ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ : ਜਾਪਾਨ ਨੂੰ 4-1 ਨਾਲ ਕਰਾਰੀ ਹਾਰ ਦੇ ਕੇ ਟੂਰਨਾਮੈਂਟ 'ਚ ਲਗਾਤਾਰ ਤੀਜੀ ਜਿੱਤ ਕੀਤੀ ਦਰਜ
ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਤਹਿਤ ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਖੇਡੇ ਗਏ ਰੋਮਾਂਚਕ ਮੁਕਾਬਲੇ ’ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਾਪਾਨ ਨੂੰ 4-1 ਨਾਲ ਕਰਾਰੀ ਹਾਰ ਦਿੱਤੀ
Publish Date: Sat, 31 Oct 2026 11:16 AM (IST)
Updated Date: Sat, 31 Oct 2026 11:28 AM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ 2026 ਦੇ ਤਹਿਤ ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਖੇਡੇ ਗਏ ਰੋਮਾਂਚਕ ਮੁਕਾਬਲੇ ’ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਾਪਾਨ ਨੂੰ 4-1 ਨਾਲ ਕਰਾਰੀ ਹਾਰ ਦਿੱਤੀ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਟੂਰਨਾਮੈਂਟ ’ਚ ਆਪਣੀ ਤੀਜੀ ਲਗਾਤਾਰ ਜਿੱਤ ਦਰਜ ਕਰਦਿਆਂ ਅੰਕ ਸੂਚੀ ’ਚ ਪਹਿਲਾ ਸਥਾਨ ਮੁੜ ਹਾਸਲ ਕਰ ਲਿਆ ਹੈ। ਆਪਣੇ ਕਰੀਅਰ ਦਾ 150ਵਾਂ ਅੰਤਰਰਾਸ਼ਟਰੀ ਮੈਚ ਖੇਡ ਰਹੇ ਸਟਾਰ ਫਾਰਵਰਡ ਅਭਿਸ਼ੇਕ ਨੇ ਪਹਿਲੇ ਕੁਆਰਟਰ ਦੇ ਆਖ਼ਰੀ ਪਲਾਂ ਭਾਵ 11ਵੇਂ ਮਿੰਟ ’ਚ ਸ਼ਾਨਦਾਰ ਫੀਲਡ ਗੋਲ ਕਰਕੇ ਭਾਰਤ ਦਾ ਖਾਤਾ ਖੋਲ੍ਹਿਆ। ਹਾਲਾਂਕਿ, 15ਵੇਂ ਮਿੰਟ ’ਚ ਜਾਪਾਨ ਦੇ ਰਾਮਦਾਸ ਸੋਟਾ ਨੇ ਜਵਾਬੀ ਹਮਲਾ ਕਰਦਿਆਂ ਪੈਨਾਲਟੀ ਸਟ੍ਰੋਕ ਨੂੰ ਗੋਲ ’ਚ ਬਦਲ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਪਹਿਲੇ ਹਾਫ਼ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਰਹੀਆਂ।
ਪਹਿਲੇ ਤਿੰਨ ਕੁਆਰਟਰਾਂ ਤੱਕ ਮੁਕਾਬਲਾ ਕਾਫ਼ੀ ਫਸਵਾਂ ਰਿਹਾ ਤੇ ਦੋਵੇਂ ਟੀਮਾਂ ਇੱਕ-ਦੂਜੇ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ। ਪਰ ਆਖ਼ਰੀ 15 ਮਿੰਟਾਂ ’ਚ ਭਾਰਤੀ ਖਿਡਾਰੀਆਂ ਨੇ ਆਪਣੀ ਰਫ਼ਤਾਰ ਤੇਜ਼ ਕਰਦਿਆਂ ਮੈਚ ਦਾ ਪਾਸਾ ਪਲਟ ਦਿੱਤਾ। ਕਪਤਾਨ ਹਰਮਨਪ੍ਰੀਤ ਸਿੰਘ ਨੇ 47ਵੇਂ ਮਿੰਟ ’ਚ ਸ਼ਾਨਦਾਰ ਡਰੈਗ ਫਲਿੱਕ ਨਾਲ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਸਕੋਰ 2-1 ਕਰ ਦਿੱਤਾ। ਆਪਣੇ ਤੂਫਾਨੀ ਸਟਾਈਲ ਨਾਲ 51ਵੇਂ ਮਿੰਟ ’ਚ ਅਭਿਸ਼ੇਕ ਨੇ ਟੀਮ ਲਈ ਤੀਜਾ ਤੇ ਆਪਣਾ ਨਿੱਜੀ ਦੂਜਾ ਗੋਲ ਦਾਗ਼ ਕੇ ਭਾਰਤ ਦੀ ਸਥਿਤੀ ਨੂੰ ਬੇਹੱਦ ਮਜ਼ਬੂਤ ਕਰ ਦਿੱਤਾ। ਮੈਚ ਦੇ 56ਵੇਂ ਮਿੰਟ ਵਿੱਚ ਵਿਸ਼ਨੁਕੰਤ ਸਿੰਘ ਨੇ ਸ਼ਾਨਦਾਰ ਸੋਲੋ ਮੂਵ ਬਣਾਉਂਦੇ ਹੋਏ ਜਾਪਾਨੀ ਡਿਫੈਂਡਰਾਂ ਨੂੰ ਚਕਮਾ ਦੇ ਕੇ ਚੌਥਾ ਗੋਲ ਕੀਤਾ ਤੇ ਭਾਰਤ ਦੀ ਜਿੱਤ ’ਤੇ ਪੱਕੀ ਮੋਹਰ ਲਾ ਦਿੱਤੀ। ਸਖ਼ਤ ਸੰਘਰਸ਼ ਤੋਂ ਬਾਅਦ ਮੈਚ ਦੇ ਆਖ਼ਰੀ ਪਲਾਂ ’ਚ ਤਿੰਨ ਗੋਲ ਦਾਗ਼ ਕੇ ਭਾਰਤ ਨੇ ਇਹ ਮੁਕਾਬਲਾ 4-1 ਨਾਲ ਆਪਣੇ ਨਾਂ ਕੀਤਾ। ਇਸ ਹਾਰ ਨਾਲ ਜਾਪਾਨ ਨੂੰ ਇਸ ਟੂਰਨਾਮੈਂਟ ’ਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਅਭਿਸ਼ੇਕ ਬਣੇ ਮੈਨ ਆਫ ਦਾ ਮੈਚ ਪੰਜਾਬ ਦੀ ਧਰਤੀ ’ਤੇ ਆਪਣਾ 150ਵਾਂ ਅੰਤਰਰਾਸ਼ਟਰੀ ਸ਼ਾਨਦਾਰ ਮੈਚ ਪੂਰਾ ਕਰਨ ਵਾਲੇ ਤੇ ਇਸ ਮੈਚ ’ਚ ਦੋ ਗੋਲ ਕਰਨ ਵਾਲੇ ਅਭਿਸ਼ੇਕ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ।
ਭਾਰਤ ਦਾ ਮੈਚ ਦੇਖਣ ਲਈ ਦਰਸ਼ਕਾਂ ਦੀ ਭੀੜ ਨਾਲ ਖਚਾ ਖੱਚ ਭਰੇ ਸਟੇਡੀਅਮ ’ਚ ਬੈਠਣ ਲਈ ਵੀ ਥਾਂ ਨਹੀਂ ਸੀ। ਬਹੁਤੇ ਦਰਸ਼ਕਾਂ ਨੇ ਇਸ ਮੈਚ ਨੂੰ ਖੜੇ ਹੋ ਕੇ ਦੇਖਿਆ ਤੇ ਕੁਝ ਭੀੜ ਹੋਣ ਕਾਰਨ ਬਾਹਰੋਂ ਹੀ ਮੁੜ ਗਏ।