- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਝੇ ਦੀ ਹਾਕੀ ਦਾ ਧੁਰਾ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਪੇਂਡੂ ਖੇਡ ਪਰੰਪਰਾਵਾਂ, ਹਾਕੀ ਕਲੱਬਾਂ ਤੇ ਸਿਖਲਾਈ ਕੇਂਦਰਾਂ ਨੇ ਕਈ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ ਹੈ। ਮਾਝੇ ਦੀ ਹਾਕੀ ਵਿਰਾਸਤ ਦੀ ਗੱਲ ਬਟਾਲਾ ਦੇ ਜ਼ਿਕਰ ਤੋਂ ਬਿਨਾਂ ਅਧੂਰੀ ਰਹਿੰਦੀ ਹੈ।

ਪੰਜਾਬ ਦੇਸ਼ ਦੀ ਹਾਕੀ ਦਾ ਧੁਰਾ ਹੈ। ਪੰਜਾਬ ਬਿਨਾਂ ਭਾਰਤ ਦੀ ਹਾਕੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਵੇਲੇ ਭਾਰਤੀ ਹਾਕੀ ਟੀਮ ’ਚ 9 ਖਿਡਾਰੀ ਪੰਜਾਬ ਤੋਂ ਹਨ। ਪੰਜਾਬ ਦੀ ਧਰਤੀ ’ਤੇ ਪਹਿਲੀ ਵਾਰ ਹੋ ਰਹੇ ਹਾਕੀ ਦੇ ਕੌਮਾਂਤਰੀ ਟੂਰਨਾਮੈਂਟ ਏਸ਼ਿਅਨ ਚੈਂਪੀਅਨਜ਼ ਟਰਾਫੀ ’ਚ ਇਹ ਖਿਡਾਰੀ ਆਪਣੇ ਜੌਹਰ ਦਿਖਾਉਂਦੇ ਨਜ਼ਰ ਆਉਣਗੇ।
ਭਾਰਤ ਨੇ ਹੁਣ ਤੱਕ ਓਲੰਪਿਕ ਖੇਡਾਂ ’ਚ 8 ਸੋਨੇ, ਇੱਕ ਚਾਂਦੀ ਤੇ ਚਾਰ ਕਾਂਸੀ ਦੇ ਤਮਗ਼ੇ ਜਿੱਤੇ ਹਨ ਜਿਨ੍ਹਾਂ ’ਚ 50 ਤੋਂ ਵੱਧ ਪੰਜਾਬੀ ਖਿਡਾਰੀ ਹਨ ਜਿਨ੍ਹਾਂ ਨੇ ਓਲੰਪਿਕਸ ਤਮਗ਼ੇ ਜਿੱਤੇ ਹਨ। ਬਲਬੀਰ ਸਿੰਘ ਸੀਨੀਅਰ ਨੇ ਤਿੰਨ ਸੋਨੇ, ਊਧਮ ਸਿੰਘ ਨੇ ਤਿੰਨ ਸੋਨੇ ਤੇ ਇਕ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਮਨਪ੍ਰੀਤ ਸਿੰਘ ਨੇ ਚਾਰ ਓਲੰਪਿਕਸ ਖੇਡੀਆਂ ਹਨ ਤੇ ਦੇਸ਼ ਦਾ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲਾ ਖਿਡਾਰੀ ਹੈ।
ਭਾਰਤ ਨੇ ਇਕਲੌਤਾ ਹਾਕੀ ਵਿਸ਼ਵ ਕੱਪ ਅਜੀਤ ਪਾਲ ਸਿੰਘ ਦੀ ਕਪਤਾਨੀ ’ਚ ਜਿੱਤਿਆ। ਭਾਰਤ ਨੇ ਦੋ ਜੂਨੀਅਰ ਹਾਕੀ ਵਿਸ਼ਵ ਕੱਪ ਜਿੱਤੇ, ਦੋਵੇਂ ਵਾਰ ਟੀਮਾਂ ਦੇ ਕਪਤਾਨ ਪੰਜਾਬੀ ਖਿਡਾਰੀ ਗਗਨ ਅਜੀਤ ਸਿੰਘ ਤੇ ਹਰਜੀਤ ਸਿੰਘ ਸਨ। ਸਾਲ 2024 ’ਚ ਪੈਰਿਸ ਓਲੰਪਿਕਸ ’ਚ ਭਾਰਤ ਨੇ ਹਾਕੀ ’ਚ ਓਲੰਪਿਕ ਖੇਡਾਂ ’ਚ 52 ਵਰ੍ਹਿਆਂ ਬਾਅਦ ਲਗਾਤਾਰ ਦੋ ਵਾਰ ਤਮਗ਼ਾ ਜਿੱਤਿਆ। ਦੋਵੇਂ ਵਾਰ ਕਪਤਾਨੀ ਪੰਜਾਬੀ ਖਿਡਾਰੀ ਮਨਪ੍ਰੀਤ ਸਿੰਘ ਤੇ ਹਰਮਨਪ੍ਰੀਤ ਸਿੰਘ ਕੋਲ ਸੀ। ਓਲੰਪਿਕਸ ’ਚ ਸਰਵੋਤਮ ਗੋਲ ਕਰਨ ਦੇ ਰਿਕਾਰਡ ਵੀ ਬਲਬੀਰ ਸਿੰਘ ਸੀਨੀਅਰ, ਪ੍ਰਿਥੀਪਾਲ ਸਿੰਘ, ਸੁਰਿੰਦਰ ਸਿੰਘ ਸੋਢੀ, ਹਰਮਨਪ੍ਰੀਤ ਸਿੰਘ ਦੇ ਨਾਂ ਦਰਜ ਹਨ।
ਅੱਜ ਗੱਲ ਕਰਦੇ ਹਾਂ ਮਾਝੇ ਦੀ ਹਾਕੀ ਵਿਰਾਸਤ ਦੀ ਜਿਸ ਨੇ ਭਾਰਤੀ ਹਾਕੀ ਦੀ ਵੱਡੀ ਸੇਵਾ ਕੀਤੀ ਹੈ। ਮਾਝੇ ਦੀ ਧਰਤੀ ’ਚ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ’ਚ ਪੈਂਦੀ ਰਈਆ-ਬਾਬਾ ਬਕਾਲਾ ਤੋਂ ਬਟਾਲਾ ਤੱਕ ਦੀ ਬੈਲਟ ਨੇ ਭਾਰਤੀ ਹਾਕੀ ਨੂੰ ਸਿਰਕੱਢ ਖਿਡਾਰੀ ਦਿੱਤੇ ਹਨ। ਬੁਤਾਲਾ, ਸਠਿਆਲਾ, ਚੌਂਕ ਮਹਿਤਾ ਸਭ ਹਾਕੀ ਦੇ ਮੱਕੇ ਹਨ। ਇਹ ਹਾਕੀ ਦੀ ਜ਼ਰਖੇਜ਼ ਭੂਮੀ ਹੈ। ਮੌਜੂਦਾ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ ਤੇ ਜਰਮਨਪ੍ਰੀਤ ਸਿੰਘ ਇਸੇ ਬੈਲਟ ਦੇ ਵਸਨੀਕ ਹਨ।
ਉਕਤ ਤਿੰਨੇ ਖਿਡਾਰੀਆਂ ਤੋਂ ਇਲਾਵਾ ਟੋਕੀਓ ਤੇ ਪੈਰਿਸ ਓਲੰਪਿਕਸ ’ਚ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦੇ ਖਿਡਾਰੀ ਗੁਰਜੰਟ ਸਿੰਘ ਤੇ ਸਿਮਰਨਜੀਤ ਸਿੰਘ ਇਸੇ ਇਲਾਕੇ ਦੇ ਸਨ। ਹਰਮਨਪ੍ਰੀਤ ਸਿੰਘ ਦਾ ਪਿੰਡ ਤਿੰਮੋਵਾਲ, ਦਿਲਪ੍ਰੀਤ ਸਿੰਘ ਦਾ ਬੁਤਾਲਾ, ਜਰਮਨਪ੍ਰੀਤ ਸਿੰਘ ਦਾ ਰਾਜ਼ਦਾਨ, ਗੁਰਜੰਟ ਸਿੰਘ ਦਾ ਖਲਿਆਰਾ ਤੇ ਸਿਮਰਨਜੀਤ ਸਿੰਘ ਦਾ ਚਹਿਲ ਹੈ। ਹਾਲ ਹੀ ’ਚ ਓਲੰਪਿਕਸ ਜੇਤੂਆਂ ’ਚ ਅੰਮ੍ਰਿਤਸਰ ਜ਼ਿਲ੍ਹੇ ਦੇ ਹੀ ਅਟਾਰੀ ਦੇ ਸ਼ਮਸ਼ੇਰ ਸਿੰਘ ਤੇ ਜੁਗਰਾਜ ਸਿੰਘ ਵੀ ਮਾਝੇ ਦੀ ਹਾਕੀ ਦੇ ਵਾਰਸ ਹਨ।
ਹਾਕੀ ’ਚ ਮਾਝੇ ਦੀ ਵਿਰਾਸਤ ਦੇਖਦਿਆਂ ਪਿਛੋਕੜ ਉੱਪਰ ਝਾਤੀ ਮਾਰੀਏ ਤਾਂ ਮੁੱਢ ਤੋਂ ਹੀ ਹਾਕੀ ’ਚ ਸਰਦਾਰੀ ਰਹੀ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਅੰਮ੍ਰਿਤਸਰ ਦੇ ਜੰਮਪਲ ਗੁਲਾਮ ਰਸੂਲ ਨੇ ਵੰਡ ਤੋਂ ਬਾਅਦ ਪਾਕਿਸਤਾਨ ਵੱਲੋਂ ਤੇ ਫੇਰ ਉਨ੍ਹਾਂ ਦੇ ਪੁੱਤਰ ਅਖ਼ਤਰ ਰਸੂਲ ਨੇ ਵਿਸ਼ਵ ਹਾਕੀ ਉਪਰ ਸਰਦਾਰੀ ਕਾਇਮ ਕੀਤੀ। ਅੰਮ੍ਰਿਤਸਰ ’ਚ ਜੰਮੇ ਮੁਨੀਰ ਦਾਰ ਤੇ ਤਨਵੀਰ ਦਾਰ ਨੇ ਵੰਡ ਤੋਂ ਬਾਅਦ ਪਾਕਿਸਤਾਨ ਲਈ ਓਲੰਪਿਕਸ ’ਚ ਸੋਨ ਤਮਗ਼ਾ ਜਿੱਤਿਆ। ਉਨ੍ਹਾਂ ਦੀ ਅਗਲੀ ਪੀੜ੍ਹੀ ’ਚ ਤੌਕੀਰ ਦਾਰ ਨੇ ਵੀ ਓਲੰਪਿਕਸ ਸੋਨ ਤਮਗ਼ਾ ਜਿੱਤਿਆ।
ਮਾਝੇ ਦੀ ਹਾਕੀ ਦਾ ਧੁਰਾ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਪੇਂਡੂ ਖੇਡ ਪਰੰਪਰਾਵਾਂ, ਹਾਕੀ ਕਲੱਬਾਂ ਤੇ ਸਿਖਲਾਈ ਕੇਂਦਰਾਂ ਨੇ ਕਈ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ ਹੈ। ਮਾਝੇ ਦੀ ਹਾਕੀ ਵਿਰਾਸਤ ਦੀ ਗੱਲ ਬਟਾਲਾ ਦੇ ਜ਼ਿਕਰ ਤੋਂ ਬਿਨਾਂ ਅਧੂਰੀ ਰਹਿੰਦੀ ਹੈ। ਭਾਰਤੀ ਹਾਕੀ ਦੇ ਡਿਫੈਂਡਰ ਤੇ ਮਿਊਨਿਖ ਓਲੰਪਿਕ ਖੇਡਾਂ ’ਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਉਪ ਕਪਤਾਨ ਮੁਖਬੈਨ ਸਿੰਘ ਇਸੇ ਧਰਤੀ ਦੇ ਜੰਮਪਲ ਹਨ। ਵਿਸ਼ਵ ਦੇ ਮਹਾਨ ਡਿਫੈਂਡਰ ਤੇ ਪੈਨਲਟੀ ਕਾਰਨਰ ਮਾਹਿਰ ਸੁਰਜੀਤ ਸਿੰਘ ਰੰਧਾਵਾ ਬਟਾਲਾ ਨੇੜਲੇ ਦਾਖਲਾ ਪਿੰਡ ਦੇ ਜੰਮਪਲ ਹਨ, ਇਸ ਪਿੰਡ ਦਾ ਨਾਂ ਹੁਣ ਇਸੇ ਖਿਡਾਰੀ ਦੇ ਨਾਲ ਉਤੇ ਸੁਰਜੀਤ ਸਿੰਘ ਵਾਲਾ ਰੱਖਿਆ ਗਿਆ। ਸੁਰਜੀਤ ਸਿੰਘ ਨੇ ਭਾਰਤ ਨੂੰ 1975 ਹਾਕੀ ਵਿਸ਼ਵ ਕੱਪ ਜਿਤਾਉਣ ਅਤੇ 1973 ਵਿਸ਼ਵ ਕੱਪ ਦੇ ਉਪ ਜੇਤੂ ਬਣਾਉਣ ’ਚ ਵੱਡੀ ਭੂਮਿਕਾ ਨਿਭਾਈ ਸੀ। ਮਰੜ ਪਿੰਡ ਦੇ ਬ੍ਰਿਗੇਡੀਅਰ ਹਰਚਰਨ ਸਿੰਘ ਨੇ ਓਲੰਪਿਕਸ ਤਮਗ਼ਾ ਜਿੱਤਣ ਤੋਂ ਇਲਾਵਾ ਹਾਕੀ ਖੇਡ ’ਚ ਵਿਸ਼ਵ ਕੱਪ ਦੇ ਤਿੰਨੋਂ ਰੰਗਾਂ ਦੇ ਤਮਗ਼ੇ (ਸੋਨੇ, ਚਾਂਦੀ ਤੇ ਕਾਂਸੀ) ਜਿੱਤੇ ਹਨ। ਇਸ ਖਿਡਾਰੀ ਨੂੰ ਦੁਨੀਆ ਉੱਡਣਾ ਘੋੜਾ ਆਖਦੀ ਹੈ।
ਦੋਆਬੇ ਦੇ ਜੰਮਪਲ, ਮਾਲਵੇ ਤੋਂ ਹਾਕੀ ਸਿੱਖਣੀ ਸ਼ੁਰੂ ਕਰਨ ਵਾਲੇ ਬਲਬੀਰ ਸਿੰਘ ਸੀਨੀਅਰ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਵਿਦਿਆਰਥੀ ਰਹੇ ਹਨ। ਬਲਬੀਰ ਸਿੰਘ ਰੰਧਾਵਾ, ਧਰਮ ਸਿੰਘ ਸੀਨੀਅਰ ਤੇ ਧਰਮ ਸਿੰਘ ਜੂਨੀਅਰ ਅਤੇ ਬਲਵਿੰਦਰ ਸ਼ੰਮੀ ਮਾਝੇ ਦੀ ਹਾਕੀ ਮਾਲਾ ਦੇ ਮੋਤੀ ਹਨ। ਹਾਕੀ ’ਚ ਅਰਜੁਨਾ ਤੇ ਦਰੋਣਾਚਾਰੀਆ ਐਵਾਰਡ ਦੇ ਨਾਲ ਓਲੰਪਿਕਸ ’ਚ ਸੋਨ ਤਮਗ਼ਾ ਜੇਤੂ ਰਾਜਿੰਦਰ ਸਿੰਘ ਸੀਨੀਅਰ ਦਾ ਸਬੰਧ ਜਲਾਲਾਬਾਦ ਤੇ ਫਰੀਦਕੋਟ ਨਾਲ ਹਨ ਪਰ ਉਹ ਅੰਮ੍ਰਿਤਸਰ ਦੇ ਜੰਮਪਲ ਹਨ। ਭਾਰਤ ਲਈ ਤਿੰਨ ਓਲੰਪਿਕਸ ਖੇਡਣ ਵਾਲੇ, ਏਸ਼ਿਆਈ ਖੇਡਾਂ ਦੇ ਸੋਨ ਤਮਗ਼ਾ ਜੇਤੂ ਸਾਬਕਾ ਕਪਤਾਨ ਬਲਜੀਤ ਸਿੰਘ ਢਿੱਲੋਂ ਤੇ ਉਨ੍ਹਾਂ ਦਾ ਛੋਟਾ ਭਰਾ ਦਲਜੀਤ ਸਿੰਘ ਢਿੱਲੋਂ ਇਸੇ ਇਲਾਕੇ ਦੇ ਜੰਮਪਲ ਹਨ।
2001 ’ਚ ਭਾਰਤ ਨੂੰ ਪਹਿਲਾ ਜੂਨੀਅਰ ਵਿਸ਼ਵ ਕੱਪ ਜਿਤਾਉਣ ਵਾਲੀ ਟੀਮ ਦੇ ਪੰਜ ਖਿਡਾਰੀ ਪ੍ਰਭਜੋਤ ਸਿੰਘ, ਜੁਗਰਾਜ ਸਿੰਘ, ਕੰਵਲਪ੍ਰੀਤ ਸਿੰਘ, ਤੇਜਬੀਰ ਸਿੰਘ ਹੁੰਦਲ ਤੇ ਬਿਕਰਮਜੀਤ ਸਿੰਘ ਕਾਕਾ ਨੇ ਮਾਝੇ ਦੀਆਂ ਹਾਕੀ ਪ੍ਰਾਪਤੀਆਂ ’ਚ ਇੱਕ ਹੋਰ ਸੁਨਹਿਰੀ ਪੰਨਾ ਜੋੜਿਆ। ਰਈਆ ਦੇ ਜੁਗਰਾਜ ਸਿੰਘ ਨੂੰ ਪੈਨਲਟੀ ਕਾਰਨਰ ’ਚ ਖਾਸ ਮੁਹਾਰਤ ਹਾਸਲ ਸੀ। ਜੁਗਰਾਜ ਸਿੰਘ ਦੀ ਚਚੇਰੀ ਭੈਣ ਰਾਜਬੀਰ ਕੌਰ ਮਹਿਲਾ ਹਾਕੀ ਦੀ ਗੋਲਡਨ ਗਰਲ ਵਜੋਂ ਜਾਣੀ ਜਾਂਦੀ ਹੈ। ਮਹਿਲਾ ਹਾਕੀ ਵਿੱਚ ਅਜਨਾਲਾ ਦੀ ਗੁਰਜੀਤ ਕੌਰ ਨੇ ਆਪਣੀ ਪੈਨਲਟੀ ਕਾਰਨਰ ਮੁਹਾਰਤ ਜ਼ਰੀਏ ਭਾਰਤੀ ਮਹਿਲਾ ਹਾਕੀ ਟੀਮ ਨੂੰ ਟੋਕੀਓ ਓਲੰਪਿਕਸ ਵਿੱਚ ਚੌਥਾ ਸਥਾਨ ਦਿਵਾਇਆ। ਮਲਸੀਆ ਦੇ ਪ੍ਰਭਜੋਤ ਸਿੰਘ ਨੇ 2007 ਦੇ ਏਸ਼ੀਆ ਕੱਪ ’ਚ 15 ਗੋਲ ਕਰਕੇ ਭਾਰਤ ਨੂੰ ਚੈਂਪੀਅਨ ਬਣਾਇਆ। 2014 ’ਚ ਏਸ਼ਿਆਈ ਖੇਡਾਂ ਦਾ ਸੋਨ ਤਮਗ਼ਾ ਜਿੱਤਣ ਵਾਲੀ ਟੀਮ ’ਚ ਸ਼ਾਮਲ ਸਰਵਨਜੀਤ ਸਿੰਘ ਤੇ ਰਮਨਦੀਪ ਸਿੰਘ ਗੁਰਦਾਸਪੁਰ ਜ਼ਿਲ੍ਹੇ ਅਤੇ ਅਕਾਸ਼ਦੀਪ ਸਿੰਘ ਤਰਨ ਤਾਰਨ ਜ਼ਿਲ੍ਹੇ ਦੇ ਜੰਮਪਲ ਹਨ। ਮੌਜੂਦਾ ਸਮੇਂ ਤਾਂ ਹਰਮਨਪ੍ਰੀਤ ਸਿੰਘ ਦੇ ਰੂਪ ’ਚ ਭਾਰਤ ਦੀ ਕਪਤਾਨੀ ਮਾਝੇ ਦੇ ਸਰਪੰਚ ਕੋਲ ਹੀ ਹੈ। ਅਗਲੀ ਪੀੜ੍ਹੀ ’ਚ ਤਰਨ ਤਾਰਨ ਜ਼ਿਲ੍ਹੇ ਦਾ ਅਰਾਏਜੀਤ ਸਿੰਘ ਹੁੰਦਲ ਤੇ ਮਹਿਲਾ ਹਾਕੀ ’ਚ ਤਰਨ ਤਾਰਨ ਜ਼ਿਲੇ ਦੀ ਬਲਜੀਤ ਕੌਰ ਭਾਰਤ ਦਾ ਭਵਿੱਖ ਹਨ। ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਗੁਰਸਾਹਿਬਜੀਤ ਸਿੰਘ ਨੇ ਵੀ ਭਾਰਤੀ ਹਾਕੀ ਵਿੱਚ ਆਪਣੀ ਪਛਾਣ ਬਣਾਈ ਹੈ। ਮੌਜੂਦਾ ਭਾਰਤੀ ਹਾਕੀ ਟੀਮ ਦੀ ਜਿੰਦਜਾਨ ਸੁਖਜੀਤ ਸਿੰਘ ਭਾਵੇਂ ਜਲੰਧਰ ਦਾ ਵਸਨੀਕ ਹੈ ਪਰ ਉਸ ਦਾ ਪਿਛੋਕੜ ਮਾਝੇ ਦਾ ਹੈ। ਭਾਰਤੀ ਹਾਕੀ ਦੇ ਜ਼ਿਆਦਾਤਰ ਪੈਨਾਲਟੀ ਕਾਰਨਰ ਮਾਹਿਰ ਮੁਖਬੈਨ ਸਿੰਘ, ਸੁਰਜੀਤ ਸਿੰਘ, ਬਲਜੀਤ ਸਿੰਘ ਢਿੱਲੋਂ, ਜੁਗਰਾਜ ਸਿੰਘ, ਹਰਮਨਪ੍ਰੀਤ ਸਿੰਘ ਤੇ ਜੁਗਰਾਜ ਸਿੰਘ ਜੂਨੀਅਰ ਸਭ ਮਾਝੇ ਦੇ ਹਨ।
ਬੁਤਾਲਾ ’ਚ ਹਾਕੀ ਦੀ ਪ੍ਰੰਪਰਾ ਨੂੰ ਜਿਉਂਦਾ ਰੱਖਣ ’ਚ ਬਾਬਾ ਪੱਲਾਹਾ ਸਪੋਰਟਸ ਕਲੱਬ ਦਾ ਮਹੱਤਵਪੂਰਨ ਯੋਗਦਾਨ ਹੈ। ਅੰਮ੍ਰਿਤਸਰ ਜ਼ਿਲ੍ਹੇ ’ਚ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦਾ ਵੱਡਾ ਯੋਗਦਾਨ ਹੈ। ਮਰੜ, ਚਹਿਲ, ਰਈਆ ਪਿੰਡਾਂ ਦੇ ਸੈਂਟਰ ਹਾਕੀ ਦੀ ਨਰਸਰੀ ਰਹੇ ਹਨ। ਮਾਝੇ ਦੀ ਹਾਕੀ ਨੂੰ ਦੇਣ ਪਿੱਛੇ ਇਸ ਖਿੱਤੇ ਦੇ ਲੋਕਾਂ ਦਾ ਖੁੱਲ੍ਹਾ ਡੁੱਲਾ ਸੁਭਾਅ, ਕਮਾਏ ਹੋਏ ਨਰੋਏ ਸਰੀਰ, ਖੁੱਲ੍ਹੀਆਂ ਖੁਰਾਕਾਂ ਤੇ ਮਝੈਲੀਆਂ ਦਾ ਹਾਕੀ ਪ੍ਰੇਮ ਹੈ। ਇਸ ਖੇਤਰ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਪਿੱਛੇ ਮਾਪਿਆਂ ਦੀ ਹੱਲਾਸ਼ੇਰੀ, ਸਥਾਨਕ ਕੋਚਾਂ, ਹਾਕੀ ਅਕੈਡਮੀਆਂ ਅਤੇ ਖੇਡ ਪ੍ਰੇਮੀਆਂ ਦੀ ਮਿਹਨਤ ਨੂੰ ਵੀ ਅੱਖੋਂ ਪਰੋਖੇ ਕੀਤਾ ਜਾ ਸਕਦਾ। ਮਾਝੇ ਦੀ ਹਾਕੀ ਵਿਰਾਸਤ ਸਿਰਫ਼ ਕੁਝ ਨਾਮਵਰ ਖਿਡਾਰੀਆਂ ਦੀਆਂ ਪ੍ਰਾਪਤੀਆਂ ਤੱਕ ਸੀਮਤ ਨਹੀਂ ਹੈ। ਇਹ ਪਿੰਡਾਂ ਦੇ ਖੇਡ ਮੈਦਾਨਾਂ, ਸਵੇਰੇ-ਸ਼ਾਮ ਅਭਿਆਸ ਕਰਨ ਵਾਲੇ ਨੌਜਵਾਨਾਂ, ਉਨ੍ਹਾਂ ਨੂੰ ਸਿਖਲਾਈ ਦੇਣ ਵਾਲੇ ਕੋਚਾਂ ਤੇ ਖਿਡਾਰੀਆਂ ਦੇ ਸੁਪਨਿਆਂ ਦੀ ਕਹਾਣੀ ਹੈ।
-ਨਵਦੀਪ ਸਿੰਘ ਗਿੱਲ
ਮੋ: 97800-36216