- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੇਨਈ ਦੇ ਚੇਪੋਕ ਸਟੇਡੀਅਮ ’ਚ ਖੇਡਿਆ ਗਿਆ ਇਹ ਮੁਕਾਬਲਾ ਡਰਾਅ ’ਤੇ ਖ਼ਤਮ ਹੋਇਆ ਪਰ ਪਹਿਲੀ ਪਾਰੀ ’ਚ 372 ਦੌੜਾਂ ਦੀ ਵਿਸ਼ਾਲ ਬੜ੍ਹਤ ਲੈਣ ਕਾਰਨ ਪੂਰਬ ਨੂੰ ਜੇਤੂ ਐਲਾਨ ਦਿੱਤਾ ਗਿਆ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਈਸ਼ਾਨ ਕਿਸ਼ਨ ਦੀ ਕਪਤਾਨੀ ਵਾਲੇ ਪੂਰਬੀ ਖੇਤਰ ਨੇ ਵੀਰਵਾਰ ਨੂੰ ਦੱਖਣੀ ਖੇਤਰ ਨੂੰ ਹਰਾ ਕੇ 13 ਸਾਲਾਂ ਬਾਅਦ ਦਲੀਪ ਟਰਾਫੀ ਦਾ ਖ਼ਿਤਾਬ ਜਿੱਤਿਆ। ਚੇਨਈ ਦੇ ਚੇਪੋਕ ਸਟੇਡੀਅਮ ’ਚ ਖੇਡਿਆ ਗਿਆ ਇਹ ਮੁਕਾਬਲਾ ਡਰਾਅ ’ਤੇ ਖ਼ਤਮ ਹੋਇਆ ਪਰ ਪਹਿਲੀ ਪਾਰੀ ’ਚ 372 ਦੌੜਾਂ ਦੀ ਵਿਸ਼ਾਲ ਬੜ੍ਹਤ ਲੈਣ ਕਾਰਨ ਪੂਰਬ ਨੂੰ ਜੇਤੂ ਐਲਾਨ ਦਿੱਤਾ ਗਿਆ। ਇਸ ਜਿੱਤ ਦੀ ਦਾਸਤਾਨ ਤਾਂ ਚੌਥੇ ਦਿਨ ਭਾਵ ਬੁੱਧਵਾਰ ਨੂੰ ਹੀ ਲਿਖੀ ਜਾ ਚੁੱਕੀ ਸੀ, ਜਦੋਂ ਪੂਰਬੀ ਖੇਤਰ ਨੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਪੰਜ ਵਿਕਟਾਂ ’ਤੇ 212 ਦੌੜਾਂ ਬਣਾ ਕੇ 584 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ। ਇਸ ਤੋਂ ਬਾਅਦ ਤਿਲਕ ਵਰਮਾ ਦੀ ਕਪਤਾਨੀ ਵਾਲੀ ਦੱਖਣੀ ਖੇਤਰ ਦੀ ਟੀਮ ਲਈ ਕੁਝ ਬਚਿਆ ਨਹੀਂ ਸੀ।
ਪੰਜਵੇਂ ਦਿਨ ਪੂਰਬੀ ਖੇਤਰ ਨੇ ਮੁਹੰਮਦ ਕੌਨੇਨ ਕੁਰੈਸ਼ੀ (116*) ਦੇ ਸੈਂਕੜੇ ਦੇ ਦਮ ’ਤੇ ਦੂਜੀ ਪਾਰੀ ’ਚ ਸੱਤ ਵਿਕਟਾਂ ’ਤੇ 388 ਦੌੜਾਂ ਬਣਾ ਲਈਆਂ ਸਨ ਤੇ ਉਸਦੀ ਕੁੱਲ ਬੜ੍ਹਤ 760 ਦੌੜਾਂ ਦੀ ਹੋ ਗਈ ਸੀ। ਕੁਰੈਸ਼ੀ ਦੇ ਦੋ ਮੈਚ ਪੁਰਾਣੇ ਪਹਿਲੇ ਵਰਗ ਦੇ ਕਰੀਅਰ ਦਾ ਪਹਿਲਾ ਸੈਂਕੜਾ ਹੈ। ਕੁਰੈਸ਼ੀ ਨੇ ਅਨੁਕੂਲ ਰਾਏ ਨਾਲ ਸੱਤਵੀਂ ਵਿਕਟ ਲਈ 150 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਪਾਰੀ ਐਲਾਨੇ ਬਿਨਾਂ ਹੀ ਖੇਡ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ ਤੇ ਦੁਪਹਿਰ 2.10 ਵਜੇ ਦੋਵਾਂ ਟੀਮਾਂ ਨੇ ਹੱਥ ਮਿਲਾਏ ਤੇ ਮੈਚ ਡਰਾਅ ਐਲਾਨਿਆ ਗਿਆ। ਪੂਰਬੀ ਖੇਤਰ ਨੇ ਪਹਿਲੀ ਪਾਰੀ ’ਚ 708 ਦੌੜਾਂ ਬਣਾਈਆਂ ਸਨ, ਜਿਸਦੇ ਜਵਾਬ ’ਚ ਦੱਖਣੀ ਪਹਿਲੀ ਪਾਰੀ ’ਚ 336 ਦੌੜਾਂ ਹੀ ਬਣਾ ਪਾਈ। ਇਸ ਜਿੱਤ ਨਾਲ ਪੂਰਬੀ ਖੇਤਰ 2011-12 ਤੇ 2012-13 ਦੇ ਲਗਾਤਾਰ ਖਿਤਾਬਾਂ ਤੋਂ ਬਾਅਦ ਤੀਜੀ ਵਾਰ ਦਲੀਪ ਟਰਾਫੀ ਆਪਣੇ ਨਾਂ ਕੀਤੀ।
ਸ਼ਮੀ ਤੋਂ ਲੈ ਕੇ ਨੌਜਵਾਨ ਮੋਹਨ ਤੱਕ ਨੇ ਕੀਤਾ ਪ੍ਰਭਾਵਿਤ : ਇਸ ਜਿੱਤ ’ਚ ਆਪਣਾ 100ਵੇਂ ਪਹਿਲੇ ਵਰਗ ਦੇ ਮੁਕਾਬਲੇ ’ਚ ਉਤਰੇ ਤਜਰਬੇਕਾਰ ਮੁਹੰਮਦ ਸ਼ਮੀ ਨੇ ਪੂਰਬੀ ਖੇਤਰ ਦੇ ਨੌਜਵਾਨ ਖਿਡਾਰੀਆਂ ਵਿਚਾਲੇ ਆਪਣੇ ਜਜ਼ਬੇ ਤੇ ਤਜਰਬੇ ਦੀ ਮਿਸਾਲ ਪੇਸ਼ ਕੀਤੀ। ਝਾਰਖੰਡ ਦੇ ਉਸਦੇ ਸਾਥੀ ਸ਼ਿਖਰ ਮੋਹਨ ਨੇ ਵੀ ਸਬਰ ਤੇ ਕਲਾਸ ਨਾਲ ਭਰੀ ਅਰਧਸੈਂਕੜੇ ਵਾਲੀ ਪਾਰੀ ਖੇਡੀ। ਈਸ਼ਾਨ ਨੇ ਕਪਤਾਨੀ ’ਚ ਵੀ ਆਪਣੀ ਮਜ਼ਬੂਤੀ ਦਿਖਾਈ ਤੇ ਪਹਿਲੀ ਪਾਰੀ ’ਚ ਦੋਹਰਾ ਸੈਂਕੜਾ ਲਗਾਇਆ। ਉਥੇ ਹੀ, ਕੁਮਾਰ ਕੁਸ਼ਾਗਰ ਦੇ ਬੱਲੇ ਤੋਂ ਵੀ ਸੈਂਕੜਾ ਨਿਕਲਿਆ।
ਅਸੀਂ ਲਗਪਗ ਦੋ ਦਿਨ ਬੱਲੇਬਾਜ਼ੀ ਕੀਤੀ। ਹੁਣ ਇਕ ਇਕਾਈ ਦੇ ਤੌਰ ’ਤੇ ਅਸੀਂ ਜਾਣਦੇ ਸੀ ਕਿ ਇਹ ਮੁੱਢਲੇ ਤੌਰ ’ਤੇ ਪਹਿਲੀ ਪਾਰੀ ਦਾ ਮੁਕਾਬਲਾ ਹੈ। ਇਸ ਲਈ ਸਾਡਾ ਮੁੱਖ ਕੰਮ ਉਨ੍ਹਾਂ 10 ਵਿਕਟਾਂ ਨੂੰ ਲੈਣਾ ਤੇ ਬੜ੍ਹਤ ਹਾਸਲ ਕਰਨਾ ਸੀ। ਜੇ ਸਾਡੇ ਕੋਲ ਪਹਿਲੀ ਪਾਰੀ ਦੀ ਬੜ੍ਹਤ (ਖ਼ਿਤਾਬ ਜਿੱਤਣ ਲਈ ਲੁੜੀਂਦੀ) ਹੈ ਤਾਂ ਮੈਂ ਇਸ ਅੱਤ ਦੀ ਗਰਮੀ ’ਚ ਦੁਬਾਰਾ ਮੈਦਾਨ ’ਤੇ ਕਿਉਂ ਉਤਰਨਾ ਚਾਹਾਂਗਾ?
-ਈਸ਼ਾਨ ਕਿਸ਼ਨ, ਕਪਤਾਨ, ਪੂਰਬੀ ਖੇਤਰ।