ਹਾਕੀ ਵਿਸ਼ਵ ਕੱਪ : ਨੀਦਰਲੈਂਡਸ ਹੱਥੋਂ 3-1 ਨਾਲ ਹਾਰ ਕੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਇਆ ਭਾਰਤ
ਭਾਰਤੀ ਪੁਰਸ਼ ਹਾਕੀ ਟੀਮ ਨੂੰ ਸ਼ਨਿੱਚਰਵਾਰ ਨੂੰ ਮੌਜੂਦਾ ਓਲੰਪਿਕ ਚੈਂਪੀਅਨ ਨੀਦਰਲੈਂਡਸ ਖ਼ਿਲਾਫ਼ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਹ ਐੱਫਆਈਐੱਚ ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ।
Publish Date: Sun, 23 Aug 2026 11:06 AM (IST)
Updated Date: Sun, 23 Aug 2026 11:11 AM (IST)
ਐਮਸਟੇਲਵੀਨ, (ਪੀਟੀਆਈ) : ਭਾਰਤੀ ਪੁਰਸ਼ ਹਾਕੀ ਟੀਮ ਨੂੰ ਸ਼ਨਿੱਚਰਵਾਰ ਨੂੰ ਮੌਜੂਦਾ ਓਲੰਪਿਕ ਚੈਂਪੀਅਨ ਨੀਦਰਲੈਂਡਸ ਖ਼ਿਲਾਫ਼ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਹ ਐੱਫਆਈਐੱਚ ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ। ਹੁਣ ਅਰਜਨਟੀਨਾ ਖ਼ਿਲਾਫ਼ ਸੋਮਵਾਰ ਨੂੰ ਹੋਣ ਵਾਲਾ ਮੁਕਾਬਲਾ ਭਾਰਤ ਲਈ ਸਿਰਫ ਇਕ ਰਸਮ ਹੋਵੇਗਾ। ਅਰਜਨਟੀਨਾ ਨੂੰ ਹਰਾਉਣ 'ਤੇ ਵੀ ਭਾਰਤ ਦੇ ਸਿਰਫ ਤਿੰਨ ਅੰਕ ਹੋਣਗੇ ਤੇ ਸੈਮੀਫਾਈਨਲ ’ਚ ਪਹੁੰਚਣ ਦੀ ਉਸ ਦੀ ਉਮੀਦ ਖ਼ਤਮ ਹੋ ਚੁਕੀ ਹੈ।
ਭਾਰਤ ਨੇ ਪਹਿਲੇ ਹਾਫ ’ਚ ਸ਼ਾਨਦਾਰ ਤੇ ਸੰਜਮ ਭਰੀ ਖੇਡ ਦਿਖਾਈ ਪਰ ਆਖਰੀ ਕੁਆਰਟਰ ’ਚ ਕੀਤੀਆਂ ਗਲਤੀਆਂ ਕਾਰਨ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਅੰਤਿਮ ਚਾਰ ’ਚ ਪੁੱਜਣ ਲਈ ਇਸ ਮੁਕਾਬਲੇ ’ਚ ਹਰ ਹਾਲਤ ’ਚ ਜਿੱਤ ਦਰਜ ਕਰਨੀ ਸੀ। ਟੀਮ ਨੇ ਚੰਗੀ ਸ਼ੁਰੂਆਤ ਕੀਤੀ ਤੇ ਪਹਿਲੇ ਹਾਫ ’ਚ ਨੀਦਰਲੈਂਡਸ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਭਾਰਤੀ ਰੱਖਿਆ ਪੰਕਤੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡੱਚ ਟੀਮ ਦੇ ਮਿਡਫੀਲਡ ਨੂੰ ਲੰਬੇ ਸਮੇਂ ਤੱਕ ਗੇਂਦ 'ਤੇ ਕਬਜ਼ਾ ਬਣਾਈ ਰੱਖਣ ਤੋਂ ਰੋਕਿਆ। ਹਾਲਾਂਕਿ, ਤੀਜੇ ਕੁਆਰਟਰ ਤੋਂ ਮੈਚ ਦਾ ਰੁਖ ਬਦਲ ਗਿਆ। ਨੀਦਰਲੈਂਡਸ ਦੇ ਡਿਊਕੋ ਟੇਲਗੇਨਕੈਂਪ ਨੇ 41ਵੇਂ ਮਿੰਟ ’ਚ ਗੋਲ ਕਰ ਕੇ ਆਪਣੀ ਟੀਮ ਨੂੰ ਅਗੇ ਵਧਾਇਆ। ਇਸ ਤੋਂ ਬਾਅਦ 51ਵੇਂ ਮਿੰਟ ’ਚ ਟੀਜੇਪ ਹੂਡੇਮੇਕਰਸ ਨੇ ਗੋਲ ਕਰ ਕੇ ਸਕੋਰ 2-0 ਕਰ ਦਿੱਤਾ। ਭਾਰਤੀ ਕੈਪਟਨ ਹਰਮਨਪ੍ਰੀਤ ਸਿੰਘ ਨੇ ਅਗਲੇ ਹੀ ਮਿੰਟ ’ਚ ਪੈਨਲਟੀ ਕਾਰਨਰ 'ਤੇ ਸ਼ਾਨਦਾਰ ਡ੍ਰੈਗ-ਫਲਿਕ ਨਾਲ ਭਾਰਤ ਦਾ ਖਾਤਾ ਖੋਲ੍ਹਿਆ ਤੇ ਵਾਪਸੀ ਦੀ ਉਮੀਦ ਜਗਾਈ ਪਰ 55ਵੇਂ ਮਿੰਟ ’ਚ ਥਾਇਸ ਵਾਨ ਡੈਮ ਨੇ ਇਕ ਹੋਰ ਫੀਲਡ ਗੋਲ ਕਰ ਕੇ ਨੀਦਰਲੈਂਡਸ ਦੀ ਬੜ੍ਹਤ 3-1 ਕਰ ਦਿੱਤੀ।
ਭਾਰਤ ਨੇ ਕਈ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਉਨ੍ਹਾਂ ਨੂੰ ਗੋਲ ’ਚ ਬਦਲਣ ਵਿਚ ਨਾਕਾਮ ਰਹੇ। ਹਰਮਨਪ੍ਰੀਤ ਦਾ ਇਕ ਡ੍ਰੈਗ-ਫਲਿਕ ਗੋਲਕੀਪਰ ਨੇ ਬਚਾਇਆ, ਜਦਕਿ ਹੋਰ ਮੌਕਿਆਂ 'ਤੇ ਭਾਰਤੀ ਖਿਡਾਰੀ ਰੀਬਾਊਂਡ ਦਾ ਫਾਇਦਾ ਨਹੀਂ ਉਠਾ ਸਕੇ। ਵਿਸ਼ਵ ਕੱਪ ਦੇ ਇਤਿਹਾਸ ’ਚ ਭਾਰਤ ਹੁਣ ਤੱਕ ਨੀਦਰਲੈਂਡਸ ਨੂੰ ਨਹੀਂ ਹਰਾ ਸਕਿਆ। 1973 ਦੇ ਵਿਸ਼ਵ ਕੱਪ ਫਾਈਨਲ ’ਚ ਵੀ ਡੱਚ ਟੀਮ ਨੇ ਪੈਨਲਟੀ ਸ਼ੂਟਆਉਟ ’ਚ ਭਾਰਤ ਨੂੰ ਹਰਾਇਆ ਸੀ। ਹੁਣ ਭਾਰਤੀ ਟੀਮ ਪੰਜਵੇਂ ਤੋਂ ਅੱਠਵੇਂ ਸਥਾਨ ਦੇ ਵਰਗੀਕਰਨ ਮੁਕਾਬਲਿਆਂ ਵਿਚ ਹਿੱਸਾ ਲਵੇਗੀ।