ਜੂਨੀਅਰ ਹਾਕੀ ਏਸ਼ੀਆ ਕੱਪ 'ਚ ਭਾਰਤ ਦਾ ਦਬਦਬਾ, ਮਰਦ ਤੇ ਮਹਿਲਾ ਟੀਮਾਂ ਰਹੀਆਂ ਅਜੇਤੂ; ਪਾਕਿਸਤਾਨ ਨੂੰ 19-0 ਨਾਲ ਧੂੜ ਚਟਾ ਕੇ ਬਣੀਆਂ ਚੈਂਪੀਅਨ
ਮਰਦ ਟੀਮ ਦੀ ਤਰ੍ਹਾਂ ਹੀ ਮਹਿਲਾ ਟੀਮ ਵੀ ਵਿਰੋਧੀਆਂ ’ਤੇ ਪੂਰੀ ਤਰ੍ਹਾਂ ਭਾਰੂ ਰਹੀ। ਖੈਦਾਮ ਚਾਨੂ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪੰਜ ਸਤੰਬਰ ਨੂੰ ਹੋਏ ਸ਼ੁਰੂਆਤੀ ਮੈਚ ’ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ ਤੇ ਅਗਲੇ ਦਿਨ ਮਲੇਸ਼ੀਆ ’ਤੇ 11-1 ਦੇ ਅੰਤਰ ਨਾਲ ਵੱਡੀ ਜਿੱਤ ਦਰਜ ਕੀਤੀ।
Publish Date: Mon, 14 Sep 2026 12:13 PM (IST)
Updated Date: Mon, 14 Sep 2026 12:16 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਚੀਨ ਦੇ ਮੋਕੀ ’ਚ ਖੇਡੇ ਗਏ ਜੂਨੀਅਰ ਹਾਕੀ ਏਸ਼ੀਆ ਕੱਪ ’ਚ ਭਾਰਤੀ ਮਰਦ ਤੇ ਮਹਿਲਾ ਟੀਮ ਨੇ ਪੂਰੀ ਤਰ੍ਹਾਂ ਦਬਦਬਾ ਬਣਾਈ ਰੱਖਿਆ ਤੇ ਅਜੇਤੂ ਰਹਿੰਦੇ ਹੋਏ ਚੈਂਪੀਅਨ ਬਣ ਕੇ ਆਪਣੀ ਮੁਹਿੰਮ ਖ਼ਤਮ ਕੀਤੀ। ਅਨਮੋਲ ਐਕਾ ਦੀ ਅਗਵਾਈ ਵਾਲੀ ਭਾਰਤੀ ਮਰਦ ਟੀਮ ਨੇ ਫਾਈਨਲ ’ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾਉਂਦੇ ਹੋਏ ਛੇਵੀਂ ਵਾਰ ਖ਼ਿਤਾਬ ਜਿੱਤਿਆ ਤਾਂ ਇਸ ਵਿਚ ਉਸਦੇ ਹਮਲਾਵਰ ਖੇਡ ਦਾ ਬਹੁਤ ਵੱਡਾ ਯੋਗਦਾਨ ਰਿਹਾ। ਪਹਿਲੇ ਮੈਚ ’ਚ ਭਾਰਤ ਨੇ ਇੰਡੋਨੇਸ਼ੀਆ ਨੂੰ 14-0 ਨਾਲ ਦਰੜ ਕੇ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਹਾਲਾਂਕਿ, ਅਗਲੇ ਮੁਕਾਬਲੇ ’ਚ ਉਸ ਨੂੰ ਜਾਪਾਨ ਤੋਂ 3-3 ਨਾਲ ਡਰਾਅ ਖੇਡਣਾ ਪਿਆ ਪਰ ਇਸ ਤੋਂ ਬਾਅਦ ਭਾਰਤ ਨੇ ਦੱਖਣੀ ਕੋਰੀਆ ਨੂੰ 7-3 ਨਾਲ ਦਰੜਦੇ ਹੋਏ ਸੈਮੀਫਾਈਨਲ ’ਚ ਥਾਂ ਯਕੀਨੀ ਕੀਤੀ। ਆਖਰੀ ਗਰੁੱਪ ’ਚ ਸਿਰਫ ਰਸਮ ਹੀ ਸੀ ਪਰ ਭਾਰਤੀ ਟੀਮ ਨੇ ਹਮਲਾਵਰ ਖੇਡ ਨਹੀਂ ਛੱਡੀ ਤੇ ਚੀਨੀ ਤਾਈਪੇ ਨੂੰ 15-0 ਨਾਲ ਦਰੜਦੇ ਹੋਏ ਗਰੁੱਪ ਪੜਾਅ ਦੀ ਸਮਾਪਤੀ ਕੀਤੀ।
ਸੈਮੀਫਾਈਨਲ ’ਚ ਭਾਰਤ ਦਾ ਸਾਹਮਣਾ ਮਲੇਸ਼ੀਆ ਨਾਲ ਹੋਇਆ ਤੇ ਭਾਰਤ ਨੇ 4-1 ਨਾਲ ਜਿੱਤ ਕੇ ਸ਼ਾਨ ਨਾਲ ਫਾਈਨਲ ’ਚ ਐਂਟਰੀ ਕੀਤੀ। ਇਸ ਟੂਰਨਾਮੈਂਟ ’ਚ ਭਾਰਤੀ ਟੀਮ ਨੇ ਸਭ ਤੋਂ ਵੱਧ 46 ਗੋਲ ਕੀਤੇ ਤੇ ਵਿਰੋਧੀ ਟੀਮਾਂ ਉਸਦੇ ਡਿਫੈਂਸ ਨੂੰ ਸਿਰਫ ਅੱਠ ਵਾਰ ਹੀ ਵਿੰਨ੍ਹ ਸਕੀਆਂ। ਭਾਰਤ ਵੱਲੋਂ ਕਪਤਾਨ ਅਨਮੋਲ ਐਕਾ ਨੇ ਅੱਗੇ ਵਧ ਕੇ ਟੀਮ ਦੀ ਅਗਵਾਈ ਕੀਤੀ ਤੇ ਉਸਦੇ ਨਾਂ ਟੂਰਨਾਮੈਂਟ ’ਚ ਕੁੱਲ 17 ਗੋਲ ਰਹੇ। ਉਥੇ ਹੀ, ਪ੍ਰਭਦੀਪ ਨੇ ਅੱਠ ਗੋਲ ਕੀਤੇ।
ਮਰਦ ਟੀਮ ਦੀ ਤਰ੍ਹਾਂ ਹੀ ਮਹਿਲਾ ਟੀਮ ਵੀ ਵਿਰੋਧੀਆਂ ’ਤੇ ਪੂਰੀ ਤਰ੍ਹਾਂ ਭਾਰੂ ਰਹੀ। ਖੈਦਾਮ ਚਾਨੂ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਪੰਜ ਸਤੰਬਰ ਨੂੰ ਹੋਏ ਸ਼ੁਰੂਆਤੀ ਮੈਚ ’ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ ਤੇ ਅਗਲੇ ਦਿਨ ਮਲੇਸ਼ੀਆ ’ਤੇ 11-1 ਦੇ ਅੰਤਰ ਨਾਲ ਵੱਡੀ ਜਿੱਤ ਦਰਜ ਕੀਤੀ। ਫਿਰ ਜਾਪਾਨ ’ਤੇ 8-0 ਨਾਲ ਇਕਪਾਸੜ ਜਿੱਤ ਦਰਜ ਕੀਤੀ। ਚੌਥੇ ਗਰੁੱਪ ਮੈਚ ’ਚ ਚੀਨ ਨਾਲ ਉਸਦਾ ਮੈਚ ਗੋਲ ਰਹਿਤ ਡਰਾਅ ਰਿਹਾ। ਕੁਆਰਟਰ ਫਾਈਨਲ ’ਚ ਭਾਰਤ ਦਾ ਸਾਹਮਣਾ ਕੱਟੜ ਮੁਕਾਬਲੇਬਾਜ਼ ਪਾਕਿਸਤਾਨ ਨਾਲ ਹੋਇਆ ਤੇ ਭਾਰਤੀ ਧੀਆਂ ਨੇ ਉਸ ਨੂੰ 19-0 ਨਾਲ ਦਰੜ ਕੇ ਸੈਮੀਫਾਈਨਲ ’ਚ ਐਂਟਰੀ ਕੀਤੀ। ਇਹ ਇਸ ਟੂਰਨਾਮੈਂਟ ਦੀ ਸਭ ਤੋਂ ਵੱਡੀ ਜਿੱਤ ਰਹੀ। ਸੈਮੀਫਾਈਨਲ ’ਚ ਭਾਰਤੀ ਟੀਮ ਨੇ ਮੁੜ ਦੱਖਣੀ ਕੋਰੀਆ ਨੂੰ 5-1 ਨਾਲ ਮਾਤ ਦੇ ਕੇ ਲਗਾਤਾਰ ਤੀਜੀ ਵਾਰ ਫਾਈਨਲ ’ਚ ਥਾਂ ਬਣਾਈ।
ਹਰ ਖਿਡਾਰੀ ਨੂੰ ਮਿਲਣਗੇ ਤਿੰਨ ਲੱਖ ਰੁਪਏ ਜੂਨੀਅਰ ਹਾਕੀ ਏਸ਼ੀਆ ਕੱਪ ’ਚ ਟੀਮਾਂ ਦੇ ਪ੍ਰਦਰਸ਼ਨ ਨਾਲ ਬਾਗੋਬਾਗ ਹਾਕੀ ਇੰਡੀਆ ਨੇ ਟੀਮਾਂ ਦੇ ਹਰੇਕ ਖਿਡਾਰੀ ਲਈ ਤਿੰਨ-ਤਿੰਨ ਲੱਖ ਰੁਪਏ ਤੇ ਸੁਪੋਰਟ ਸਟਾਫ ਦੇ ਹਰੇਕ ਮੈਂਬਰ ਲਈ 1.5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।