ ਮਿਊਂਸੀਪਲ ਜਿਮਨੇਜ਼ੀਅਮ ’ਚ ਭਾਰਤ ਦੀ ਸਟਾਰ ਖਿਡਾਰੀ ਪੀਵੀ ਸਿੰਧੂ, ਉੱਨਤੀ ਹੁੱਡਾ ਤੇ ਤਨਵੀ ਸ਼ਰਮਾ ਨੇ ਬਿਨਾਂ ਕੋਈ ਗੇਮ ਗੁਆਏ ਮੁਕਾਬਲਾ ਆਪਣੇ ਨਾਂ ਕੀਤਾ। ਵਿਸ਼ਵ ਰੈਂਕਿੰਗ ’ਚ 11ਵੇਂ ਸਥਾਨ ’ਤੇ ਕਾਬਜ਼ ਸਿੰਧੂ ਨੇ ਪਹਿਲੇ ਮੁਕਾਬਲੇ ’ਚ ਕਮਿਲਾ ਸਮਾਗੂਲੋਵਾ ਨੂੰ ਸਿਰਫ 24 ਮਿੰਟਾਂ ’ਚ 21-7, 21-9 ਨਾਲ ਮਾਤ ਦਿੱਤੀ
Publish Date: Mon, 21 Sep 2026 11:23 AM (IST)
Updated Date: Mon, 21 Sep 2026 11:28 AM (IST)
ਨਾਗੋਯਾ (ਪੀਟੀਆਈ) : ਭਾਰਤ ਨੇ ਬੈਡਮਿੰਟਨ ਦੀ ਮਹਿਲਾ ਟੀਮ ਮੁਕਾਬਲੇਬਾਜ਼ੀ ’ਚ ਕਮਜ਼ੋਰ ਰੈਂਕਿੰਗ ਵਾਲੇ ਕਜ਼ਾਕਸਤਾਨ ਨੂੰ 3-0 ਨਾਲ ਹਰਾ ਕੇ ਐਤਵਾਰ ਨੂੰ ਏਸ਼ਿਆਈ ਖੇਡਾਂ ਦੇ ਕੁਆਰਟਰ ਫਾਈਨਲ ’ਚ ਥਾਂ ਬਣਾ ਲਈ, ਜਿਥੇ ਉਸ ਸਾਹਮਣੇ ਮੇਜ਼ਬਾਨ ਜਾਪਾਨ ਦੀ ਸਖ਼ਤ ਚੁਣੌਤੀ ਹੋਵੇਗੀ।
ਇਚੀਨੋਮੀਆ ਸਿਟੀ ਮਿਊਂਸੀਪਲ ਜਿਮਨੇਜ਼ੀਅਮ ’ਚ ਭਾਰਤ ਦੀ ਸਟਾਰ ਖਿਡਾਰੀ ਪੀਵੀ ਸਿੰਧੂ, ਉੱਨਤੀ ਹੁੱਡਾ ਤੇ ਤਨਵੀ ਸ਼ਰਮਾ ਨੇ ਬਿਨਾਂ ਕੋਈ ਗੇਮ ਗੁਆਏ ਮੁਕਾਬਲਾ ਆਪਣੇ ਨਾਂ ਕੀਤਾ। ਵਿਸ਼ਵ ਰੈਂਕਿੰਗ ’ਚ 11ਵੇਂ ਸਥਾਨ ’ਤੇ ਕਾਬਜ਼ ਸਿੰਧੂ ਨੇ ਪਹਿਲੇ ਮੁਕਾਬਲੇ ’ਚ ਕਮਿਲਾ ਸਮਾਗੂਲੋਵਾ ਨੂੰ ਸਿਰਫ 24 ਮਿੰਟਾਂ ’ਚ 21-7, 21-9 ਨਾਲ ਮਾਤ ਦਿੱਤੀ। ਇਸ ਤੋਂ ਬਾਅਦ ਉੱਨਤੀ ਨੇ ਅਲਿੱਸਾ ਕੁਲੇਸ਼ੋਵਾ ਨੂੰ 22 ਮਿੰਟਾਂ ’ਚ 21-7, 21-10 ਨਾਲ ਹਰਾਇਆ। ਤਨਵੀ ਸ਼ਰਮਾ ਨੇ ਡਾਇਨਾ ਨਾਮੇਨੋਵਾ ਨੂੰ 21-5, 21-10 ਨਾਲ ਹਰਾ ਕੇ ਭਾਰਤੀ ਜਿੱਤ ’ਤੇ ਮੋਹਰ ਲਗਾ ਦਿੱਤੀ। ਭਾਰਤ ਹੁਣ ਮੇਜ਼ਬਾਨ ਜਾਪਾਨ ਵਿਰੁੱਧ ਕਿਤੇ ਸਖ਼ਤ ਪ੍ਰੀਖਿਆ ’ਚੋਂ ਲੰਘਣਾ ਹੋਵੇਗੀ।
ਜਾਪਾਨ ਦੀ ਟੀਮ ’ਚ ਵਿਸ਼ਵ ਦੀਆਂ ਸਿਖਰਲੀ 10 ਰੈਂਕਿੰਗ ਵਾਲੀਆਂ ਤਿੰਨ ਮਹਿਲਾ ਸਿੰਗਲਜ਼ ਖਿਡਾਰਨਾਂ ਹਨ। ਇਨ੍ਹਾਂ ’ਚ ਅਕਾਨੇ ਯਾਮਾਗੁਚੀ (ਨੰਬਰ ਤਿੰਨ), ਟੋਮੋਕਾ ਮਿਆਜ਼ਾਕੀ (ਨੰਬਰ ਸੱਤ) ਤੇ ਨੋਜ਼ੋਮੀ ਓਕੁਹਾਰਾ (ਨੰਬਰ 10) ਸ਼ਾਮਲ ਹਨ। ਭਾਰਤ 2023 ਦੇ ਹਾਂਗਝੋ ਏਸ਼ਿਆਈ ਖੇਡਾਂ ’ਚ ਕੁਆਰਟਰ ਫਾਈਨਲ ’ਚ ਥਾਈਲੈਂਡ ਤੋਂ ਹਾਰ ਕੇ ਖਾਲੀ ਹੱਥ ਪਰਤਿਆ ਸੀ। ਸੰਭਾਵੀ ਮੁਕਾਬਲਿਆਂ ’ਚ ਸਿੰਧੂ ਦਾ ਸਾਹਮਣਾ ਯਾਮਾਗੁਚੀ ਨਾਲ ਜਦਕਿ ਉੱਨਤੀ ਦਾ ਮੁਕਾਬਲਾ ਮਿਆਜ਼ਾਕੀ ਨਾਲ ਹੋ ਸਕਦਾ ਹੈ। ਉਥੇ ਹੀ, ਮਹਿਲਾ ਡਬਲਜ਼ ’ਚ ਭਾਰਤ ਦੀ ਤ੍ਰਿਸਾ ਜਾਲੀ ਤੇ ਗਾਇਤਰੀ ਗੋਪੀਚੰਦ ਦੀ ਜੋੜੀ ਦਾ ਸਾਹਮਣਾ ਜਾਪਾਨ ਦੀ ਵਿਸ਼ਵ ਨੰਬਰ ਤਿੰਨ ਜੋੜੀ ਯੁਕੀ ਫੁਕੂਸ਼ਿਮਾ ਤੇ ਮਾਯੂ ਮਾਤਸੂਮੋਤੋ ਨਾਲ ਹੋਣ ਦੀ ਸੰਭਾਵਨਾ ਹੈ।