ਚਾਈਨਾ ਮਾਸਟਰਜ਼ 'ਚ ਭਾਰਤ ਦਾ ਦਬਦਬਾ : ਸਾਤਵਿਕ-ਚਿਰਾਗ ਦੀ ਜੋੜੀ ਸੈਮੀਫਾਈਨਲ 'ਚ ਪਹੁੰਚੀ, ਕਿਦਾਂਬੀ ਸ਼੍ਰੀਕਾਂਤ ਹੋਏ ਬਾਹਰ
ਭਾਰਤ ਦੀ ਸਟਾਰ ਮਰਦ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਸ਼ੁੱਕਰਵਾਰ ਨੂੰ ਡੈਨਮਾਰਕ ਦੇ ਕਿਮ ਐਸਟਰੁਪ ਤੇ ਐਂਡਰਸ ਸਕਾਰੂਪ ਰਾਸਮੁਸੇਨ ਵਿਰੁੱਧ ਤਿੰਨ ਗੇਮਾਂ ਤੱਕ ਚੱਲੇ ਸਖ਼ਤ ਮੁਕਾਬਲੇ ’ਚ ਜਿੱਤ ਦਰਜ ਕਰ ਕੇ ਚਾਈਨਾ ਮਾਸਟਰਜ਼ ਸੁਪਰ 750 ਦੇ ਸੈਮੀਫਾਈਨਲ ’ਚ ਥਾਂ ਬਣਾਈ
Publish Date: Sat, 05 Sep 2026 12:08 PM (IST)
Updated Date: Sat, 05 Sep 2026 12:11 PM (IST)
ਸ਼ੈਨਜੇਨ (ਚੀਨ), ਪੀਟੀਆਈ : ਭਾਰਤ ਦੀ ਸਟਾਰ ਮਰਦ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਸ਼ੁੱਕਰਵਾਰ ਨੂੰ ਡੈਨਮਾਰਕ ਦੇ ਕਿਮ ਐਸਟਰੁਪ ਤੇ ਐਂਡਰਸ ਸਕਾਰੂਪ ਰਾਸਮੁਸੇਨ ਵਿਰੁੱਧ ਤਿੰਨ ਗੇਮਾਂ ਤੱਕ ਚੱਲੇ ਸਖ਼ਤ ਮੁਕਾਬਲੇ ’ਚ ਜਿੱਤ ਦਰਜ ਕਰ ਕੇ ਚਾਈਨਾ ਮਾਸਟਰਜ਼ ਸੁਪਰ 750 ਦੇ ਸੈਮੀਫਾਈਨਲ ’ਚ ਥਾਂ ਬਣਾਈ। ਉਥੇ ਹੀ, ਤਜਰਬੇਕਾਰ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦੀ ਮੁਹਿੰਮ ਮਰਦ ਸਿੰਗਲਜ਼ ਕੁਆਰਟਰ ਫਾਈਨਲ ’ਚ ਖ਼ਤਮ ਹੋ ਗਈ।
ਚੌਥਾ ਦਰਜਾ ਹਾਸਲ ਭਾਰਤੀ ਜੋੜੀ ਨੇ 70 ਮਿੰਟਾਂ ਤੱਕ ਚੱਲੇ ਮੁਕਾਬਲੇ ’ਚ 21-13, 16-21, 21-18 ਨਾਲ ਜਿੱਤ ਦਰਜ ਕੀਤੀ। ਇਸਦੇ ਨਾਲ ਹੀ ਉਸਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ, ਜਿਸ ਵਿਚ ਮਈ ’ਚ ਥਾਈਲੈਂਡ ਓਪਨ ਸੁਪਰ 500 ’ਚ ਸਿਲਵਰ ਮੈਡਲ ਤੇ ਸਿੰਗਾਪੁਰ ਓਪਨ ਸੁਪਰ 750 ’ਚ ਖ਼ਿਤਾਬ ਜਿੱਤਣਾ ਸ਼ਾਮਲ ਹੈ। ਉਥੇ ਹੀ, ਮਰਦ ਸਿੰਗਲਜ਼ ’ਚ ਸਾਬਕਾ ਵਿਸ਼ਵ ਨੰਬਰ ਇਕ ਭਾਰਤੀ ਖਿਡਾਰੀ ਸ਼੍ਰੀਕਾਂਤ ਨੂੰ ਹਾਂਗਕਾਂਗ ਦੇ ਲੀ ਚਿਯੂਕ ਯਿਊ ਨੇ ਸਿੱਧੀਆਂ ਗੇਮਾਂ ’ਚ ਹਰਾਇਆ। 33 ਸਾਲਾ ਸ਼੍ਰੀਕਾਂਤ 39 ਮਿੰਟਾਂ ਤੱਕ ਚੱਲੇ ਮੁਕਾਬਲੇ ’ਚ 16-21, 16-21 ਨਾਲ ਦੁਨੀਆ ਦੇ 25ਵੇਂ ਨੰਬਰ ਦੇ ਖਿਡਾਰੀ ਲੀ ਚਿਊਕ ਤੋਂ ਹਾਰ ਗਿਆ। ਸ਼੍ਰੀਕਾਂਤ ਨੇ ਪਿਛਲੇ ਦੌਰ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਰਾਊਂਡ ਆਫ 16 ’ਚ ਦੁਨੀਆ ਦੇ ਨੌਵੇਂ ਨੰਬਰ ਦੇ ਖਿਡਾਰੀ ਕੈਨੇਡਾ ਦੇ ਵਿਕਟਰ ਲਾਈ ਨੂੰ 21-18, 21-19 ਨਾਲ ਹਰਾਇਆ ਸੀ ਪਰ ਲੀ ਚਿਊਕ ਵਿਰੁੱਧ ਭਾਰਤੀ ਖਿਡਾਰੀ ਨੂੰ ਲੰਬੇ ਸਮੇਂ ਤੱਕ ਮੁਕਾਬਲੇ ’ਚ ਪੱਛੜ ਕੇ ਖੇਡਣਾ ਪਿਆ, ਖਾਸ ਕਰਕੇ ਪਹਿਲੀ ਗੇਮ ਵਿਚਾਲੇ ਬੜ੍ਹਤ ਗੁਆਉਣ ਤੋਂ ਬਾਅਦ।