ਭਾਰਤੀ ਫੁੱਟਬਾਲ ਟੀਮ ਬ੍ਰਾਜ਼ੀਲ ਹੱਥੋਂ 4-0 ਨਾਲ ਹਾਰੀ, ਸਾਲਟਲੇਕ ਸਟੇਡੀਅਮ 'ਚ ਇਤਿਹਾਸਕ ਮੁਕਾਬਲਾ ਦੇਖਣ ਪੁੱਜੇ 85,000 ਦਰਸ਼ਕ
ਸਾਲਟਲੇਕ ਸਟੇਡੀਅਮ ’ਚ ਬ੍ਰਾਜ਼ੀਲ ਲਈ ਲਿਨੋ ਨੇ ਦੋ ਤੇ ਐਸਟੇਵਾਓ ਤੇ ਪੇਡਰੋ ਨੇ ਇਕ-ਇਕ ਗੋਲ ਕੀਤਾ। ਭਾਰਤੀ ਖਿਡਾਰੀਆਂ ਨੇ ਇਸ ਮੈਚ ’ਚ ਬ੍ਰਾਜ਼ੀਲ ਦੀ ਤੇਜ਼ ਰਫ਼ਤਾਰ, ਸਟੀਕ ਪਾਸਿੰਗ, ਟੀਮ ਵਰਕ ਤੇ ਆਕਰਸ਼ਕ ਸ਼ੈਲੀ ਨੂੰ ਨੇੜਿਓਂ ਦੇਖਿਆ
Publish Date: Sun, 04 Oct 2026 11:20 AM (IST)
Updated Date: Sun, 04 Oct 2026 11:26 AM (IST)
ਵਿਸਾਲ ਸ਼੍ਰੇਸ਼ਠ, ਜਾਗਰਣ, ਕੋਲਕਾਤਾ : ਭਾਰਤੀ ਫੁੱਟਬਾਲ ਟੀਮ ਨੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਖ਼ਿਲਾਫ਼ ਫੀਫਾ ਦੋਸਤਾਨਾ ਮੈਚ 4-0 ਦੇ ਫਰਕ ਨਾਲ ਗੁਆ ਦਿੱਤਾ। ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਦੀਆਂ ਦੋ ਗ਼ਲਤੀਆਂ ਨਾ ਹੁੰਦੀਆਂ ਤਾਂ ਨਤੀਜਾ ਕੁਝ ਹੋਰ ਵੀ ਹੋ ਸਕਦਾ ਸੀ। ਕਦੇ-ਕਦੇ ਭਾਰਤੀ ਫੁੱਟਬਾਲ ਨੂੰ ਵੇਖਣ ਵਾਲਿਆਂ ਲਈ ਮੈਚ ਇਕ ਹੀ ਲਾਈਨ ’ਚ ਖ਼ਤਮ ਕੀਤਾ ਜਾ ਸਕਦਾ ਹੈ, ਪਰ ਜੋ ਲਗਾਤਾਰ ਇਸ ਖੇਡ ਦੇ ਭਾਰਤੀ ਪੱਧਰ ਨੂੰ ਦੇਖਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਇਸ ਨਤੀਜੇ ਤੋਂ ਬਹੁਤ ਸਾਰੀਆਂ ਸਕਾਰਾਤਮਕ ਚੀਜ਼ਾਂ ਸਿੱਖਣ ਨੂੰ ਮਿਲ ਸਕਦੀਆਂ ਹਨ। ਭਾਰਤ ਨੇ ਬ੍ਰਾਜ਼ੀਲ ਨੂੰ ਲਗਾਤਾਰ ਪਰੇਸ਼ਾਨ ਕੀਤਾ, ਆਪਣੇ ਬਾਕਸ ’ਚ ਬੈਠ ਕੇ ਖੇਡ ਨੂੰ ਬੋਰ ਨਹੀਂ ਹੋਣ ਦਿੱਤਾ ਤੇ ਨਾ ਹੀ ਉਨ੍ਹਾਂ ਦੇ ਸਭ ਤੋਂ ਵੱਡੇ ਸਟਾਰ ਵਿਨੀਸਿਯਸ ਜੂਨੀਅਰ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਦਿੱਤਾ। ਇਸ ਮੈਚ ਦੇ ਆਯੋਜਨ 'ਤੇ ਬਹੁਤ ਸਾਰੇ ਸਵਾਲ ਤੇ ਬਵਾਲ ਸਨ, ਜੋ ਮੈਚ ਤੋਂ ਪਹਿਲਾਂ ਵੀ ਸਾਫ਼ ਸੀ ਤੇ ਅੱਗੇ ਵੀ ਰਹੇਗਾ, ਪਰ ਇਸ ਇੰਟਰਨੈਸ਼ਨਲ ਬ੍ਰੇਕ ਦੇ ਪਹਿਲੇ ਦੋ ਮੈਚਾਂ ਨੂੰ ਦੇਖਣ ਦੇ ਬਾਅਦ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਅਸੀਂ ਬਹਾਦਰ ਫੁੱਟਬਾਲ ਖੇਡ ਰਹੇ ਹਾਂ।
ਸਾਲਟਲੇਕ ਸਟੇਡੀਅਮ ’ਚ ਬ੍ਰਾਜ਼ੀਲ ਲਈ ਲਿਨੋ ਨੇ ਦੋ ਤੇ ਐਸਟੇਵਾਓ ਤੇ ਪੇਡਰੋ ਨੇ ਇਕ-ਇਕ ਗੋਲ ਕੀਤਾ। ਭਾਰਤੀ ਖਿਡਾਰੀਆਂ ਨੇ ਇਸ ਮੈਚ ’ਚ ਬ੍ਰਾਜ਼ੀਲ ਦੀ ਤੇਜ਼ ਰਫ਼ਤਾਰ, ਸਟੀਕ ਪਾਸਿੰਗ, ਟੀਮ ਵਰਕ ਤੇ ਆਕਰਸ਼ਕ ਸ਼ੈਲੀ ਨੂੰ ਨੇੜਿਓਂ ਦੇਖਿਆ ਅਤੇ ਅੰਤਰਰਾਸ਼ਟਰੀ ਫੁੱਟਬਾਲ ਦੀਆਂ ਉਹ ਸੱਚੀਆਂ ਚੁਣੌਤੀਆਂ ਸਮਝੀਆਂ, ਜੋ ਭਾਰਤੀ ਫੁੱਟਬਾਲ ਨੂੰ ਅੱਗੇ ਵਧਾਉਣ ’ਚ ਮਦਦਗਾਰ ਸਾਬਤ ਹੋਣਗੀਆਂ। ਮਨਵੀਰ ਸਿੰਘ ਤੇ ਰਾਇਨ ਵਿਲੀਅਮਸ ਨੇ ਆਪਣੇ ਹੁਨਰ ਨਾਲ ਬ੍ਰਾਜ਼ੀਲ ਨੂੰ ਕਈ ਵਾਰੀ ਹੈਰਾਨ ਕੀਤਾ, ਹਾਲਾਂਕਿ ਉਹ ਇਸ ਨੂੰ ਗੋਲ ਵਿਚ ਬਦਲਣ ’ਚ ਅਸਫਲ ਰਹੇ।
ਹੌਲੀ ਖੇਡ ਤੋਂ ਮਿਲੀ ਪਹਿਲੀ ਸਫਲਤਾ ਬ੍ਰਾਜ਼ੀਲ ਨੇ ਸ਼ੁਰੂ ’ਚ ਤੇਜ਼ ਹਮਲੇ ਕੀਤੇ ਪਰ ਭਾਰਤੀ ਡਿਫੈਂਸ ਨੇ ਉਨ੍ਹਾਂ ਨੂੰ ਕੰਟਰੋਲ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਅਤੇ ਫਿਰ ਪਹਿਲੇ 25 ਮਿੰਟ ਦੇ ਖੇਡ ਦੌਰਾਨ ਆਕਰਸ਼ਕ ਸ਼ੈਲੀ ਨਾਲ ਸਫਲਤਾ ਨਾ ਮਿਲਣ ਕਾਰਨ ਬ੍ਰਾਜ਼ੀਲ ਨੇ ਆਪਣੀ ਰਣਨੀਤੀ ਬਦਲੀ। ਖੇਡ ’ਚ ਸੰਜਮ ਤੇ ਧੀਰਜ ਲਿਆਉਂਦੇ ਹੋਏ, ਸਟੀਕ ਤੇ ਨੇੜੇ ਪਾਸ ਦੇ ਕੇ ਖੇਡਣਾ ਸ਼ੁਰੂ ਕੀਤਾ। 28ਵੇਂ ਮਿੰਟ ’ਚ ਐਸਟੇਵਾਓ ਨੂੰ ਭਾਰਤੀ ਬਾਕਸ ਦੇ ਬਾਹਰ ਗੇਂਦ ਮਿਲੀ। ਉਨ੍ਹਾਂ ਦੋ ਖਿਡਾਰੀਆਂ ਨੂੰ ਭੁਲੇਖਾ ਪਾਉਂਦੇ ਹੋਏ ਜ਼ਬਰਦਸਤ ਸ਼ਾਟ ਮਾਰਿਆ। ਗੇਂਦ ਗੁਰਪ੍ਰੀਤ ਦੇ ਹੱਥਾਂ ਨਾਲ ਲੱਗ ਕੇ ਗੋਲਪੋਸਟ ਅੰਦਰ ਚਲੀ ਗਈ। 42ਵੇਂ ਮਿੰਟ ’ਚ ਪੇਡਰੋ ਨੇ ਵੀ ਇਸੇ ਅੰਦਾਜ਼ ’ਚ ਦੂਜਾ ਗੋਲ ਕੀਤਾ। 2-0 ਨਾਲ ਪਿੱਛੇ ਰਹਿਣ ਦੇ ਬਾਵਜੂਦ ਭਾਰਤ ਨੇ ਦੂਜੇ ਹਾਫ ’ਚ ਫਿਰ ਤੇਜ਼ੀ ਦਿਖਾ ਕੇ ਹਾਵੀ ਹੋਣ ਦੀ ਕੋਸ਼ਿਸ਼ ਕੀਤੀ ਪਰ ਬ੍ਰਾਜ਼ੀਲ ਦੀ ਮਜ਼ਬੂਤ ਰੱਖਿਆ ਪੰਕਤੀ ਨੂੰ ਭੇਦ ਨਹੀਂ ਪਾਇਆ। 58ਵੇਂ ਮਿੰਟ ’ਚ ਸੈਮੂਅਲ ਲਿਨੋ ਨੇ ਬ੍ਰਾਜ਼ੀਲ ਲਈ ਤੀਜਾ ਤੇ ਵਾਧੂ ਸਮੇਂ ’ਚ ਚੌਥਾ ਗੋਲ ਕਰ ਕੇ ਮੈਚ ਖ਼ਤਮ ਕੀਤਾ। ਫੁੱਟਬਾਲ ਪ੍ਰੇਮੀਆਂ ਦੇ ਸ਼ਹਿਰ ਕੋਲਕਾਤਾ ’ਚ ਮੈਚ ਨੂੰ ਲੈ ਕੇ ਉਤਸ਼ਾਹ ਸਿਖਰ 'ਤੇ ਸੀ। 85 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਸਾਲਟਲੇਕ ਸਟੇਡੀਅਮ ਪੂਰੀ ਤਰ੍ਹਾਂ ਭਰਿਆ ਹੋਇਆ ਸੀ। ਮੈਚ ਦੇਖਣ ਲਈ ਮੁੱਖ ਮੰਤਰੀ ਸ਼ੁਭੇਂਦੁ ਅਧਿਕਾਰੀ, ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ, ਫਿਲਮ ਅਭਿਨੇਤਾ ਮਿਥੁਨ ਚੱਕਰਵਰਤੀ ਸਮੇਤ ਕਈ ਸ਼ਖ਼ਸੀਅਤਾਂ ਪੁੱਜੀਆਂ ਸਨ।