ਭਾਰਤ ਤੇ ਪਾਕਿਸਤਾਨ ਦਾ ਹਾਕੀ ਵਿਸ਼ਵ ਕੱਪ 'ਚ ਮਹਾ-ਮੁਕਾਬਲਾ ਅੱਜ, ਭਾਰਤ ਆਪਣਾ ਅਜੇਤੂ ਸਫ਼ਰ ਜਾਰੀ ਰੱਖਣ ਲਈ ਉਤਰੇਗਾ ਮੈਦਾਨ 'ਚ
ਭਾਰਤ ਬੁੱਧਵਾਰ ਨੂੰ ਐੱਫਆਈਐੱਚ ਮਰਦਾਂ ਦੇ ਹਾਕੀ ਵਿਸ਼ਵ ਕੱਪ ਦੇ ਪੂਲ ਡੀ ਦੇ ਹਾਈ ਵੋਲਟੇਜ ਮੁਕਾਬਲੇ ’ਚ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਖ਼ਿਲਾਫ਼ ਮੈਦਾਨ ਵਿਚ ਉਤਰੇਗਾ। ਭਾਰਤ ਦੀਆਂ ਨਜ਼ਰਾਂ ਪਾਕਿਸਤਾਨ ਦੇ ਖ਼ਿਲਾਫ਼ ਇਕ ਦਹਾਕੇ ਤੋਂ ਚੱਲ ਰਹੇ ਅਜੇਤੂ ਮੁਹਿੰਮ ਨੂੰ ਜਾਰੀ ਰੱਖਣ ਤੇ ਦੂਜੇ ਦੌਰ ਵਿਚ ਜਗ੍ਹਾ ਪੱਕੀ ਕਰਨ 'ਤੇ ਹੋਣਗੀਆਂ।
Publish Date: Wed, 19 Aug 2026 11:10 AM (IST)
Updated Date: Wed, 19 Aug 2026 11:15 AM (IST)
ਐਮਸਟਲਵੀਨ (ਨੀਦਰਲੈਂਡ), (ਪੀਟੀਆਈ) : ਭਾਰਤ ਬੁੱਧਵਾਰ ਨੂੰ ਐੱਫਆਈਐੱਚ ਮਰਦਾਂ ਦੇ ਹਾਕੀ ਵਿਸ਼ਵ ਕੱਪ ਦੇ ਪੂਲ ਡੀ ਦੇ ਹਾਈ ਵੋਲਟੇਜ ਮੁਕਾਬਲੇ ’ਚ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਖ਼ਿਲਾਫ਼ ਮੈਦਾਨ ਵਿਚ ਉਤਰੇਗਾ। ਭਾਰਤ ਦੀਆਂ ਨਜ਼ਰਾਂ ਪਾਕਿਸਤਾਨ ਦੇ ਖ਼ਿਲਾਫ਼ ਇਕ ਦਹਾਕੇ ਤੋਂ ਚੱਲ ਰਹੇ ਅਜੇਤੂ ਮੁਹਿੰਮ ਨੂੰ ਜਾਰੀ ਰੱਖਣ ਤੇ ਦੂਜੇ ਦੌਰ ਵਿਚ ਜਗ੍ਹਾ ਪੱਕੀ ਕਰਨ 'ਤੇ ਹੋਣਗੀਆਂ।
ਭਾਰਤ ਦੇ ਦੋ ਮੈਚਾਂ ਵਿਚ ਤਿੰਨ ਅੰਕ ਹਨ ਤੇ ਉਸਨੂੰ ਅਗਲੇ ਦੌਰ ਵਿਚ ਪਹੁੰਚਣ ਲਈ ਘੱਟੋ-ਘੱਟ ਡਰਾਅ ਦੀ ਲੋੜ ਹੈ। ਦੂਜੇ ਪਾਸੇ, ਇਕ ਅੰਕ ਨਾਲ ਪਾਕਿਸਤਾਨ ਲਈ ਟੂਰਨਾਮੈਂਟ ਵਿਚ ਬਣੇ ਰਹਿਣ ਲਈ ਜਿੱਤ ਜ਼ਰੂਰੀ ਹੈ। ਇੰਗਲੈਂਡ ਆਪਣੇ ਦੋਵਾਂ ਮੈਚਾਂ ਨੂੰ ਜਿੱਤ ਕੇ ਪਹਿਲਾਂ ਹੀ ਅਗਲੇ ਦੌਰ ਵਿਚ ਪਹੁੰਚ ਚੁੱਕਾ ਹੈ। ਭਾਰਤ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਵੇਲਜ਼ ਨੂੰ 3-1 ਨਾਲ ਹਰਾ ਕੇ ਕੀਤੀ ਸੀ, ਪਰ ਦੁਨੀਆ ਦੀ ਤੀਜੀ ਨੰਬਰ ਦੀ ਟੀਮ ਇੰਗਲੈਂਡ ਦੇ ਖ਼ਿਲਾਫ਼ ਉਸਨੂੰ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਹਾਫ ਵਿਚ ਤਿੰਨ ਗੋਲ ਗੁਆਉਣਾ ਭਾਰਤ ਲਈ ਚਿੰਤਾ ਦਾ ਵਿਸ਼ਾ ਰਿਹਾ ਹੈ। ਭਾਰਤੀ ਕੋਚ ਕ੍ਰੇਗ ਫੁਲਟਨ ਲਈ ਡਿਫੈਂਸਿਵ ਗਲਤੀਆਂ ਅਤੇ ਪੈਨਾਲਟੀ ਕਾਰਨਰ ਨੂੰ ਗੋਲ ਵਿਚ ਬਦਲਣ ਦੀ ਖਰਾਬ ਦਰ ਮੁੱਖ ਚਿੰਤਾ ਬਣੀ ਹੋਈ ਹੈ। ਦੂਜੇ ਪਾਸੇ, ਪਾਕਿਸਤਾਨ ਨੇ ਇੰਗਲੈਂਡ ਤੋਂ 1-4 ਦੀ ਹਾਰ ਦੇ ਬਾਅਦ ਵੇਲਜ਼ ਦੇ ਖ਼ਿਲਾਫ਼ 3-3 ਦਾ ਡਰਾਅ ਖੇਡਿਆ। ਭਾਰਤ ਨੂੰ ਚੁਣੌਤੀ ਦੇਣ ਲਈ ਪਾਕਿਸਤਾਨ ਨੂੰ ਆਪਣੇ ਪ੍ਰਦਰਸ਼ਨ ਵਿਚ ਕਾਫੀ ਸੁਧਾਰ ਕਰਨਾ ਪਵੇਗਾ। ਪਾਕਿਸਤਾਨ ਦੇ ਪੈਨਾਲਟੀ ਕਾਰਨਰ ਅਤੇ ਡਿਫੈਂਸ ਵਿਚ ਵੀ ਹੁਣ ਤੱਕ ਨਿਰੰਤਰਤਾ ਦੀ ਕਮੀ ਰਹੀ ਹੈ। ਹਾਲੀ ਦੇ ਮੁਕਾਬਲਿਆਂ ਵਿਚ ਭਾਰਤ ਦਾ ਪਾਕਿਸਤਾਨ 'ਤੇ ਪਲੜਾ ਭਾਰੀ ਰਿਹਾ ਹੈ। ਇਸ ਸਾਲ ਪ੍ਰੋ ਲੀਗ ਦੇ ਯੂਰਪੀ ਗੇੜ ਵਿਚ ਭਾਰਤ ਨੇ ਪਾਕਿਸਤਾਨ ਨੂੰ 7-1 ਅਤੇ 4-3 ਨਾਲ ਹਰਾਇਆ ਸੀ। ਪਾਕਿਸਤਾਨ ਨੇ ਭਾਰਤ ਦੇ ਖ਼ਿਲਾਫ਼ ਆਪਣੀ ਆਖਰੀ ਜਿੱਤ 2016 ਚੈਂਪੀਅਨਸ ਟਰਾਫੀ ਵਿਚ ਦਰਜ ਕੀਤੀ ਸੀ।
53 ਸਾਲ ਬਾਅਦ ਵੈਗਨੇਰ ਸਟੇਡੀਅਮ ’ਚ ਫਿਰ ਟਕਰਾਉਣਗੀਆਂ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਪੰਜ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਵਿਸ਼ਵ ਕੱਪ ਇਤਿਹਾਸ ਦੇ ਸਭ ਤੋਂ ਰੁਮਾਂਚਕ ਭਾਰਤ- ਪਾਕਿਸਤਾਨ ਮੁਕਾਬਲਿਆਂ ਵਿਚੋਂ ਇਕ ਦਾ ਗਵਾਹ ਬਣਿਆ ਵੈਗਨੇਰ ਸਟੇਡੀਅਮ ਬੁੱਧਵਾਰ ਨੂੰ ਐੱਫਆਈਐੱਚ ਵਿਸ਼ਵ ਕੱਪ ਵਿਚ ਇਕ ਵਾਰ ਫਿਰ ਦੋ ਕੱਟੜ ਵਿਰੋਧੀਆਂ ਦੀ ਟੱਕਰ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਇਸੇ ਸਟੇਡੀਅਮ ਵਿਚ 31 ਅਗਸਤ, 1973 ਨੂੰ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 1-0 ਨਾਲ ਹਰਾਇਆ ਸੀ। ਬੀਪੀ ਗੋਵਿੰਦਾ ਨੇ 62ਵੇਂ ਮਿੰਟ ਵਿੱਚ ਫੈਸਲਾਕੁੰਨ ਗੋਲ ਕਰਕੇ ਭਾਰਤ ਨੂੰ ਫਾਈਨਲ ਵਿਚ ਪਹੁੰਚਾਇਆ ਸੀ। ਉਸ ਸਮੇਂ ਦੇ ਭਾਰਤ ਦੇ ਕਪਤਾਨ ਐੱਮਪੀ ਗਣੇਸ਼ ਲਈ, ਉਹ ਮੈਚ ਅਜੇ ਵੀ ਸਭ ਤੋਂ ਯਾਦਗਾਰੀ ਭਾਰਤ-ਪਾਕਿਸਤਾਨ ਮੈਚਾਂ ਵਿਚੋਂ ਇਕ ਹੈ। ਅੱਸੀ ਸਾਲਾ ਗਣੇਸ਼ ਨੇ ਉਸ ਸਮੇਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਹ ਵਿਦੇਸ਼ਾਂ ਵਿਚ ਖੇਡਣ ਲਈ ਭਾਰਤ ਦੀਆਂ ਸਭ ਤੋਂ ਫਿੱਟ ਟੀਮਾਂ ਵਿਚੋਂ ਇਕ ਸੀ। ਭਾਰਤ ਨੇ ਪਾਕਿਸਤਾਨ 'ਤੇ ਦਬਦਬਾ ਬਣਾਇਆ, ਜਿਸ ਨਾਲ ਸਾਨੂੰ ਗੋਲ ਕਰਨ ਦੇ ਹੋਰ ਮੌਕੇ ਮਿਲੇ। ਸੁਰਜੀਤ ਸ਼ਾਨਦਾਰ ਫਾਰਮ ਵਿਚ ਸੀ, ਪੂਰੇ ਟੂਰਨਾਮੈਂਟ ਦੌਰਾਨ ਨੌਂ ਗੋਲ ਕੀਤੇ ਸੀ।
ਭਾਰਤ ਬਨਾਮ ਪਾਕਿਸਤਾਨ ਸਥਾਨ : ਐਮਸਟਲਵੀਨ
ਸਮਾਂ : ਸ਼ਾਮ 6:30 ਵਜੇ
ਪ੍ਰਸਾਰਣ : ਸਟਾਰ ਸਪੋਰਟਸ ਨੈੱਟਵਰਕ/ਜੀਓ ਹਾਟਸਟਾਰ