ਏਸ਼ਿਆਈ ਖੇਡਾਂ ਲਈ ਭਾਰਤੀ ਦਲ ਦਾ ਐਲਾਨ : 492 ਐਥਲੀਟਾਂ ਨੂੰ ਮਿਲੀ ਮਨਜ਼ੂਰੀ, 227 ਔਰਤ ਖਿਡਾਰੀ ਹੋਣਗੀਆਂ ਸ਼ਾਮਲ
ਖੇਡ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਜਾਪਾਨ ’ਚ ਅਗਲੇ ਮਹੀਨੇ ਸ਼ੁਰੂ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ 492 ਐਥਲੀਟਾਂ ਦੇ ਭਾਰਤੀ ਦਲ ਨੂੰ ਮਨਜ਼ੂਰੀ ਦੇ ਦਿੱਤੀ। ਇਸ ਸੂਚੀ ’ਚ ਐਥਲੈਟਿਕਸ ਤੋਂ ਸਭ ਤੋਂ ਵੱਧ 73 ਨਾਮ ਸ਼ਾਮਲ ਹਨ।
Publish Date: Sun, 23 Aug 2026 11:12 AM (IST)
Updated Date: Sun, 23 Aug 2026 11:17 AM (IST)
ਨਵੀਂ ਦਿੱਲੀ, (ਪੀਟੀਆਈ) : ਖੇਡ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਜਾਪਾਨ ’ਚ ਅਗਲੇ ਮਹੀਨੇ ਸ਼ੁਰੂ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ 492 ਐਥਲੀਟਾਂ ਦੇ ਭਾਰਤੀ ਦਲ ਨੂੰ ਮਨਜ਼ੂਰੀ ਦੇ ਦਿੱਤੀ। ਇਸ ਸੂਚੀ ’ਚ ਐਥਲੈਟਿਕਸ ਤੋਂ ਸਭ ਤੋਂ ਵੱਧ 73 ਨਾਮ ਸ਼ਾਮਲ ਹਨ। ਇਸ ਦਲ ’ਚ 265 ਪੁਰਸ਼ ਤੇ 227 ਮਹਿਲਾ ਐਥਲੀਟ ਸ਼ਾਮਲ ਹਨ। ਹਾਲਾਂਕਿ, ਮੰਤਰਾਲੇ ਨੇ ਇਨ੍ਹਾਂ ਖਿਡਾਰੀਆਂ ਨਾਲ ਜਾਣ ਵਾਲੇ ਸਹਾਇਕ ਸਟਾਫ ਦੀ ਸੂਚੀ ਹਾਲੇ ਤੱਕ ਜਾਰੀ ਨਹੀਂ ਕੀਤੀ ਹੈ।
ਏਸ਼ਿਆਈ ਖੇਡਾਂ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਦੇ ਆਇਚੀ-ਨਾਗੋਆ ’ਚ ਹੋਣਗੀਆਂ। ਸਰੋਤਾਂ ਨੇ ਦੱਸਿਆ ਕਿ ਸਹਾਇਕ ਸਟਾਫ ਦੀ ਸੂਚੀ ਇਕ ਹਫ਼ਤੇ ਜਾਂ ਇਸ ਤੋਂ ਪਹਿਲਾਂ ਆ ਜਾਵੇਗੀ। ਇਸ ਨੂੰ ਦੁਬਾਰਾ ਦੇਖਿਆ ਜਾ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੀਆਂ ਹਿੱਸਾ ਲੈਣ ਵਾਲੀਆਂ ਟੀਮਾਂ ਲਈ ਫਿਜ਼ੀਓ ਤੇ ਮੈਡੀਕਲ ਸਟਾਫ ਵਰਗੇ ਖੇਡ ਵਿਗਿਆਨ ਦੇ ਮਾਹਰਾਂ ਦੀ ਸੰਤੁਲਿਤ ਮੌਜੂਦਗੀ ਹੋਵੇ। ਸਰੋਤਾਂ ਨੇ ਅੱਗੇ ਕਿਹਾ ਕਿ ਐਥਲੀਟਾਂ ਦੀ ਸੂਚੀ ਲਗਪਗ ਓਹੀ ਹੈ ਜੋ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਸੁਝਾਈ ਸੀ। ਡੋਪਿੰਗ ਨਿਯਮਾਂ ਦੀ ਉਲੰਘਣਾ ਕਾਰਨ ਕੁਝ ਨਾਂ ਹਟਾ ਦਿੱਤੇ ਗਏ ਹਨ, ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਸੀ ਪਰ ਕੁਝ ਹੋਰ ਨਾਮ ਜੋੜੇ ਜਾ ਸਕਦੇ ਹਨ, ਜਿਸ ਲਈ ਅਸੀਂ ਓਲੰਪਿਕ ਕਾਉਂਸਲ ਆਫ ਏਸ਼ੀਆ (ਓਸੀਏ) ਤੋਂ ਮਨਜ਼ੂਰੀ ਦੀ ਉਡੀਕ ਕਰ ਰਹੇ ਹਾਂ।
ਐਥਲੈਟਿਕਸ ਗਰੁੱਪ ’ਚ 35 ਪੁਰਸ਼ ਤੇ 38 ਮਹਿਲਾ ਸ਼ਾਮਲ ਹਨ। ਇਸ ’ਚ ਦੋ ਵਾਰੀ ਓਲੰਪਿਕ ਮੈਡਲ ਜਿੱਤਣ ਵਾਲੇ ਨੇਜਾ ਸੁੱਟਣ ਦੇ ਸਟਾਰ ਨੀਰਜ ਚੋਪੜਾ, ਲੰਬੀ ਛਾਲ ਦੇ ਖਿਡਾਰੀ ਮੁਰਲੀ ਸ਼੍ਰੀਸ਼ੰਕਰ, ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ, ਡੈਕਾਥਲੋਨ ਖਿਡਾਰੀ ਤੇਜਸਵਿਨ ਸ਼ੰਕਰ ਤੇ 100 ਮੀਟਰ ਹਰਡਲਰ ਜਯੋਤੀ ਯਾਰਾਜੀ ਵਰਗੇ ਖਿਡਾਰੀ ਸ਼ਾਮਲ ਹਨ। ਇਸ ਦੇ ਨਾਲ ਹੀ ਨਿਸ਼ਾਨੇਬਾਜ਼ੀ ਟੀਮ ਦੀ ਅਗਵਾਈ ਦੋ ਵਾਰੀ ਓਲੰਪਿਕ ਮੈਡਲ ਜਿੱਤਣ ਵਾਲੀ ਪਿਸਟਲ ਨਿਸ਼ਾਨੇਬਾਜ਼ ਮਨੁ ਭਾਕਰ ਕਰਨਗੀਆਂ।