ਯੂਐੱਸ ਓਪਨ 'ਚ ਧਮਾਕਾ : ਰਿਬਾਕਿਨਾ ਹੱਥੋਂ ਓਸਾਕਾ ਦੀ ਹਾਰ, ਸਾਬਕਾ ਚੈਂਪੀਅਨ ਇਗਾ ਸਵੀਆਤੇਕ ਬਾਹਰ; ਜ਼ਵੇਰੇਵ ਦੀ ਇਕਪਾਸੜ ਜਿੱਤ
ਮੈਚ ਤੋਂ ਬਾਅਦ ਜ਼ਵੇਰੇਵ ਨੇ ਮਜ਼ਾਕ ’ਚ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਬਚੇ ਹੋਏ ਸਮੇਂ ’ਚ ਕੀ ਕਰਾਂ ਕਿਉਂਕਿ ਅਜੇ ਤਾਂ ਅੱਧੀ ਰਾਤ ਵੀ ਨਹੀਂ ਹੋਈ। ਸ਼ਾਇਦ ਮੈਂ ਕਿਸੇ ਪ੍ਰੈਕਟਿਸ ਕੋਰਟ ਜਾਂ ਬਾਰ ’ਚ ਜਾਵਾਂਗਾ... ਮਜ਼ਾਕ ਕਰ ਰਿਹਾ ਹਾਂ। ਨਿਸ਼ਚਿੰਤ ਰਹੋ, ਮੈਂ ਪਹਿਲੇ ਦੋ ਮੈਚਾਂ ਦੇ ਮੁਕਾਬਲੇ ਬਹੁਤ ਖੁਸ਼ ਮਹਿਸੂਸ ਕਰ ਰਿਹਾ ਹਾਂ
Publish Date: Wed, 09 Sep 2026 12:03 PM (IST)
Updated Date: Wed, 09 Sep 2026 12:10 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਸਾਲ ਦੇ ਆਖਰੀ ਗਰੈਂਡਸਲੈਮ ਯੂਐੱਸ ਓਪਨ ’ਚ ਸੋਮਵਾਰ ਨੂੰ ਕਜ਼ਾਕਸਤਾਨ ਦੀ ਐਲਿਨਾ ਰਿਬਾਕਿਨਾ ਤੇ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਕੁਆਰਟਰ ਫਾਈਨਲ ’ਚ ਆਪਣੀ ਥਾਂ ਬਣਾਈ। ਰਿਬਾਕਿਨਾ ਨੇ ਜਾਪਾਨ ਦੀ ਨਾਓਮੀ ਓਸਾਕਾ ਨੂੰ ਹਰਾਇਆ, ਜਦਕਿ ਫਰੈਂਚ ਓਪਨ ਚੈਂਪੀਅਨ ਜ਼ਵੇਰੇਵ ਨੇ ਇਟਲੀ ਦੇ ਲੂਸੀਆਨੋ ਡਾਰਡੇਰੀ ਨੂੰ ਹਰਾਇਆ।
ਸਿਖਰਲੇ ਦਰਜੇ ਵਾਲੇ ਜਰਮਨੀ ਦੇ ਜ਼ਵੇਰੇਵ ਨੇ ਆਪਣੀ ਹੌਲੀ ਸ਼ੁਰੂਆਤ ਨੂੰ ਪਿੱਛੇ ਛੱਡਦਿਆਂ ਡਾਰਡੇਰੀ ਨੂੰ 6-2, 6-2, 7-6 (3) ਨਾਲ ਹਰਾਉਂਦਿਆਂ ਕੁਆਰਟਰ ਫਾਈਨਲ ’ਚ ਪਹੁੰਚ ਗਿਆ। ਆਪਣਾ ਲਗਾਤਾਰ ਚੌਥਾ ਰਾਤ ਦਾ ਮੈਚ ਖੇਡ ਰਹੇ ਜ਼ਵੇਰੇਵ ਦੇ ਦੋ ਮੁਕਾਬਲੇ ਪੰਜ ਸੈੱਟਾਂ ਤੱਕ ਗਏ ਸਨ ਪਰ ਇਸ ਮੈਚ ’ਚ 29 ਸਾਲ ਦੇ ਜ਼ਵੇਰੇਵ ਨੇ ਮੈਚ ਨੂੰ ਲੰਬਾ ਨਹੀਂ ਹੋਣ ਦਿੱਤਾ ਤੇ ਪਹਿਲੇ ਦੋ ਸੈੱਟ ਬਹੁਤ ਆਸਾਨੀ ਨਾਲ ਆਪਣੇ ਨਾਂ ਕਰ ਲਏ। ਸਾਲ 2020 ’ਚ ਫਾਈਨਲ ਖੇਡ ਚੁੱਕੇ ਜ਼ਵੇਰੇਵ ਨੇ ਆਖਰੀ ਸੈੱਟ ’ਚ ਸਖ਼ਤ ਚੁਣੌਤੀ ਦਾ ਸਾਹਮਣਾ ਕੀਤਾ ਪਰ ਅੰਤ ’ਚ ਇਹ ਮੈਚ ਅੱਧੀ ਰਾਤ ਤੋਂ ਪਹਿਲਾਂ ਖ਼ਤਮ ਕਰ ਦਿੱਤਾ। ਇਸ ਸਾਲ ਨਿਊਯਾਰਕ ’ਚ ਪਹਿਲੀ ਵਾਰ ਕੋਈ ਮੈਚ ਅੱਧੀ ਰਾਤ ਤੋਂ ਪਹਿਲਾਂ (ਰਾਤ 11:48 ਵਜੇ) ਖ਼ਤਮ ਹੋਇਆ।
ਮੈਚ ਤੋਂ ਬਾਅਦ ਜ਼ਵੇਰੇਵ ਨੇ ਮਜ਼ਾਕ ’ਚ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਬਚੇ ਹੋਏ ਸਮੇਂ ’ਚ ਕੀ ਕਰਾਂ ਕਿਉਂਕਿ ਅਜੇ ਤਾਂ ਅੱਧੀ ਰਾਤ ਵੀ ਨਹੀਂ ਹੋਈ। ਸ਼ਾਇਦ ਮੈਂ ਕਿਸੇ ਪ੍ਰੈਕਟਿਸ ਕੋਰਟ ਜਾਂ ਬਾਰ ’ਚ ਜਾਵਾਂਗਾ... ਮਜ਼ਾਕ ਕਰ ਰਿਹਾ ਹਾਂ। ਨਿਸ਼ਚਿੰਤ ਰਹੋ, ਮੈਂ ਪਹਿਲੇ ਦੋ ਮੈਚਾਂ ਦੇ ਮੁਕਾਬਲੇ ਬਹੁਤ ਖੁਸ਼ ਮਹਿਸੂਸ ਕਰ ਰਿਹਾ ਹਾਂ। ਮੈਨੂੰ ਲੱਗਦਾ ਸੀ ਕਿ ਮੇਰੀ ਖੇਡ ’ਚ ਲਗਾਤਾਰਤਾ ਹੈ ਪਰ ਡਾਰਡੇਰੀ ਨੇ ਤੀਜੇ ਸੈੱਟ ’ਚ ਬਹੁਤ ਸ਼ਾਨਦਾਰ ਸ਼ੁਰੂਆਤ ਕੀਤੀ। ਮੈਂ ਕਿਸੇ ਨੂੰ ਲਗਾਤਾਰ ਇੰਨਾ ਤੇਜ਼ ਹਮਲਾ ਕਰਦੇ ਬਹੁਤ ਘੱਟ ਦੇਖਿਆ ਹੈ। ਉਸਨੇ ਮੇਰੀ ਮੁਸ਼ਕਲ ਬਹੁਤ ਵਧਾ ਦਿੱਤੀ। ਆਪਣੀ ਖੇਡ ਤੇ ਕੁਆਰਟਰ ਫਾਈਨਲ ’ਚ ਪਹੁੰਚਣ 'ਤੇ ਖੁਸ਼ ਹਾਂ।"
ਲੂਈਸ ਆਰਮਸਟਰਾਂਗ ਸਟੇਡੀਅਮ ’ਚ ਰੂਸ ਦੇ ਕੈਰੇਨ ਖਾਚਾਨੋਵ ਨੇ 20 ਸਾਲ ਦੇ ਅਮਰੀਕੀ ਲਰਨਰ ਟਿਏਨ ਨੂੰ 7-5, 4-6, 6-7(6), 6-1, 6-4 ਨਾਲ ਹਰਾਉਂਦਿਆਂ ਸ਼ਾਨਦਾਰ ਵਾਪਸੀ ਕੀਤੀ, ਜਦਕਿ ਗਰੈਂਡਸਟੈਂਡ ਕੋਰਟ 'ਤੇ ਨੀਦਰਲੈਂਡ ਦੇ ਬੋਟਿਕ ਵੈਨ ਡੇ ਜ਼ੈਂਡਸ਼ਲਪ ਨੇ ਪੰਜ ਸੈੱਟਾਂ ਤੱਕ ਖਿੱਚੇ ਮੈਰਾਥਨ ਮੁਕਾਬਲੇ ’ਚ ਆਰਥਰ ਗੇਆ ਨੂੰ 3-6, 6-7(0), 7-6(7), 7-6(3), 6-4 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਬੈਲਜੀਅਮ ਦੇ ਅਲੈਗਜ਼ੈਂਡਰ ਬਲਾਕਸ ਨੇ ਅਰਜਨਟੀਨਾ ਦੇ ਫ੍ਰਾਂਸਿਸਕੋ ਮੇਰੁੰਡੋਲੋ ਨੂੰ 6-3, 4-6, 7-5, 7-5 ਨਾਲ ਹਰਾਉਂਦਿਆਂ ਪਹਿਲੀ ਵਾਰ ਗਰੈਂਡਸਲੈਮ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ।
ਕੁਆਰਟਰ ਫਾਈਨਲ ’ਚ ਪਹੁੰਚੀਆਂ ਗਫ-ਰਿਬਾਕਿਨਾ, ਸਵੀਆਤੇਕ ਬਾਹਰ ਨਿਊਯਾਰਕ (ਰਾਇਟਰ) : ਰਿਬਾਕਿਨਾ ਨੇ ਆਪਣੇ ਤੀਜੇ ਵੱਡੇ ਖ਼ਿਤਾਬ ਦੀ ਢੁੱਕਵੀਂ ਤਰੱਕੀ ਕਰਦਿਆਂ ਸਾਬਕਾ ਯੂਐੱਸ ਓਪਨ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਨੂੰ 6-1, 6-4 ਨਾਲ ਹਰਾਇਆ। ਰਿਬਾਕਿਨਾ ਹੁਣ ਵਿਸ਼ਵ ਨੰਬਰ ਇਕ ਬਣਨ ਤੋਂ ਸਿਰਫ ਇਕ ਜਿੱਤ ਦੂਰ ਹੈ। ਜੇ ਉਹ ਓਲੰਪਿਕ ਚੈਂਪੀਅਨ ਝੇਂਗ ਕਿਨਵੈਨ ਖ਼ਿਲਾਫ਼ ਕੁਆਰਟਰ ਫਾਈਨਲ ਮੈਚ ਜਿੱਤ ਲੈਂਦੀਆਂ ਹਨ ਤਾਂ ਉਹ ਆਪਣੇ ਕਰੀਅਰ ’ਚ ਪਹਿਲੀ ਵਾਰ ਵਿਸ਼ਵ ਨੰਬਰ ਇਕ ਖਿਡਾਰੀ ਬਣ ਜਾਣਗੀਆਂ। ਇਸੇ ਤਰ੍ਹਾਂ ਅਮਰੀਕੀ ਖਿਡਾਰੀ ਕੋਕੋ ਗਫ ਤੇ ਵਿਸ਼ਵ ਰੈਂਕਿੰਗ ’ਚ ਦੂਜੇ ਨੰਬਰ 'ਤੇ ਮੌਜੂਦ ਐਲਿਨਾ ਰਿਬਾਕਿਨਾ ਨੇ ਯੂਐੱਸ ਓਪਨ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਹੈ।
ਚੌਥਾ ਦਰਜਾ ਪ੍ਰਾਪਤ ਗਫ ਆਪਣੇ ਸਾਥੀ ਖਿਡਾਰੀ ਇਵਾ ਯੋਵਿਚ ਨੂੰ 6-1, 6-4 ਨਾਲ ਹਰਾਉਂਦਿਆਂ ਕੁਆਰਟਰ ਫਾਈਨਲ ’ਚ ਪਹੁੰਚ ਗਈ। ਹੁਣ ਸੈਮੀਫਾਈਨਲ ’ਚ ਪਹੁੰਚਣ ਲਈ ਉਸ ਨੂੰ ਰੂਸ ਦੀ ਮੀਰਾ ਆਂਦ੍ਰੀਵਾ ਨੂੰ ਹਰਾਉਣਾ ਹੋਵੇਗਾ। ਮੀਰਾ ਨੇ ਆਸਟ੍ਰੀਆ ਦੀ ਅਨਾਸਤਾਸੀਆ ਪੋਤਾਪੋਵਾ ਨੂੰ 5-7, 6-4, 6-3 ਨਾਲ ਮਾਤ ਦੇ ਕੇ ਆਖਰੀ ਅੱਠ ’ਚ ਜਗ੍ਹਾ ਬਣਾਈ। ਇਸ ਮੈਚ ਬਾਰੇ ਗਫ ਨੇ ਕਿਹਾ ਕਿ ਮੀਰਾ ਨਾਲ ਮੁਕਾਬਲੇ ਹਮੇਸ਼ਾ ਮੁਸ਼ਕਲ ਹੁੰਦੇ ਹਨ। ਗਰੈਂਡਸਲੈਮ ਜਿੱਤ ਕੇ ਆ ਰਹੀ ਮੀਰਾ ਹੁਣ ਵੱਖਰੇ ਮਾਈਂਡਸੈਟ ’ਚ ਹੋਵੇਗੀ... ਇਹ ਮੈਚ ਬਹੁਤ ਤਗੜਾ ਤੇ ਮੁਸ਼ਕਲ ਹੋਣ ਵਾਲਾ ਹੈ।" ਗਫ ਇਸ ਸਾਲ ਯੂਐੱਸ ਓਪਨ ਦੇ ਕੁਆਰਟਰ ਫਾਈਨਲ ’ਚ ਪਹੁੰਚਣ ਵਾਲੀ ਕੁੱਲ ਛੇਵੀਂ ਅਮਰੀਕੀ ਖਿਡਾਰੀ ਹੈ। ਗਫ ਦੇ ਨਾਲ ਜੈਸਿਕਾ ਪੇਗੁਲਾ, ਐਮਾ ਨਵਾਰੋ, ਫ੍ਰਾਂਸਿਸ ਟਿਆਫੋ, ਐਲੇਕਸ ਮਿਸ਼ਲਸਨ ਤੇ ਬੈਨ ਸ਼ੈਲਟਨ ਵੀ ਆਖਰੀ ਅੱਠ ’ਚ ਹਨ।
ਝੇਂਗ ਨੇ ਸਵੀਆਤੇਕ ਨੂੰ ਹਰਾਉਂਦਿਆਂ ਕੀਤਾ ਉਲਟਫੇਰ : ਚੀਨ ਦੀ ਝੇਂਗ ਕਿਨਵੈਨ ਨੇ ਵੱਡਾ ਉਲਟਫੇਰ ਕਰਦਿਆਂ ਛੇ ਵਾਰ ਦੀ ਗਰੈਂਡਸਲੈਮ ਚੈਂਪੀਅਨ ਇਗਾ ਸਵੀਆਤੇਕ ਨੂੰ ਹਰਾਇਆ। ਝੇਂਗ ਨੇ 2022 ਦੀ ਚੈਂਪੀਅਨ ਸਵੀਆਤੇਕ ਖ਼ਿਲਾਫ਼ ਬਹੁਤ ਜ਼ਿੰਦਾਦਿਲੀ ਦਿਖਾਉਂਦਿਆਂ ਜਿੱਤ ਹਾਸਲ ਕੀਤੀ। ਤੀਜੇ ਰਾਊਂਡ ’ਚ ਮੈਡਿਸਨ ਕੀਜ਼ ਦੇ ਖ਼ਿਲਾਫ਼ ਫ਼ੈਸਲਾਕੁੰਨ ਸੈੱਟ ’ਚ 0-5 ਤੋਂ ਵਾਪਸੀ ਕਰਨ ਵਾਲੀ ਝੇਂਗ ਨੇ ਸਵੀਆਤੇਕ ਖ਼ਿਲਾਫ਼ ਵੀ ਸਿਰਫ 20 ਮਿੰਟ ’ਚ ਪਹਿਲੇ ਪੰਜ ਗੇਮ ਗਵਾ ਦਿੱਤੇ ਪਰ ਫਿਰ ਸ਼ਾਨਦਾਰ ਵਾਪਸੀ ਕਰਦਿਆਂ 7-5, 6-3 ਨਾਲ ਜਿੱਤ ਹਾਸਲ ਕੀਤੀ। ਉਹ ਸਾਲ 2021 ’ਚ ਐਮਾ ਰਾਡੂਕਾਨੂ ਦੇ ਬਾਅਦ ਯੂਐੱਸ ਓਪਨ ਕੁਆਰਟਰ ਫਾਈਨਲ ਤੱਕ ਪਹੁੰਚਣ ਵਾਲੀ ਪਹਿਲੀ ਔਰਤ ਕੁਆਲੀਫਾਇਰ ਹੈ।