ਏਸ਼ਿਆਈ ਖੇਡਾਂ 'ਚ ਸੁਨਹਿਰੀ ਸਫ਼ਲਤਾ : ਸ਼ੈਫਾਲੀ ਵਰਮਾ ਦੇ ਆਲਰਾਊਂਡਰ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਜਿੱਤਿਆ ਸੋਨ ਤਮਗਾ
ਫਾਈਨਲ ਮੈਚ 'ਚ ਦਬਾਅ ਦੀ ਸਥਿਤੀ ਨੂੰ ਯਾਦ ਕਰਦੇ ਹੋਏ ਸ਼ੈਫਾਲੀ ਨੇ ਕਿਹਾ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਤੇ ਉਹ ਸਮ੍ਰਿਤੀ ਮੰਧਾਨਾ ਦੇ ਨਾਲ ਕ੍ਰੀਜ਼ ’ਤੇ ਸੀ। ਸ਼ੁਰੂਆਤ 'ਚ ਥੋੜ੍ਹਾ ਦਬਾਅ ਮਹਿਸੂਸ ਕੀਤਾ ਗਿਆ ਪਰ ਜਿਵੇਂ-ਜਿਵੇਂ ਦੋਵਾਂ ਵਿਚਾਲੇ ਸਾਂਝੇਦਾਰੀ ਵਧਦੀ ਗਈ
Publish Date: Sun, 27 Sep 2026 12:17 PM (IST)
Updated Date: Sun, 27 Sep 2026 12:22 PM (IST)
ਸ਼ੇਖਰ ਝਾਅ, ਪੰਜਾਬੀ ਜਾਗਰਣ, ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਏਸ਼ਿਆਈ ਖੇਡਾਂ 'ਚ ਆਪਣੇ ਬੱਲੇ ਤੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਦੀ ਸੁਨਹਿਰੀ ਸਫਲਤਾ ’ਚ ਅਹਿਮ ਭੂਮਿਕਾ ਨਿਭਾਈ। ਜਾਪਾਨ ’ਚ ਹੋਏ ਮਹਿਲਾ ਕ੍ਰਿਕਟ ਮੁਕਾਬਲੇ ’ਚ ਸ਼ੈਫਾਲੀ ਨੇ 188 ਦੌੜਾਂ ਬਣਾਈਆਂ ਤੇ 4 ਵਿਕਟਾਂ ਵੀ ਲਈਆਂ। ਉਸ ਦੇ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਦੇ ਦਮ ’ਤੇ ਭਾਰਤੀ ਟੀਮ ਨੇ ਫਾਈਨਲ ’ਚ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ।
ਖਿਤਾਬ ਜਿੱਤਣ ਤੋਂ ਬਾਅਦ ਜੇਐੱਸਡਬਲਯੂ ਸਪਰਸ ਦੀ ਖਿਡਾਰਨ ਸ਼ੈਫਾਲੀ ਵਰਮਾ ਨੇ ਦੈਨਿਕ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਟੀਮ ਦੀਆਂ ਤਿਆਰੀਆਂ, ਫਾਈਨਲ ਦੇ ਦਬਾਅ ਤੇ ਡ੍ਰੈਸਿੰਗ ਰੂਮ ਤੋਂ ਲੈ ਕੇ ਮੈਦਾਨ ਤੱਕ ਖਿਡਾਰੀਆਂ ਵਿਚਾਲੇ ਤਾਲਮੇਲ ਬਾਰੇ ਵਿਸਥਾਰ ਨਾਲ ਗੱਲ ਕੀਤੀ। ਸ਼ੈਫਾਲੀ ਨੇ ਦੱਸਿਆ ਕਿ ਏਸ਼ੀਆ ਕੱਪ ਤੋਂ ਬਾਅਦ ਟੀਮ ਨੇ ਏਸ਼ਿਆਈ ਖੇਡਾਂ ’ਚ ਹਿੱਸਾ ਲੈਣਾ ਸੀ। ਇਸ ਤੋਂ ਪਹਿਲਾਂ ਸੈਂਟਰ ਆਫ਼ ਐਕਸੀਲੈਂਸ (ਸੀਓਈ) ਵਿਖੇ ਟੀਮ ਦਾ ਕੈਂਪ ਲਾਇਆ ਗਿਆ | ਇਸ ਦੌਰਾਨ ਪੂਰੀ ਟੀਮ ਨੇ ਮਿਲ ਕੇ ਅਭਿਆਸ ਕੀਤਾ ਤੇ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ਕੀਤਾ। ਉਨ੍ਹਾਂ ਕਿਹਾ ਕਿ ਕੈਂਪ ’ਚ ਫੀਲਡਿੰਗ, ਫਿਟਨੈੱਸ ਤੇ ਟੀਮ ਬਾਂਡਿੰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਸ਼ੈਫਾਲੀ ਨੇ ਕਿਹਾ ਕਿ ਇਨ੍ਹਾਂ ਸਾਰੇ ਪਹਿਲੂਆਂ ’ਤੇ ਕੀਤੀ ਗਈ ਸਖਤ ਮਿਹਨਤ ਦਾ ਅਸਰ ਏਸ਼ੀਅਨ ਖੇਡਾਂ 'ਚ ਟੀਮ ਦੇ ਪ੍ਰਦਰਸ਼ਨ ’ਤੇ ਸਾਫ ਨਜ਼ਰ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਖਿਤਾਬ ਜਿੱਤਣ ਤੋਂ ਬਾਅਦ ਸਮੁੱਚੀ ਟੀਮ ਬਹੁਤ ਖੁਸ਼ ਹੈ ਤੇ ਇਸ ਸਫਲਤਾ ਨੇ ਖਿਡਾਰੀਆਂ ਨੂੰ ਭਵਿੱਖ ’ਚ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਦਿੱਤੀ ਹੈ।
ਫਾਈਨਲ ’ਚ ਸਾਂਝੇਦਾਰੀ ਕਰ ਕੇ ਆਤਮ-ਵਿਸ਼ਵਾਸ ਵਧਿਆ ਫਾਈਨਲ ਮੈਚ 'ਚ ਦਬਾਅ ਦੀ ਸਥਿਤੀ ਨੂੰ ਯਾਦ ਕਰਦੇ ਹੋਏ ਸ਼ੈਫਾਲੀ ਨੇ ਕਿਹਾ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਸੀ ਤੇ ਉਹ ਸਮ੍ਰਿਤੀ ਮੰਧਾਨਾ ਦੇ ਨਾਲ ਕ੍ਰੀਜ਼ ’ਤੇ ਸੀ। ਸ਼ੁਰੂਆਤ 'ਚ ਥੋੜ੍ਹਾ ਦਬਾਅ ਮਹਿਸੂਸ ਕੀਤਾ ਗਿਆ ਪਰ ਜਿਵੇਂ-ਜਿਵੇਂ ਦੋਵਾਂ ਵਿਚਾਲੇ ਸਾਂਝੇਦਾਰੀ ਵਧਦੀ ਗਈ ਤੇ ਬੱਲੇਬਾਜ਼ੀ 'ਚ ਤੇਜ਼ੀ ਆਈ ਤਾਂ ਟੀਮ ਦਾ ਆਤਮ-ਵਿਸ਼ਵਾਸ ਵੀ ਵਧਿਆ। ਉਸ ਨੇ ਕਿਹਾ ਕਿ ਪਿੱਚ ਬੱਲੇਬਾਜ਼ੀ ਲਈ ਚੰਗੀ ਸੀ ਤੇ ਟੀਮ ਦਾ ਟੀਚਾ 190 ਤੋਂ ਵੱਧ ਦੌੜਾਂ ਬਣਾਉਣ ਦਾ ਸੀ। ਸ਼ੈਫਾਲੀ ਨੇ ਸ਼੍ਰੀਲੰਕਾਈ ਟੀਮ ਦੀ ਵੀ ਤਾਰੀਫ ਕੀਤੀ ਤੇ ਕਿਹਾ ਕਿ ਇਸ ਨੇ ਸਖਤ ਮਿਹਨਤ ਕਰ ਕੇ ਫਾਈਨਲ ’ਚ ਥਾਂ ਬਣਾਈ ਹੈ। ਅਜਿਹੇ ’ਚ ਭਾਰਤੀ ਖਿਡਾਰੀਆਂ ਨੇ ਇਕ-ਦੂਜੇ ਦਾ ਸਾਥ ਦਿੱਤਾ। ਗੇਂਦਬਾਜ਼ੀ ਦੌਰਾਨ ਵੀ ਟੀਮ ਦੇ ਗੇਂਦਬਾਜ਼ਾਂ ਨੇ ਇਕ ਯੂਨਿਟ ਵਜੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮਾਨਸਿਕ ਤਿਆਰੀ 'ਤੇ ਬਹੁਤ ਕੰਮ ਕੀਤਾ ਸ਼ੈਫਾਲੀ ਨੇ ਆਪਣੀ ਤਾਜ਼ਾ ਸਫਲਤਾ ਦਾ ਕਾਰਨ ਮਾਨਸਿਕ ਤਿਆਰੀ ਨੂੰ ਵੀ ਦੱਸਿਆ। ਸ਼ੈਫਾਲੀ ਨੇ ਕਿਹਾ ਕਿ 2025 ਤੋਂ ਲੈ ਕੇ ਮੈਂ ਆਪਣੀ ਮਾਨਸਿਕ ਤਿਆਰੀ ’ਤੇ ਕਾਫੀ ਕੰਮ ਕੀਤਾ ਹੈ। ਮੈਂ ਬਚਪਨ ਤੋਂ ਹੀ ਆਪਣੇ ਹੁਨਰ 'ਤੇ ਸਖ਼ਤ ਮਿਹਨਤ ਕੀਤੀ ਹੈ ਪਰ ਮੈਂ ਮਹਿਸੂਸ ਕੀਤਾ ਕਿ ਮੈਂ ਆਪਣੀ ਮਾਨਸਿਕਤਾ ਦੇ ਮਾਮਲੇ 'ਚ ਪੱਛੜ ਗਈ ਹਾਂ। ਇਸ ਲਈ 2025 ਤੋਂ ਬਾਅਦ ਮੈਂ ਮਾਨਸਿਕ ਤਿਆਰੀ ਵੱਲ ਬਹੁਤ ਧਿਆਨ ਦਿੱਤਾ। ਇਸ ਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਉਸ ਨੇ ਕਿਹਾ ਕਿ ਮੈਚ ਜਿੱਤਣ ਤੋਂ ਬਾਅਦ ਮੇਰਾ ਆਤਮ-ਵਿਸ਼ਵਾਸ ਵਧਦਾ ਹੈ ਤੇ ਇਸ ਨਾਲ ਮੇਰੇ ਤੇ ਟੀਮ ਦੇ ਪ੍ਰਦਰਸ਼ਨ 'ਚ ਸੁਧਾਰ ਹੋਇਆ ਹੈ। ਜਦੋਂ ਮੈਂ ਟੀਮ ਦੇ ਨਾਲ ਨਹੀਂ ਸੀ ਤਾਂ ਮੈਂ ਹੋਰ ਚੀਜ਼ਾਂ ਨੂੰ ਪਾਸੇ ਰੱਖਿਆ ਤੇ ਆਪਣੇ ਆਪ ’ਤੇ ਸਖਤ ਮਿਹਨਤ ਕੀਤੀ। ਮੈਨੂੰ ਖੁਸ਼ੀ ਹੈ ਕਿ ਮੈਂ ਉਸ ਸਮੇਂ ਆਪਣੇ ਆਪ ਨੂੰ ਸੁਧਾਰਨ ’ਤੇ ਧਿਆਨ ਦਿੱਤਾ।