Asian Games 2026 'ਚ ਭਾਰਤ ਦਾ 'ਗੋਲਡਨ' ਨਿਸ਼ਾਨਾ: ਸੁਰੁਚੀ ਸਿੰਘ ਤੇ ਕਮਲਜੀਤ ਨੇ ਸ਼ੂਟਿੰਗ 'ਚ ਦੇਸ਼ ਦਾ ਨਾਂ ਕੀਤਾ ਰੋਸ਼ਨ, ਜਿੱਤਿਆ ਸੋਨੇ ਦਾ ਤਮਗਾ ਜਾਪਾਨ ਦੇ ਆਇਚੀ-ਨਾਗੋਆ 'ਚ ਚੱਲ ਰਹੀਆਂ ਏਸ਼ੀਅਨ ਖੇਡਾਂ 2026 ਦੇ ਛੇਵੇਂ ਦਿਨ ਭਾਰਤ ਦੀ ਗੋਲਡਨ ਸ਼ੁਰੂਆਤ ਹੋਈ। ਸ਼ੂਟਿੰਗ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ 'ਚ ਸੁਰੁਚੀ ਸਿੰਘ ਅਤੇ ਕਮਲਜੀਤ ਨੇ ਭਾਰਤ ਨੂੰ ਗੋਲਡ ਮੈਡਲ ਦਿਵਾਇਆ। ਇਹ ਭਾਰਤ ਦਾ ਹੁਣ ਤੱਕ ਦਾ ਦੂਜਾ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਫ਼ਾਈਨਲ 'ਚ ਸ੍ਰੀਲੰਕਾ ਨੂੰ ਹਰਾ ਕੇ ਸੋਨਾ ਜਿੱਤਿਆ ਸੀ।
Publish Date: Fri, 25 Sep 2026 10:17 AM (IST)
Updated Date: Fri, 25 Sep 2026 10:20 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਜਾਪਾਨ ਦੇ ਆਇਚੀ-ਨਾਗੋਆ 'ਚ ਚੱਲ ਰਹੀਆਂ ਏਸ਼ੀਅਨ ਖੇਡਾਂ 2026 ਦੇ ਛੇਵੇਂ ਦਿਨ ਭਾਰਤ ਦੀ ਗੋਲਡਨ ਸ਼ੁਰੂਆਤ ਹੋਈ। ਸ਼ੂਟਿੰਗ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ 'ਚ ਸੁਰੁਚੀ ਸਿੰਘ ਅਤੇ ਕਮਲਜੀਤ ਨੇ ਭਾਰਤ ਨੂੰ ਗੋਲਡ ਮੈਡਲ ਦਿਵਾਇਆ। ਇਹ ਭਾਰਤ ਦਾ ਹੁਣ ਤੱਕ ਦਾ ਦੂਜਾ ਗੋਲਡ ਮੈਡਲ ਹੈ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਫ਼ਾਈਨਲ 'ਚ ਸ੍ਰੀਲੰਕਾ ਨੂੰ ਹਰਾ ਕੇ ਸੋਨਾ ਜਿੱਤਿਆ ਸੀ।
ਸੁਰੁਚੀ ਅਤੇ ਕਮਲਜੀਤ ਨੇ ਫ਼ਾਈਨਲ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਦੋਹਾਂ ਦੇ ਕੁੱਲ 484.6 ਪੁਆਇੰਟਸ ਸਨ, ਜੋ ਵਿਸ਼ਵ ਰਿਕਾਰਡ ਤੋਂ 3.8 ਪੁਆਇੰਟਸ ਘੱਟ ਸਨ। ਸੁਰੁਚੀ ਅਤੇ ਕਮਲਜੀਤ ਨੇ ਸ਼ੁਰੂਆਤ 'ਚ ਹੀ ਬੜ੍ਹਤ ਬਣਾਈ। ਇਸ ਤੋਂ ਬਾਅਦ ਦੋਹਾਂ ਨੇ ਪੂਰੇ ਮੁਕਾਬਲੇ 'ਚ ਆਪਣਾ ਵਧੀਆ ਪ੍ਰਦਰਸ਼ਨ ਬਰਕਰਾਰ ਰੱਖਿਆ। ਕੋਰੀਆ ਨੇ ਅੰਤ 'ਚ ਦਬਾਅ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਸੁਰੁਚੀ ਅਤੇ ਕਮਲਜੀਤ ਨੇ 6.6 ਪੁਆਇੰਟਸ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਦੱਖਣੀ ਕੋਰੀਆ ਨੇ 478.0 ਪੁਆਇੰਟਸ ਨਾਲ ਸਿਲਵਰ ਅਤੇ ਈਰਾਨ ਨੇ 415.8 ਪੁਆਇੰਟਸ ਨਾਲ ਬ੍ਰਾਂਜ 'ਤੇ ਨਿਸ਼ਾਨਾ ਸਾਧਿਆ।
ਫ਼ਾਈਨਲ ਨਤੀਜਾ ਭਾਰਤ: 484.6 (ਗੋਲਡ) ਦੱਖਣੀ ਕੋਰੀਆ: 478.0 (ਸਿਲਵਰ) ਈਰਾਨ: 415.8 (ਬ੍ਰਾਂਜ)
ਹਰਿਆਣਾ ਦੇ ਝੱਜਰ ਦੀ ਹੈ ਸੁਰੁਚੀ ਸੁਰੁਚੀ ਸਿੰਘ ਹਰਿਆਣਾ ਦੇ ਝੱਜਰ ਦੀ ਰਹਿਣ ਵਾਲੀ ਇੱਕ ਭਾਰਤੀ 10 ਮੀਟਰ ਏਅਰ ਪਿਸਟਲ ਸ਼ੂਟਰ ਹੈ, ਜਿਸ ਦਾ ਜਨਮ 28 ਅਪ੍ਰੈਲ 2006 ਨੂੰ ਹੋਇਆ ਸੀ। ਪਰਿਵਾਰ ਦੇ ਮਜ਼ਬੂਤ ਸਪੋਰਟਸ ਬੈਕਗਰਾਊਂਡ ਕਾਰਨ ਸ਼ੁਰੂ 'ਚ ਉਸ ਨੂੰ ਰੈਸਲਿੰਗ ਅਜ਼ਮਾਉਣ ਲਈ ਉਤਸ਼ਾਹਿਤ ਕੀਤਾ ਗਿਆ ਸੀ, ਪਰ 13 ਸਾਲ ਦੀ ਉਮਰ 'ਚ ਉਸ ਨੇ ਸ਼ੂਟਿੰਗ ਸ਼ੁਰੂ ਕੀਤੀ। ਉਸ ਨੇ ਭਿਵਾਨੀ 'ਚ ਗੁਰੂ ਦਰੋਣਾਚਾਰੀਆ ਸ਼ੂਟਿੰਗ ਅਕੈਡਮੀ 'ਚ ਕੋਚ ਸੁਰੇਸ਼ ਸਿੰਘ ਦੀ ਅਗਵਾਈ 'ਚ ਟਰੇਨਿੰਗ ਸ਼ੁਰੂ ਕੀਤੀ।
ਸੁਰੁਚੀ ਨੇ 2025 'ਚ ਸੀਨੀਅਰ ਇੰਟਰਨੈਸ਼ਨਲ ਸਰਕਟ 'ਤੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਅਤੇ ਬਿਊਨਸ ਆਇਰਸ, ਲੀਮਾ ਅਤੇ ਮਿਊਨਿਖ 'ਚ ਲਗਾਤਾਰ ਤਿੰਨ ਵਿਅਕਤੀਗਤ ISSF ਵਰਲਡ ਕੱਪ ਗੋਲਡ ਮੈਡਲ ਜਿੱਤੇ। ਉਸ ਨੇ ਲੀਮਾ ਵਰਲਡ ਕੱਪ 'ਚ ਮਿਕਸਡ ਟੀਮ ਈਵੈਂਟ 'ਚ ਵੀ ਗੋਲਡ ਮੈਡਲ ਜਿੱਤਿਆ। ਉਸ ਦਾ ਸ਼ਾਨਦਾਰ 2025 ਸੀਜ਼ਨ ਦੋਹਾ 'ਚ ISSF ਵਰਲਡ ਕੱਪ ਫ਼ਾਈਨਲ 'ਚ ਗੋਲਡ ਮੈਡਲ ਨਾਲ ਸਮਾਪਤ ਹੋਇਆ, ਜਿੱਥੇ ਉਸ ਨੇ 10 ਮੀਟਰ ਏਅਰ ਪਿਸਟਲ ਫ਼ਾਈਨਲ 'ਚ 245.1 ਦਾ ਜੂਨੀਅਰ ਵਿਸ਼ਵ ਰਿਕਾਰਡ ਬਣਾਇਆ।
2026 'ਚ ਉਸ ਨੇ ਮਿਊਨਿਖ 'ਚ ISSF ਵਰਲਡ ਕੱਪ 'ਚ ਗੋਲਡ ਮੈਡਲ ਜਿੱਤ ਕੇ ਆਪਣਾ ਸ਼ਾਨਦਾਰ ਫਾਰਮ ਜਾਰੀ ਰੱਖਿਆ ਅਤੇ ਭਾਰਤ ਦੀਆਂ ਪ੍ਰਮੁੱਖ ਇੰਟਰਨੈਸ਼ਨਲ 10 ਮੀਟਰ ਏਅਰ ਪਿਸਟਲ ਸ਼ੂਟਰਾਂ 'ਚੋਂ ਇੱਕ ਬਣ ਗਈ। ਉਸ ਨੇ 2026 ਏਸ਼ੀਅਨ ਚੈਂਪੀਅਨਸ਼ਿਪ 'ਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ 'ਚ ਸਿਲਵਰ ਮੈਡਲ ਵੀ ਜਿੱਤਿਆ।
ਕਮਲਜੀਤ ਨੂੰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਸੁਲਖਾ ਪਿੰਡ ਦੇ ਰਹਿਣ ਵਾਲੇ ਕਮਲਜੀਤ ਇੱਕ ਭਾਰਤੀ ਪਿਸਟਲ ਸ਼ੂਟਰ ਹਨ, ਜੋ 10 ਮੀਟਰ ਏਅਰ ਪਿਸਟਲ ਅਤੇ 50 ਮੀਟਰ ਪਿਸਟਲ ਈਵੈਂਟ 'ਚ ਮਾਹਿਰ ਹਨ। ਸੱਟ ਕਾਰਨ ਆਪਣਾ ਟਰੈਕ-ਐਂਡ-ਫ਼ੀਲਡ ਐਥਲੈਟਿਕਸ ਕਰੀਅਰ ਛੱਡਣ ਤੋਂ ਬਾਅਦ ਉਹਨਾਂ ਨੇ 2019 'ਚ ਸ਼ੂਟਿੰਗ ਸ਼ੁਰੂ ਕੀਤੀ।
ਇੱਕ ਮੱਧ-ਵਰਗੀ ਪਰਿਵਾਰ ਤੋਂ ਹੋਣ ਕਾਰਨ ਕਮਲਜੀਤ ਨੂੰ ਆਪਣੇ ਸ਼ੂਟਿੰਗ ਕਰੀਅਰ ਦੀ ਸ਼ੁਰੂਆਤ 'ਚ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਹਨਾਂ ਨੇ ਕੋਚਿੰਗ, ਕੋਰਸ ਦੀ ਫ਼ੀਸ ਅਤੇ ਮੁਕਾਬਲਿਆਂ ਦਾ ਖ਼ਰਚ ਖ਼ੁਦ ਚੁੱਕਿਆ; ਕਈ ਵਾਰ ਤਾਂ ਅਜਿਹਾ ਵੀ ਹੋਇਆ ਜਦੋਂ ਉਹਨਾਂ ਨੇ ਇਹ ਖੇਡ ਛੱਡਣ ਬਾਰੇ ਸੋਚਿਆ। ਇਹਨਾਂ ਮੁਸ਼ਕਲਾਂ ਦੇ ਬਾਵਜੂਦ ਉਹਨਾਂ ਦੇ ਮਾਤਾ-ਪਿਤਾ ਨੇ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਅਤੇ ਖੇਡ ਜਾਰੀ ਰੱਖਣ ਲਈ ਜ਼ਰੂਰੀ ਹਰ ਚੀਜ਼ ਮੁਹੱਈਆ ਕਰਵਾਈ।
ਅਗਲੇ ਦੋ-ਤਿੰਨ ਸਾਲਾਂ 'ਚ ਉਹਨਾਂ ਦੀ ਲਗਨ ਨੇ ਉਹਨਾਂ ਨੂੰ ਆਰਥਿਕ ਅਤੇ ਖੇਡ ਨਾਲ ਜੁੜੀਆਂ ਚੁਣੌਤੀਆਂ ਤੋਂ ਉੱਭਰਨ ਅਤੇ ਇੱਕ ਮੁਕਾਬਲੇਬਾਜ਼ ਸ਼ੂਟਰ ਵਜੋਂ ਆਪਣੀ ਪਛਾਣ ਬਣਾਉਣ 'ਚ ਮਦਦ ਕੀਤੀ। ਕਮਲਜੀਤ ਨੇ ਜੂਨੀਅਰ ਇੰਟਰਨੈਸ਼ਨਲ ਸਰਕਟ 'ਚ ਆਪਣੀ ਮਜ਼ਬੂਤ ਛਾਪ ਛੱਡੀ ਅਤੇ ਕੋਰੀਆ ਦੇ ਚਾਂਗਵੋਨ 'ਚ ਕਰਵਾਈ ਗਈ 2023 ISSF ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ 50 ਮੀਟਰ ਪਿਸਟਲ ਜੂਨੀਅਰ ਪੁਰਸ਼ ਈਵੈਂਟ 'ਚ ਗੋਲਡ ਮੈਡਲ ਜਿੱਤਿਆ। ਇਸ ਤੋਂ ਬਾਅਦ ਉਹਨਾਂ ਨੇ ਸੀਨੀਅਰ ਇੰਟਰਨੈਸ਼ਨਲ ਸਰਕਟ 'ਚ ਕਦਮ ਰੱਖਿਆ ਅਤੇ 10 ਮੀਟਰ ਏਅਰ ਪਿਸਟਲ ਅਤੇ 50 ਮੀਟਰ ਪਿਸਟਲ, ਦੋਹਾਂ ਈਵੈਂਟਾਂ 'ਚ ਹਿੱਸਾ ਲਿਆ।