ਐਲਾਵੇਨਿਲ ਵਲਾਰੀਵਨ ਨੇ ਜਿੱਤੇ ਦੋ ਸਿਲਵਰ ਮੈਡਲ, ਕਿਹਾ- "ਸ਼ਾਂਤ ਰਹਿਣਾ, ਸਬਰ ਤੇ ਸੰਤੁਸ਼ਟੀ ਹੀ ਮੇਰੀ ਸਫਲਤਾ ਦਾ ਮੰਤਰ"
ਐਲਾਵੇਨਿਲ ਨੇ ਕਿਹਾ ਕਿ ਮੈਂ ਥੋੜ੍ਹੀ ਰਿਲੈਕਸ ਹੋ ਗਈ ਸੀ। ਮੈਨੂੰ ਲੱਗਦਾ ਹੈ ਕਿ ਮੈਨੂੰ ਫਾਈਨਲ ’ਚ ਥੋੜ੍ਹਾ ਹੋਰ ਕੰਮ ਕਰਨ ਦੀ ਲੋੜ ਹੈ। ਉਸਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਮੈਂ ਟਾਪ ਤਿੰਨ ’ਚ ਹਾਂ। ਹਾਲਾਂਕਿ, ਮੈਂ ਆਪਣਾ ਧਿਆਨ ਮੁੜ ਤੋਂ ਪ੍ਰਕਿਰਿਆ ਤੇ ਆਪਣੀ ਤਕੀਨਕ ’ਤੇ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ
Publish Date: Mon, 21 Sep 2026 12:36 PM (IST)
Updated Date: Mon, 21 Sep 2026 12:40 PM (IST)
ਨਾਗੋਯਾ (ਪੀਟੀਆਈ) : ਨਿਸ਼ਾਨੇਬਾਜ਼ ਐਲਾਵੇਨਿਲ ਵਲਾਰੀਵਨ ਦੀ ਮੁਸਕਰਾਹਟ ਕਦੀ ਉਸਦੇ ਗਲ ’ਚ ਪਏ ਮੈਡਲ ਦੇ ਰੰਗ ’ਤੇ ਨਿਰਭਰ ਨਹੀਂ ਕਰਦੀ। ਐਤਵਾਰ ਨੂੰ ਵੀ ਜਦੋਂ ਉਸਦੇ ਹੱਥੋਂ ਲਗਪਗ ਪੱਕਾ ਲੱਗ ਰਿਹਾ ਗੋਲਡ ਮੈਡਲ ਖੁੰਝ ਗਿਆ ਤਾਂ ਇਹ 27 ਸਾਲਾ ਭਾਰਤੀ ਏਅਰ ਰਾਈਫਲ ਨਿਸ਼ਾਨੇਬਾਜ਼ ਏਸ਼ਿਆਈ ਖੇਡਾਂ ਦੀ ਰੇਂਜ ਤੋਂ ਉਸੇ ਸਹਿਜ ਮੁਸਕਰਾਹਟ ਨਾਲ ਬਾਹਰ ਨਿਕਲੀ- ਸ਼ਾਂਤ, ਪੂਰੀ ਤਰ੍ਹਾਂ ਕੰਟਰੋਲ ਤੇ ਹੈਰਾਨੀਜਨਕ ਰੂਪ ਨਾਲ ਸੰਤੁਸ਼ਟ।
ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਫਾਈਨਲ ਦੇ ਜ਼ਿਆਦਾਤਰ ਹਿੱਸੇ ’ਚ ਐਲਾਵੇਨਿਲ ਪੂਰੀ ਤਰ੍ਹਾਂ ਕੰਟਰੋਲ ’ਚ ਨਜ਼ਰ ਆਈ। ਉਸਨੇ ਕਰੀਬ 1.56 ਅੰਕਾਂ ਦੀ ਬੜ੍ਹਤ ਬਣਾਈ ਤੇ ਲੰਬੇ ਸਮੇਂ ਤੱਕ ਇਸ ਨੂੰ ਕਾਇਮ ਰੱਖਿਆ ਪਰ ਅੰਤ ’ਚ ਉਸਦੇ ਤਿੰਨ ਢਿੱਲੇ ਸ਼ਾਟਸ ਨੇ ਮੁਕਾਬਲੇ ਦਾ ਰੁਖ਼ ਬਦਲ ਦਿੱਤਾ ਤੇ ਉਸ ਨੂੰ ਸਿਲਵਰ ਮੈਡਲ ਨਾਲ ਸਬਰ ਕਰਨਾ ਪਿਆ। ਉਸਦੇ ਚਿਹਰੇ ’ਤੇ ਨਾ ਤਾਂ ਨਿਰਾਸ਼ਾ ਸੀ ਤੇ ਨਾ ਹੀ ਜੋ ਹੋਇਆ, ਉਸ ਨੂੰ ਲੁਕਾਉਣ ਦੀ ਕੋਈ ਕੋਸ਼ਿਸ਼।
ਮੈਡਲ ਪੱਕਾ ਹੋਇਆ ਤਾਂ ਦਬਾਅ ਘੱਟ ਹੋਇਆ : ਐਲਾਵੇਨਿਲ ਨੇ ਕਿਹਾ ਕਿ ਮੈਂ ਥੋੜ੍ਹੀ ਰਿਲੈਕਸ ਹੋ ਗਈ ਸੀ। ਮੈਨੂੰ ਲੱਗਦਾ ਹੈ ਕਿ ਮੈਨੂੰ ਫਾਈਨਲ ’ਚ ਥੋੜ੍ਹਾ ਹੋਰ ਕੰਮ ਕਰਨ ਦੀ ਲੋੜ ਹੈ। ਉਸਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਮੈਂ ਟਾਪ ਤਿੰਨ ’ਚ ਹਾਂ। ਹਾਲਾਂਕਿ, ਮੈਂ ਆਪਣਾ ਧਿਆਨ ਮੁੜ ਤੋਂ ਪ੍ਰਕਿਰਿਆ ਤੇ ਆਪਣੀ ਤਕੀਨਕ ’ਤੇ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੈਂ ਥੋੜ੍ਹੀ ਰਿਲੈਕਸ ਹੋ ਗਈ। ਉਸਨੇ ਕਿਹਾ ਕਿ ਜਿਵੇਂ ਹੀ ਮੈਡਲ ਪੱਕਾ ਹੋਇਆ ਤਾਂ ਦਬਾਅ ਘੱਟ ਹੋ ਗਿਆ। ਇਸ ਤੋਂ ਬਾਅਦ ਮੈਂ ਆਪਣੀ ਪ੍ਰਕਿਰਿਆ ਨੂੰ ਲੈ ਕੇ ਥੋੜ੍ਹੀ ਢਿੱਲੀ ਪੈ ਗਈ। ਸ਼ਾਇਦ ਇਹੀ ਸਵੀਕਾਰਤਾ ਦੱਸਦੀ ਹੈ ਕਿ ਉਹ ਅਜਿਹੇ ਨਤੀਜੇ ਨਾਲ ਵੀ ਸਹਿਜ ਕਿਉਂ ਸੀ, ਜਿਸ ਨੂੰ ਕਈ ਖਿਡਾਰੀਆਂ ਲਈ ਸਵੀਕਾਰ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ। ਉਸਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਆਪਣਾ ਸਰਬੋਤਮ ਦਿੱਤਾ। ਮੈਨੂੰ ਲੱਗਦਾ ਹੈ ਕਿ ਇਹ ਪੂਰੀ ਪ੍ਰਕਿਰਿਆ ਸਿੱਖਣ ਦੀ ਹੈ। ਐਤਵਾਰ ਦਾ ਸਿਲਵਰ ਮੈਡਲ ਮੁੱਖ ਏਸ਼ਿਆਈ ਮੁਕਾਬਲੇਬਾਜ਼ੀਆਂ ’ਚ ਉਸਦਾ ਲਗਾਤਾਰ ਤੀਜਾ ਨਿੱਜੀ ਸਿਲਵਰ ਸੀ। ਇਸ ਤੋਂ ਪਹਿਲਾਂ ਉਹ ਸ਼ਿਮਕੈਂਟ ਤੇ ਦਿੱਲੀ ’ਚ ਏਸ਼ਿਆਈ ਚੈਂਪੀਅਨਸ਼ਿਪ ’ਚ ਵੀ ਪੋਡੀਅਮ ’ਤੇ ਪੁੱਜੀ ਸੀ। ਹਾਲਾਂਕਿ, ਇਕ ਵਾਰ ਫਿਰ ਮਾਮੂਲੀ ਫਰਕ ਨਾਲ ਗੋਲਡ ਤੋਂ ਖੁੰਝਣ ’ਤੇ ਧਿਆਨ ਦੇਣ ਦੀ ਬਜਾਏ ਐਲਾਵੇਨਿਲ ਪਹਿਲਾਂ ਹੀ ਇਕ ਬੇਹੱਦ ਸਾਧਾਰਣ ਚੀਜ਼ ਦੇ ਸਬੰਧ ’ਚ ਸੋਚ ਰਹੀ ਹੈ।
ਕੋਚ ਤੇ ਟੀਮ ਦੇ ਸਾਥੀਆਂ ਨਾਲ ਮਨਾਉਣਾ ਚਾਹੁੰਦੀ ਹਾਂ ਜਸ਼ਨ : ਐਲਾਵੇਨਿਲ ਨੇ ਹੱਸਦੇ ਹੋਏ ਕਿਹਾ ਕਿ ਹੁਣ ਸ਼ਾਇਦ ਆਰਾਮ ਤੇ ਉੱਭਰਣ ਦੀ ਪ੍ਰਕਿਰਿਆ ਹੋਵੇਗੀ। ਮੈਂ ਬਸ ਵਾਪਸ ਜਾ ਕੇ ਆਪਣੇ ਕੋਚ ਤੇ ਟੀਮ ਦੇ ਸਾਥੀਆਂ ਨਾਲ ਇਸਦਾ ਜਸ਼ਨ ਮਨਾਉਣਾ ਚਾਹੁੰਦੀ ਹਾਂ। ਇਸ ਸਾਲ ਦੇ ਅੰਤ ’ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਲਈ ਹੁਣ ਕੁਝ ਦਿਨ ਉਡੀਕ ਕਰ ਸਕਦੀ ਹਾਂ। ਉਸਨੇ ਕਿਹਾ ਕਿ ਉੱਭਰਣ ਤੇ ਖ਼ੁਦ ਨੂੰ ਤਾਜ਼ਾ ਕਰਨ ਤੋਂ ਬਾਅਦ ਮੈਂ ਉਸ ਟੀਚੇ ’ਤੇ ਕੰਮ ਸ਼ੁਰੂ ਕਰਾਂਗੀ। ਇਹ ਮੈਡਲ ਭਾਰਤ ਲਈ ਦੋਹਰੀ ਖ਼ੁਸ਼ੀ ਦਾ ਹਿੱਸਾ ਵੀ ਰਿਹਾ। ਐਲਾਵੇਨਿਲ, ਸੋਨਮ ਉੱਤਮ ਮਸਕਰ ਤੇ ਵਿਦਰਸਾ ਵਿਨੋਦ ਨੇ ਇਸ ਤੋਂ ਪਹਿਲਾਂ ਟੀਮ ਮੁਕਾਬਲੇਬਾਜ਼ੀ ’ਚ ਭਾਰਤ ਨੂੰ ਸਿਲਵਰ ਮੈਡਲ ਦਿਵਾਇਆ। ਐਲਾਵੇਨਿਲ ਲਈ ਇਹ ਉਪਲੱਬਧੀ ਨਿੱਜੀ ਸਫਲਤਾ ਤੋਂ ਜ਼ਿਆਦਾ ਇਨ੍ਹਾਂ ਤਿੰਨੇ ਨਿਸ਼ਾਨੇਬਾਜ਼ਾਂ ਵਿਚਾਲੇ ਵਿਕਸਿਤ ਹੋਏ ਰਿਸ਼ਤੇ ਤੇ ਟੀਮ ਭਾਵਨਾ ਦੇ ਸਬੰਧ ’ਚ ਸੀ। ਉਸਨੇ ਕਿਹਾ ਕਿ ਇਹ ਟੀਮ ਦੀ ਸਮੂਹਿਕ ਕੋਸ਼ਿਸ਼ ਦੇ ਸਬੰਧ ’ਚ ਜ਼ਿਆਦਾ ਹੈ। ਸਾਡੇ ’ਚੋਂ ਹਰੇਕ ਨੇ ਟ੍ਰੇਨਿੰਗ ਸੈਸ਼ਨ ਦੌਰਾਨ ਇਕ-ਦੂਜੇ ਦੀ ਮਦਦ ਕੀਤੀ ਤੇ ਆਪਣਾ ਸਰਬੋਤਮ ਦੇਣ ਦੀ ਕੋਸ਼ਿਸ਼ ਕੀਤੀ। ਟੀਮ ਦੀ ਸਭ ਤੋਂ ਤਜਰਬੇਕਾਰ ਮੈਂਬਰ ਹੋਣ ਦੇ ਨਾਤੇ ਐਲਾਵੇਨਿਲ ਇਹ ਵੀ ਸਮਝਦੀ ਸੀ ਕਿ ਇਨ੍ਹਾਂ ਦੋ ਮੈਡਲਾਂ ਦਾ ਭਾਰਤ ਦੇ ਬਾਕੀ ਨਿਸ਼ਾਨੇਬਾਜ਼ਾਂ ’ਤੇ ਕੀ ਅਸਰ ਪੈਂਦਾ ਹੈ।