- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਨੀਲ ਗਾਵਸਕਰ ਨੇ ਖਿਡਾਰੀਆਂ ਦੇ ਵਰਕਲੋਡ ਮੈਨੇਜਮੈਂਟ ਤੇ ਘਰੇਲੂ ਕ੍ਰਿਕਟ ’ਤੇ ਪੈ ਰਹੇ ਪ੍ਰਭਾਵ ਦਾ ਹਵਾਲਾ ਦਿੰਦਿਆਂ BCCI ਤੇ ICC ਨੂੰ ਕ੍ਰਿਕਟ ਕੈਲੰਡਰ ਨੂੰ ਆਸਾਨ ਬਣਾਉਣ ਦੀ ਅਪੀਲ ਕੀਤੀ ਹੈ।

ਸਪੋਰਟਸ ਡੈਸਕ, ਨਵੀਂ ਦਿੱਲੀ : ਸਾਬਕਾ ਕਪਤਾਨ ਸੁਨੀਲ ਗਾਵਸਕਰ ਚਾਹੁੰਦੇ ਹਨ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਇਹ ਸਮਝਣ ਕਿ ਭਾਰਤੀ ਕ੍ਰਿਕਟਰ ਕੋਈ ਗੰਨਾ ਨਹੀਂ ਹਨ, ਜਿਨ੍ਹਾਂ ਨੂੰ ਨਿਚੋੜ ਕੇ ਉਨ੍ਹਾਂ ਦੀ ਆਖਰੀ ਬੂੰਦ ਤੱਕ ਰਸ ਕੱਢ ਲਿਆ ਜਾਵੇ। ਗਾਵਸਕਰ ਨੇ BCCI ਤੇ ICC ਨੂੰ ਅਪੀਲ ਕੀਤੀ ਹੈ ਕਿ ਕ੍ਰਿਕਟ ਦੇ ਬਹੁਤ ਰੁੱਝੇ ਹੋਏ ਅੰਤਰਰਾਸ਼ਟਰੀ ਕੈਲੰਡਰ ਨੂੰ ਕੁਝ ਆਸਾਨ ਬਣਾਇਆ ਜਾਵੇ। ਗਾਵਸਕਰ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਲਗਾਤਾਰ ਜਾਰੀ ਰਹਿਣ ਕਾਰਨ ਘਰੇਲੂ ਕ੍ਰਿਕਟ ਨੂੰ ਪਿੱਛੇ ਧੱਕ ਦਿੱਤਾ ਗਿਆ ਹੈ, ਜਿਸ ਕਾਰਨ ਭਾਰਤ ਦੀ ਨਵੀਂ ਪ੍ਰਤਿਭਾ ਸਾਹਮਣੇ ਨਹੀਂ ਆ ਰਹੀ। BCCI ਨੇ ਆਪਣੀ ਪਿਛਲੀ ਮੀਟਿੰਗ ’ਚ ਫੈਸਲਾ ਕੀਤਾ ਸੀ ਕਿ ਭਾਰਤ ਦੇ ਫਿਊਚਰ ਟੂਰ ਪ੍ਰੋਗਰਾਮ (FTP) ’ਚ ਬਦਲਾਅ ਕੀਤੇ ਜਾਣਗੇ, ਤਾਂ ਜੋ ਖਿਡਾਰੀ ਵਿਦੇਸ਼ੀ ਦੇਸ਼ਾਂ ’ਚ ਹੋਣ ਵਾਲੀਆਂ ਸੀਰੀਜ਼ ਲਈ ਬਿਹਤਰ ਤਿਆਰੀ ਕਰ ਸਕਣ।
ਵਰਕਲੋਡ ਤੇ ਸੱਟਾਂ ਨੇ ਵਧਾਈ ਚਿੰਤਾ
BCCI ਦੇ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਸੀ ਕਿ ਬੋਰਡ ਦਾ ਧਿਆਨ ਖਿਡਾਰੀਆਂ ਨੂੰ ਕਾਫ਼ੀ ਆਰਾਮ ਦੇਣ ’ਤੇ ਰਹੇਗਾ, ਤਾਂ ਜੋ ਉਹ ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ’ਚ ਹੋਣ ਵਾਲੀਆਂ ਮਹੱਤਵਪੂਰਨ ਸੀਰੀਜ਼ ਤੋਂ ਪਹਿਲਾਂ ਉੱਥੋਂ ਦੀਆਂ ਹਾਲਾਤਾਂ ਨਾਲ ਚੰਗੀ ਤਰ੍ਹਾਂ ਢਲ ਸਕਣ ਤੇ ਉਨ੍ਹਾਂ ਨੂੰ ਅਭਿਆਸ ਮੈਚ ਖੇਡਣ ਦਾ ਵੀ ਸਮਾਂ ਮਿਲ ਸਕੇ। ਇਹ ਫੈਸਲਾ ਖਿਡਾਰੀਆਂ ਦੇ ਵਰਕਲੋਡ ਮੈਨੇਜਮੈਂਟ ਤੇ ਸੱਟਾਂ ਦੀ ਵਧਦੀ ਚਿੰਤਾ ਦੇ ਮੱਦੇਨਜ਼ਰ ਲਿਆ ਗਿਆ ਸੀ। BCCI ਇਸ ਮਹੀਨੇ ਹੋਣ ਵਾਲੀ ICC ਦੀ ਮੀਟਿੰਗ ’ਚ ਵੀ ਇਹ ਮੁੱਦਾ ਉਠਾ ਸਕਦਾ ਹੈ। ਗਾਵਸਕਰ ਨੇ ਸਪੋਰਟਸਟਾਰ ਲਈ ਲਿਖੇ ਆਪਣੇ ਕਾਲਮ ’ਚ ਕਿਹਾ, “ਹਾਲ ਹੀ ’ਚ ਹੋਈ ਮੀਟਿੰਗ ’ਚ ਭਾਰਤੀ ਕ੍ਰਿਕਟ ਨੇ ਇਸ ਮਾਮਲੇ ’ਤੇ ਪਕੜ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।”
ਗਾਵਸਕਰ ਨੇ ਕੀ ਕਿਹਾ
ਉਨ੍ਹਾਂ ਨੇ ਲਿਖਿਆ, “ਉਮੀਦ ਹੈ ਕਿ ਜਦੋਂ ICC ਦੀ ਮੀਟਿੰਗ ’ਚ ਅੰਤਰਰਾਸ਼ਟਰੀ ਕ੍ਰਿਕਟ ਕੈਲੰਡਰ ਬਾਰੇ ਗੱਲ ਹੋਵੇਗੀ ਤਾਂ ਫੈਸਲਾ ਲੈਣ ਵਾਲਿਆਂ ਨੂੰ ਇਹ ਅਹਿਸਾਸ ਹੋਵੇਗਾ ਕਿ ਭਾਰਤੀ ਕ੍ਰਿਕਟਰ ਨਾ ਤਾਂ ਮਸ਼ੀਨਾਂ ਹਨ ਤੇ ਨਾ ਹੀ ਗੰਨਾ, ਜਿਨ੍ਹਾਂ ਨੂੰ ਆਖਰੀ ਬੂੰਦ ਤੱਕ ਨਿਚੋੜ ਲਿਆ ਜਾਵੇ।”
“ਇਹ ਕਹਿਣਾ ਚੰਗਾ ਲੱਗਦਾ ਹੈ ਕਿ ਭਾਰਤ ਦੀ ਬੈਂਚ ਸਟ੍ਰੈਂਥ ਇੰਨੀ ਮਜ਼ਬੂਤ ਹੈ ਕਿ ਤਿੰਨ ਟੀਮਾਂ ਮੈਦਾਨ ’ਚ ਉਤਾਰੀਆਂ ਜਾ ਸਕਦੀਆਂ ਹਨ, ਪਰ ਸੱਚਾਈ ਇਹ ਹੈ ਕਿ ਨਤੀਜਿਆਂ ਨੇ ਦਿਖਾਇਆ ਹੈ ਕਿ ਭਾਰਤ ਦੀ ਇੱਕ ਟੀਮ ਵੀ ਜਿੱਤ ਲਈ ਸੰਘਰਸ਼ ਕਰ ਰਹੀ ਹੈ।”
ਸਾਬਕਾ ਭਾਰਤੀ ਕਪਤਾਨ ਨੇ ਅੱਗੇ ਲਿਖਿਆ, “ਹਾਂ, ਏਸ਼ਿਆਈ ਖੇਡਾਂ ’ਚ ਗੋਲਡ ਮੈਡਲ ਜਿੱਤਣ ਨਾਲ ਟੀਮ ਮੁੜ ਇਕਜੁੱਟ ਹੋਵੇਗੀ ਤੇ ਖਿਡਾਰੀਆਂ ਦਾ ਆਉਣ ਵਾਲੀਆਂ ਸੀਰੀਜ਼ ਲਈ ਆਤਮਵਿਸ਼ਵਾਸ ਵਧੇਗਾ, ਪਰ ਜੇ ਘਰੇਲੂ ਕ੍ਰਿਕਟ ਨੂੰ ਤਰਜੀਹ ਨਾ ਦਿੱਤੀ ਗਈ ਤਾਂ ਦੇਸ਼ ਵਿਸ਼ਵ ਪੱਧਰੀ ਖਿਡਾਰੀ ਪੈਦਾ ਨਹੀਂ ਕਰ ਸਕੇਗਾ।”