ਹਾਕੀ ਅੰਪਾਇਰ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼, ਮਲੇਸ਼ੀਆ ਦੀ ਮਹਿਲਾ ਅਧਿਕਾਰੀ ਦੀ ਸ਼ਿਕਾਇਤ 'ਤੇ ਜਾਪਾਨ ਤੋਂ ਭੇਜਿਆ ਵਾਪਸ
ਉਹ 2 ਦਿਨ ਪਹਿਲਾਂ ਵਾਪਸ ਚਲਾ ਗਿਆ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਹਾਕੀ ਇੰਡੀਆ ਖੇਡਾਂ ਤੋਂ ਬਾਅਦ ਉਸ ਵਿਰੁੱਧ ਕਾਰਵਾਈ ਕਰੇਗੀ, ਅਧਿਕਾਰੀ ਨੇ ਕਿਹਾ ਕਿ ਏਸ਼ੀਅਨ ਹਾਕੀ ਫੈੱਡਰੇਸ਼ਨ ਤੋਂ ਵਿਸਤ੍ਰਿਤ ਰਿਪੋਰਟ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
Publish Date: Sat, 03 Oct 2026 11:41 AM (IST)
Updated Date: Sat, 03 Oct 2026 12:39 PM (IST)
ਨਵੀਂ ਦਿੱਲੀ, ਪੀਟੀਆਈ : ਇੱਕ ਸ਼ਰਮਨਾਕ ਘਟਨਾਕ੍ਰਮ ’ਚ ਭਾਰਤੀ ਹਾਕੀ ਅੰਪਾਇਰ ਤੇ ਤਕਨੀਕੀ ਅਧਿਕਾਰੀ ਗੁਰਿੰਦਰ ਸਿੰਘ ਸੰਘਾ ਨੂੰ ਏਸ਼ੀਆਈ ਖੇਡਾਂ ਦੌਰਾਨ ਕਥਿਤ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਤੋਂ ਬਾਅਦ ਜਾਪਾਨ ਤੋਂ ਡਿਪੋਰਟ ਕਰ ਦਿੱਤਾ ਗਿਆ। ਹਾਕੀ ਇੰਡੀਆ ਦੇ ਸੂਤਰ ਨੇ ਦੱਸਿਆ ਕਿ ਸੰਘਾ ਨੇ ਮਲੇਸ਼ੀਆ ਦੀ ਮਹਿਲਾ ਹਾਕੀ ਅਧਿਕਾਰੀ ਤੇ ਹੋਟਲ ਸਟਾਫ ਨਾਲ ਕਥਿਤ ਤੌਰ ’ਤੇ ਦੁਰਵਿਵਹਾਰ ਕੀਤਾ। ਨਾਗੋਯਾ ਦੇ ਅਧਿਕਾਰੀ ਨੇ ਦੱਸਿਆ ਕਿ ਸੰਘਾ ਨੂੰ ਮਲੇਸ਼ੀਆ ਦੀ ਮਹਿਲਾ ਅਧਿਕਾਰੀ ਵੱਲੋਂ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ ਸੀ। ਉਹ 2 ਦਿਨ ਪਹਿਲਾਂ ਵਾਪਸ ਚਲਾ ਗਿਆ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਹਾਕੀ ਇੰਡੀਆ ਖੇਡਾਂ ਤੋਂ ਬਾਅਦ ਉਸ ਵਿਰੁੱਧ ਕਾਰਵਾਈ ਕਰੇਗੀ, ਅਧਿਕਾਰੀ ਨੇ ਕਿਹਾ ਕਿ ਏਸ਼ੀਅਨ ਹਾਕੀ ਫੈੱਡਰੇਸ਼ਨ ਤੋਂ ਵਿਸਤ੍ਰਿਤ ਰਿਪੋਰਟ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਅਧਿਕਾਰੀ ਨੇ ਕਿਹਾ ਕਿ ਜੇਕਰ ਏਐੱਚਐੱਫ ਰਿਪੋਰਟ 'ਚ ਦੋਸ਼ੀ ਸਾਬਤ ਹੁੰਦਾ ਹੈ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ, ਜੇਕਰ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਏਐੱਚਐੱਫ ਏਸ਼ੀਆਈ ਖੇਡਾਂ ’ਚ ਅੰਪਾਇਰਾਂ ਤੇ ਤਕਨੀਕੀ ਅਧਿਕਾਰੀਆਂ ਦੀ ਨਿਯੁਕਤੀ ਕਰਦਾ ਹੈ। 2025 ’ਚ ਰਾਂਚੀ ’ਚ ਹਾਕੀ ਇੰਡੀਆ ਲੀਗ ਦੌਰਾਨ ਇੱਕ ਮਹਿਲਾ ਅੰਪਾਇਰ ਨੇ ਵੀ ਸੰਘਾ ਖ਼ਿਲਾਫ਼ ਸ਼ਿਕਾਇਤ ਕੀਤੀ ਸੀ । ਹਾਕੀ ਇੰਡੀਆ ਦੀ 3 ਮੈਂਬਰੀ ਕਮੇਟੀ ਨੇ ਮਾਮਲੇ ਦੀ ਜਾਂਚ ਕੀਤੀ ਸੀ। ਹਾਕੀ ਇੰਡੀਆ ਦੇ ਅਧਿਕਾਰੀ ਨੇ ਕਿਹਾ ਕਿ ਕਮੇਟੀ ਨੂੰ ਉਸ ਵਿਰੁੱਧ ਕੋਈ ਸਬੂਤ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਕ ਕਮੇਟੀ ਬਣਾਈ ਸੀ ਪਰ ਇਸ ਦਾ ਕੋਈ ਸਬੂਤ ਨਹੀਂ ਮਿਲਿਆ। ਭਾਰਤੀ ਓਲੰਪਿਕ ਸੰਘ ਦੇ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦਾ ਆਈਓਏ ਜਾਂ ਹਾਕੀ ਇੰਡੀਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿਉਂਕਿ ਏਐਚਐਫ ਅਧਿਕਾਰੀਆਂ ਦੀ ਨਿਯੁਕਤੀ ਕਰਦਾ ਹੈ। ਨਾਗੋਆ ਵਿੱਚ ਏਐਚਐਫ ਅਧਿਕਾਰੀਆਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹਾਕੀ ਇੰਡੀਆ ਨੇ ਇਸ ਸਾਲ ਛੇੜਛਾੜ ਦੇ ਦੋਸ਼ਾਂ ਤੋਂ ਬਾਅਦ ਮਹਿਲਾ ਟੀਮ ਦੇ ਸਹਿਯੋਗੀ ਸਟਾਫ ਦੀ ਇਕ ਮੈਂਬਰ ਨੂੰ ਹਟਾ ਦਿੱਤਾ ਸੀ।