ICC T20 ਰੈਂਕਿੰਗ 'ਚ ਛਾਈ ਭਾਰਤੀ ਟੀਮ, ਸ਼੍ਰੀਚਰਨੀ ਨੰਬਰ-1; ਦੀਪਤੀ ਸ਼ਰਮਾ ਦੂਜੇ ਸਥਾਨ 'ਤੇ
ਏਸ਼ੀਆ ਕੱਪ ’ਚ ਸ਼੍ਰੀਚਰਨੀ ਨੇ ਸ੍ਰੀਲੰਕਾ ਵਿਰੁੱਧ ਖ਼ਿਤਾਬੀ ਮੁਕਾਬਲੇ ’ਚ 20 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਤੇ ਪੂਰੇ ਟੂਰਨਾਮੈਂਟ ’ਚ ਕੁੱਲ 12 ਵਿਕਟਾਂ ਲੈ ਕੇ ਆਪਣਾ ਸ਼ਾਨਦਾਰ ਸਫ਼ਰ ਪੂਰਾ ਕੀਤਾ। ਇਸ ਨਾਲ ਉਹ 800 ਰੇਟਿੰਗ ਅੰਕ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਭਾਰਤੀ ਗੇਂਦਬਾਜ਼ ਤੇ ਕੁੱਲ ਮਿਲਾ ਕੇ ਤੀਜੀ ਗੇਂਦਬਾਜ਼ ਬਣ ਗਈ ਹੈ
Publish Date: Wed, 16 Sep 2026 11:23 AM (IST)
Updated Date: Wed, 16 Sep 2026 11:28 AM (IST)
ਨਵੀਂ ਦਿੱਲੀ (ਆਈਏਐੱਨਐੱਸ) : ਹਾਲ ਹੀ ਵਿਚ ਮਹਿਲਾ ਏਸ਼ੀਆ ਕੱਪ ’ਚ ਚੈਂਪੀਅਨ ਬਣੀ ਭਾਰਤੀ ਟੀਮ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਗੇਂਦਬਾਜ਼ ਸ਼੍ਰੀਚਰਨੀ ਨੂੰ ਇਸਦਾ ਵੱਡਾ ਫਲ ਜਲਦ ਹੀ ਮਿਲ ਗਿਆ ਹੈ। ਉਹ ਮੰਗਲਵਾਰ ਨੂੰ ਜਾਰੀ ਹੋਈ ਆਈਸੀਸੀ ਟੀ-20 ਅੰਤਰਰਾਸ਼ਟਰੀ ਰੈਂਕਿੰਗ ’ਚ ਨਾ ਸਿਰਫ ਕਰੀਅਰ ਦੀ ਆਪਣੀ ਸਰਬੋਤਮ ਰੇਟਿੰਗ 804 ਨਾਲ ਗੇਂਦਬਾਜ਼ਾਂ ’ਚ ਟਾਪ ’ਤੇ ਪਹੁੰਚ ਗਈ ਹੈ, ਬਲਕਿ 800 ਰੇਟਿੰਗ ਅੰਕ ਪਾਰ ਕਰਨ ਵਾਲੀ ਪਹਿਲੀ ਭਾਰਤੀ ਗੇਂਦਬਾਜ਼ ਵੀ ਬਣ ਗਈ ਹੈ।
ਏਸ਼ੀਆ ਕੱਪ ’ਚ ਸ਼੍ਰੀਚਰਨੀ ਨੇ ਸ੍ਰੀਲੰਕਾ ਵਿਰੁੱਧ ਖ਼ਿਤਾਬੀ ਮੁਕਾਬਲੇ ’ਚ 20 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਤੇ ਪੂਰੇ ਟੂਰਨਾਮੈਂਟ ’ਚ ਕੁੱਲ 12 ਵਿਕਟਾਂ ਲੈ ਕੇ ਆਪਣਾ ਸ਼ਾਨਦਾਰ ਸਫ਼ਰ ਪੂਰਾ ਕੀਤਾ। ਇਸ ਨਾਲ ਉਹ 800 ਰੇਟਿੰਗ ਅੰਕ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਭਾਰਤੀ ਗੇਂਦਬਾਜ਼ ਤੇ ਕੁੱਲ ਮਿਲਾ ਕੇ ਤੀਜੀ ਗੇਂਦਬਾਜ਼ ਬਣ ਗਈ ਹੈ ਤੇ ਹੁਣ ਉਸਦੀ ਨਜ਼ਰ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਰੇਟਿੰਗ ਦਾ ਰਿਕਾਰਡ ਤੋੜਨ ’ਤੇ ਹੈ। ਮਹਿਲਾ ਟੀ-20 ਅੰਤਰਰਾਸ਼ਟਰੀ ਮੁਕਾਬਲੇ ’ਚ ਗੇਂਦਬਾਜ਼ਾਂ ਲਈ ਹੁਣ ਤੱਕ ਦੀ ਸਰਬੋਤਮ ਰੇਟਿੰਗ ਆਸਟ੍ਰੇਲੀਆ ਦੀ ਤੇਜ਼ ਗੇਂਦਬਾਜ਼ ਮੈਗਨ ਸ਼ੂਟ ਦੇ ਨਾਂ ਹੈ, ਜਿਸਨੇ ਸਿਖਰ ’ਤੇ ਰਹਿੰਦੇ ਹੋਏ 806 ਰੇਟਿੰਗ ਹਾਸਲ ਕੀਤੀ ਸੀ। ਸ਼੍ਰੀਚਰਨੀ ਨੇ ਇਕ ਕੈਲੰਡਰ ਸਾਲ ’ਚ ਕਿਸੇ ਭਾਰਤੀ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਦਾ ਪੂਨਮ ਯਾਦਵ ਦਾ ਰਿਕਾਰਡ ਤੋੜਿਆ ਸੀ। ਉਸ ਤੋਂ ਪਹਿਲਾਂ ਸਾਬਕਾ ਨੰਬਰ ਇਕ ਸੋਫੀ ਐਕਲੈਸਟੋਨ ਵੀ 802 ਰੇਟਿੰਗ ਤੱਕ ਪਹੁੰਚ ਚੁੱਕੀ ਹੈ।
ਤਾਜ਼ਾ ਰੈਂਕਿੰਗ ’ਚ ਦੀਪਤੀ ਸ਼ਰਮਾ ਵੀ ਏਸ਼ੀਆ ਕੱਪ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਗੇਂਦਬਾਜ਼ਾਂ ’ਚ ਚਾਰ ਪੌੜੀਆਂ ਚੜ੍ਹ ਕੇ 729 ਰੇਟਿੰਗ ਨਾਲ ਦੂਜੇ ਸਥਾਨ ’ਤੇ ਪੁੱਜ ਗਈ ਹੈ। ਭਾਰਤ ਦੇ ਰਿਕਾਰਡਤੋੜ ਅੱਠਵੇਂ ਏਸ਼ੀਆ ਕੱਪ ਖ਼ਿਤਾਬ ਤੋਂ ਬਾਅਦ ਸ਼ੈਫਾਲੀ ਵਰਮਾ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ’ਚ ਇਕ ਸਥਾਨ ਉੱਪਰ ਚੜ੍ਹ ਕੇ ਛੇਵੇਂ ਨੰਬਰ ’ਤੇ ਪਹੁੰਚ ਗਈ। ਇਸਦੇ ਨਾਲ ਹੀ, ਸ਼ੈਫਾਲੀ ਟੀ-20 ਆਲਰਾਊਂਡਰਾਂ ਦੀ ਸੂਚੀ ’ਚ ਵੀ ਪੰਜ ਸਥਾਨ ਉੱਪਰ ਚੜ੍ਹ ਕੇ 15ਵੇਂ ਨੰਬਰ ’ਤੇ ਪਹੁੰਚ ਗਈ ਹੈ।