ਏਸ਼ਿਆਈ ਖੇਡਾਂ 'ਚ ਗੂੰਜਿਆ ਭਾਰਤ ਦਾ ਨਾਂ, ਝੋਲੀ ਪਿਆ ਇੱਕ ਹੋਰ ਸੋਨ ਤਮਗਾ; ਪਹਿਲਵਾਨ ਅਮਨ ਸਹਿਰਾਵਤ ਨੇ ਚੱਲਿਆ ਸੋਨੇ ਵਾਲਾ ਦਾਅ ਅਮਨ ਸਹਿਰਾਵਤ ਨੇ ਆਪਣਾ ਨਾਮ ਇਤਿਹਾਸ ਦੇ ਪੰਨਿਆਂ 'ਤੇ ਦਰਜ ਕਰਵਾ ਲਿਆ ਹੈ। ਅਮਨ ਨੇ ਏਸ਼ੀਆਈ ਖੇਡਾਂ 2026 ਵਿੱਚ ਫ੍ਰੀਸਟਾਈਲ ਕੁਸ਼ਤੀ ਦੇ 57 ਕਿਲੋ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਅਮਨ ਨੇ ਵਿਸ਼ਵ ਚੈਂਪੀਅਨ ਉੱਤਰੀ ਕੋਰੀਆ ਦੇ ਹਾਂਗ ਚੋਂਗ ਸੋਂਗ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ।
Publish Date: Sat, 03 Oct 2026 03:56 PM (IST)
Updated Date: Sat, 03 Oct 2026 04:08 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਅਮਨ ਸਹਿਰਾਵਤ ਨੇ ਆਪਣਾ ਨਾਮ ਇਤਿਹਾਸ ਦੇ ਪੰਨਿਆਂ 'ਤੇ ਦਰਜ ਕਰਵਾ ਲਿਆ ਹੈ। ਅਮਨ ਨੇ ਏਸ਼ੀਆਈ ਖੇਡਾਂ 2026 ਵਿੱਚ ਫ੍ਰੀਸਟਾਈਲ ਕੁਸ਼ਤੀ ਦੇ 57 ਕਿਲੋ ਵਰਗ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। ਅਮਨ ਨੇ ਵਿਸ਼ਵ ਚੈਂਪੀਅਨ ਉੱਤਰੀ ਕੋਰੀਆ ਦੇ ਹਾਂਗ ਚੋਂਗ ਸੋਂਗ ਨੂੰ ਹਰਾ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ।
ਦੱਸ ਦੇਈਏ ਕਿ ਅਮਨ ਸਹਿਰਾਵਤ ਦੀ ਵਿਸ਼ਵ ਰੈਂਕਿੰਗ 32 ਹੈ। ਉਨ੍ਹਾਂ ਨੇ ਪੁਰਸ਼ਾਂ ਦੇ 57 ਕਿਲੋ ਫ੍ਰੀਸਟਾਈਲ ਫਾਈਨਲ ਵਿੱਚ ਹਾਂਗ ਚੋਂਗ ਸੋਂਗ ਨੂੰ 11-7 ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। 57 ਕਿਲੋ ਫ੍ਰੀਸਟਾਈਲ ਕੁਸ਼ਤੀ ਵਿੱਚ ਭਾਰਤ ਦਾ ਇਹ ਪਹਿਲਾ ਏਸ਼ੀਆਈ ਖੇਡਾਂ ਦਾ ਗੋਲਡ ਮੈਡਲ ਵੀ ਹੈ। ਯਾਦ ਰਹੇ ਕਿ 2023 ਦੀਆਂ ਏਸ਼ੀਆਈ ਖੇਡਾਂ ਵਿੱਚ ਅਮਨ ਸਹਿਰਾਵਤ ਨੇ ਕਾਂਸੀ, ਜਦਕਿ ਸੋਂਗ ਨੇ ਚਾਂਦੀ ਦਾ ਮੈਡਲ ਜਿੱਤਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਅਮਨ ਸਹਿਰਾਵਤ ਨੇ ਨਿੱਜੀ ਜ਼ਿੰਦਗੀ ਵਿੱਚ ਕਾਫ਼ੀ ਵੱਡੇ ਝਟਕੇ ਸਹੇ ਹਨ, ਪਰ ਉਨ੍ਹਾਂ ਨੇ ਕਦੇ ਹਿੰਮਤ ਨਹੀਂ ਹਾਰੀ। ਅਮਨ ਸਿਰਫ਼ 11 ਸਾਲ ਦੇ ਸਨ, ਜਦੋਂ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ। ਕੁਸ਼ਤੀ ਨੇ ਸਹਿਰਾਵਤ ਨੂੰ ਇਕਾਗਰਤਾ ਅਤੇ ਜ਼ਿੰਦਗੀ ਜਿਊਣ ਦਾ ਮਕਸਦ ਦਿੱਤਾ।
ਓਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਤੋਂ ਪ੍ਰੇਰਿਤ ਅਮਨ ਸਹਿਰਾਵਤ ਨੇ ਦਿੱਲੀ ਦੇ ਮਸ਼ਹੂਰ ਛਤਰਸਾਲ ਸਟੇਡੀਅਮ ਵਿੱਚ ਲਲਿਤ ਕੁਮਾਰ ਤੋਂ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ। ਇਸ ਦੌਰਾਨ ਅਮਨ ਨੇ ਆਪਣੀ ਹਮਲਾਵਰ ਗ੍ਰੈਪਲਿੰਗ ਸ਼ੈਲੀ ਵਿਕਸਿਤ ਕੀਤੀ।
ਇਤਿਹਾਸ ਰਚਦੇ ਗਏ ਅਮਨ 2022 ਵਿੱਚ ਅਮਨ ਨੇ ਸਪੇਨ ਵਿੱਚ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ। ਉਹ ਇਹ ਕਾਰਨਾਮਾ ਕਰਨ ਵਾਲੇ ਪਹਿਲੇ ਭਾਰਤੀ ਬਣੇ। ਜਲਦ ਹੀ ਅਮਨ ਨੇ ਸੀਨੀਅਰ ਸਰਕਿਟ ਵਿੱਚ ਵੀ ਆਪਣੀ ਜਗ੍ਹਾ ਪੱਕੀ ਕਰ ਲਈ। ਕਜ਼ਾਕਿਸਤਾਨ ਵਿੱਚ 2023 ਦੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ। ਪਿਛਲੀਆਂ ਏਸ਼ੀਆਈ ਖੇਡਾਂ ਵਿੱਚ ਉਨ੍ਹਾਂ ਨੇ ਕਾਂਸੀ ਦਾ ਮੈਡਲ ਜਿੱਤਿਆ ਸੀ।
2024 ਪੈਰਿਸ ਓਲੰਪਿਕ ਵਿੱਚ ਸਹਿਰਾਵਤ ਨੇ ਪਿਊਰਟੋ ਰੀਕੋ ਦੇ ਡੇਰੀਅਨ ਕਰੂਜ਼ ਨੂੰ ਹਰਾ ਕੇ ਕਾਂਸੀ ਦਾ ਮੈਡਲ ਜਿੱਤਿਆ। 21 ਸਾਲ ਅਤੇ 24 ਦਿਨ ਦੀ ਉਮਰ ਵਿੱਚ ਵਿਅਕਤੀਗਤ ਓਲੰਪਿਕ ਮੈਡਲ ਜਿੱਤਣ ਵਾਲੇ ਉਹ ਸਭ ਤੋਂ ਘੱਟ ਉਮਰ ਦੇ ਭਾਰਤੀ ਐਥਲੀਟ ਬਣੇ। ਕੁਸ਼ਤੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ 2024 ਵਿੱਚ ਅਮਨ ਨੂੰ ਭਾਰਤ ਦੇ ਦੂਜੇ ਸਭ ਤੋਂ ਵੱਡੇ ਖੇਡ ਸਨਮਾਨ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।