ਜੋਕੋਵਿਚ ਦਾ 20 ਸਾਲ ਅਜੇਤੂ ਰਹਿਣ ਦਾ ਸਫ਼ਰ ਥੰਮਿਆ, ਸਿਹਤ ਖ਼ਰਾਬ ਹੋਣ ਦੇ ਬਾਵਜੂਦ ਲੜੇ; ਪਰ ਪਹਿਲੇ ਹੀ ਗੇੜ 'ਚ ਯੂਐੱਸ ਓਪਨ ਤੋਂ ਬਾਹਰ
ਸਾਲ ਜਨਵਰੀ 2006 ’ਚ ਭਾਰਤ ਤੋਂ ਦੂਰ ਆਸਟ੍ਰੇਲੀਆ ’ਚ ਗਰੈਂਡ ਸਲੈਮ ਸੀਜ਼ਨ ਦੀ ਸ਼ੁਰੂਆਤ ਕਰਨ ਵਾਲੇ ਆਸਟ੍ਰੇਲੀਅਨ ਓਪਨ ਦੀ ਸ਼ੁਰੂਆਤ ਹੋਈ। 17 ਸਾਲ ਦੀ ਉਮਰ ’ਚ ਅਮਰੀਕਾ ਦੇ ਪਾਲ ਹਰਬਰਟ ਗੋਲਡਸਟੀਨ ਦਾ ਸਾਹਮਣਾ ਸਰਬੀਆਈ ਲੜਕੇ ਨਾਲ ਸੀ
Publish Date: Tue, 01 Sep 2026 11:23 AM (IST)
Updated Date: Tue, 01 Sep 2026 11:31 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਸਾਲ ਜਨਵਰੀ 2006 ’ਚ ਭਾਰਤ ਤੋਂ ਦੂਰ ਆਸਟ੍ਰੇਲੀਆ ’ਚ ਗਰੈਂਡ ਸਲੈਮ ਸੀਜ਼ਨ ਦੀ ਸ਼ੁਰੂਆਤ ਕਰਨ ਵਾਲੇ ਆਸਟ੍ਰੇਲੀਅਨ ਓਪਨ ਦੀ ਸ਼ੁਰੂਆਤ ਹੋਈ। 17 ਸਾਲ ਦੀ ਉਮਰ ’ਚ ਅਮਰੀਕਾ ਦੇ ਪਾਲ ਹਰਬਰਟ ਗੋਲਡਸਟੀਨ ਦਾ ਸਾਹਮਣਾ ਸਰਬੀਆਈ ਲੜਕੇ ਨਾਲ ਸੀ, ਜੋ ਪਿਛਲੇ ਸੀਜ਼ਨ ’ਚ ਮੈਚ ਵਿੱਚ ਹਾਰ ਗਿਆ ਸੀ। ਨੋਵਾਕ ਜੋਕੋਵਿਚ ਨਾਂ ਦੇ ਇਸ 18 ਸਾਲਾ ਲੜਕੇ ਨੇ ਸਖ਼ਤ ਸੰਘਰਸ਼ ਕੀਤਾ ਪਰ 4 ਸੈੱਟਾਂ ਦੇ ਮੈਚ ’ਚ 6-2, 1-6, 6-3, 6-2 ਨਾਲ ਹਾਰ ਗਿਆ।
ਲਗਾਤਾਰ ਦੂਜੀ ਵਾਰ ਆਸਟ੍ਰੇਲੀਅਨ ਓਪਨ ਦੇ ਪਹਿਲੇ ਗੇੜ ’ਚ ਹਾਰ ਨੇ ਲੜਕੇ ਨੂੰ ਅਜਿਹਾ ਲੜਾਕੂ ਬਣਾ ਦਿੱਤਾ ਕਿ ਅਗਲੇ 20 ਸਾਲਾਂ ਤੱਕ ਕੋਈ ਵੀ ਉਸ ਨੂੰ ਕਿਸੇ ਵੀ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਪਹਿਲੇ ਦੌਰ ’ਚ ਨਹੀਂ ਹਰਾ ਸਕਿਆ ਪਰ ਹਰ ਸਫ਼ਰ ਦਾ ਅੰਤ ਹੁੰਦਾ ਹੈ ਤੇ ਨੋਵਾਕ ਜੋਕੋਵਿਚ ਦਾ ਗ੍ਰੈਂਡ ਸਲੈਮ ਦੇ ਪਹਿਲੇ ਦੌਰ ’ਚ ਅਜੇਤੂ ਰਹਿਣ ਦਾ ਸਫ਼ਰ 20 ਸਾਲਾਂ ਦੇ ਸਫ਼ਰ ਤੋਂ ਬਾਅਦ ਯੂਐੱਸ ਓਪਨ ’ਚ ਰੁਕ ਗਿਆ, ਜਦੋਂ ਉਸ ਨੂੰ ਅਰਜਨਟੀਨਾ ਦੇ 25 ਸਾਲਾ ਖਿਡਾਰੀ ਮਾਰੀਆਨੋ ਨਾਵੋਨ ਨੇ ਸਾਢੇ 4 ਘੰਟੇ ਤੋਂ ਜ਼ਿਆਦਾ ਲੰਬੇ ਸਮੇਂ ਤਕ ਚੱਲੇ ਮੁਕਾਬਲੇ ’ਚ 7-6 (5), 5-7, 4-6, 6-2, 6-1 ਨਾਲ ਹਰਾਇਆ।
ਸਾਲ 2006 ਦੀ ਤਰ੍ਹਾਂ ਸਾਲ 2026 ’ਚ ਵੀ ਨੋਵਾਕ ਨੇ ਸਖਤ ਟੱਕਰ ਦਿੱਤੀ। ਕੋਰਟ ’ਤੇ ਉਲਟੀ ਤਕ ਕਰ ਦਿੱਤੀ ਪਰ ਅੰਤ ’ਚ ਉਹ ਹਾਰ ਗਿਆ। 39 ਸਾਲ ਦੇ ਜੋਕੋਵਿਚ ਨੇ 24 ਗ੍ਰੈਂਡ ਸਲੈਮ ਆਪਣੇ ਨਾਂ ਕੀਤੇ ਹਨ ਪਰ ਉਸ ਦੇ ਔਰੇ ਤੋਂ ਡਰੇ ਬਿਨਾਂ ਉਸ ਦੇ ਪ੍ਰਸ਼ੰਸਕ ਨਾਵੋਨ ਨੇ 4 ਘੰਟੇ 26 ਮਿੰਟਾਂ ’ਚ ਪੰਜ ਸੈੱਟ ਤੱਕ ਚੱਲੇ ਮੈਚ ਨੂੰ ਜਿੱਤ ਲਿਆ। ਜੋਕੋਵਿਚ ਦੇ ਕਰੀਅਰ ਦਾ ਇਹ ਸਭ ਤੋਂ ਲੰਬਾ ਸ਼ੁਰੂਆਤੀ ਗ੍ਰੈਂਡ ਸਲੈਮ ਮੈਚ ਸੀ। ਜੋਕੋਵਿਚ ਇਸ ਤੋਂ ਪਹਿਲਾਂ ਕਦੇ ਵੀ ਯੂਐੱਸ ਓਪਨ ਦੇ ਪਹਿਲੇ ਦੌਰ ’ਚ ਨਹੀਂ ਹਾਰੇ ਸਨ। ਇਸ ਹਾਰ ਤੋਂ ਬਾਅਦ ਜੋਕੋਵਿਚ ਨੇ ਇਹ ਵੀ ਕਿਹਾ ਕਿ ਉਹ ਆਪਣੀ ਖੇਡ ਦਾ ਮਜ਼ਾ ਨਹੀਂ ਲੈ ਸਕੇ ਤੇ ਜ਼ਾਹਰ ਹੈ ਕਿ ਇਹ ਮੈਚ ਉਸ ਲਈ ਬਹੁਤ ਮਾੜਾ ਤਜਰਬਾ ਸਾਬਤ ਹੋਇਆ।
ਜੋਕੋਵਿਚ ਨੇ ਚੱਲਦੇ ਮੈਚ ’ਚ ਕੀਤੀ ਉਲਟੀ : ਖੱਬੇ ਹੱਥ ’ਚ ਕੜਵੱਲ ਨਾਲ ਜੂਝੇ, ਡਾਕਟਰ ਵੱਲੋਂ ਲਿਆਂਦੀ ਦਵਾਈ ਲਈ, ਆਪਣੀ ਪਿੱਠ ਦੀ ਮਾਲਿਸ਼ ਕਰਵਾਈ ਤੇ ਕਈ ਸ਼ਾਟ ਖੇਡਣ ਤੋਂ ਬਾਅਦ ਵੀ ਚੀਕਿਆ ਪਰ ਇਹ ਕੋਸ਼ਿਸ਼ਾਂ ਵੀ ਜਿੱਤ ਲਈ ਨਾਕਾਫੀ ਸਨ। ਇਸ ਮੈਚ ਦੌਰਾਨ ਜੋਕੋਵਿਚ ਨੇ 70 ਅਨਫੋਰਸਡ ਗਲਤੀਆਂ ਕੀਤੀਆਂ, ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦਾ ਸਰੀਰ ਕੰਟਰੋਲ ’ਚ ਨਹੀਂ ਰਿਹਾ ਤੇ ਮੈਚ ਤੋਂ ਬਾਅਦ ਉਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਵੀ ਕੀਤਾ। ਜੋਕੋਵਿਚ ਨੇ ਕਿਹਾ, "ਕੁਝ ਅਜਿਹਾ ਸੀ, ਜਿਸ ਨੂੰ ਮੈਂ ਢੋਅ ਰਿਹਾ ਸੀ। ਬਦਕਿਸਮਤੀ ਨਾਲ ਇਸ ਸਾਲ ਲਗਭਗ ਹਰ ਮੈਚ ’ਚ ਅਜਿਹਾ ਹੋਇਆ ਹੈ।" ਉਲਟੀ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਤੇ ਫਿਰ ਮੇਰੇ ਪੂਰੇ ਸਰੀਰ ’ਚ ਕੜਵੱਲ ਤੇ ਭਿਆਨਕ ਦਰਦ ਸ਼ੁਰੂ ਹੋ ਜਾਂਦਾ ਹੈ। ਮੈਚ ਦੇ ਅੰਤ ਤੱਕ ਪਿੱਠ ਤੇ ਮੋਢੇ ਜਵਾਬ ਦੇ ਚੁੱਕੇ ਸਨ। ਮੈਂ ਇਸ ਮੈਚ ਨੂੰ ਸਹੀ ਢੰਗ ਨਾਲ ਖਤਮ ਨਹੀਂ ਕਰ ਸਕਿਆ ਪਰ ਮੈਂ ਜੇਤੂ ਨੂੰ ਉਸ ਦਾ ਸਿਹਰਾ ਨਹੀਂ ਲੈਣਾ ਚਾਹਾਂਗਾ, ਉਸ ਨੂੰ ਵਧਾਈ। ਉਹ ਇੱਕ ਚੰਗਾ ਮੁੰਡਾ ਹੈ, ਇੱਕ ਲੜਾਕੂ ਹੈ।
ਚੌਥਾ ਦਰਜਾ ਪ੍ਰਾਪਤ ਜੋਕੋਵਿਚ ਨੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ ਤੇ 3-0 ਤੇ ਫਿਰ 4-1 ਦੀ ਬੜ੍ਹਤ ਬਣਾ ਲਈ ਪਰ ਨਾਵੋਨ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਸੈੱਟ 7-6 (5) ਨਾਲ ਜਿੱਤ ਲਿਆ। ਇਸ ਦੌਰਾਨ ਜੋਕੋਵਿਚ ਨੇ ਪੁਰਾਣੇ ਸਮੇਂ ਦੀ ਯਾਦ ਵੀ ਤਾਜ਼ਾ ਕਰਾਈ ਜਦੋਂ ਉਸ ਨੇ ਦੂਜਾ ਸੈੱਟ 5-7 ਨਾਲ ਜਿੱਤਣ ਤੋਂ ਬਾਅਦ ਆਪਣੀ ਮੁੱਠੀ ਬੰਦ ਕਰ ਕੇ ਆਪਣੇ ਮਸ਼ਹੂਰ ਤਰੀਕੇ ਦਾ ਜਸ਼ਨ ਮਨਾਇਆ ਤੇ ਫਿਰ ਤੀਜੇ ਸੈੱਟ ’ਚ 4-6 ਨਾਲ ਜਿੱਤਣ ਤੋਂ ਬਾਅਦ ਉਸ ਨੇ ਆਪਣੇ ਕੰਨਾਂ ਕੋਲ ਹੱਥ ਖੜ੍ਹੇ ਕਰ ਕੇ ਦਰਸ਼ਕਾਂ ਨੂੰ ਹੋਰ ਰੌਲਾ ਪਾਉਣ ਲਈ ਕਿਹਾ ਪਰ ਤਿੰਨ ਸੈੱਟਾਂ ਤੋਂ ਬਾਅਦ ਜਦੋਂ ਉਸ ਦਾ ਸਰੀਰ ਥੱਕਣ ਲੱਗਾ ਤਾਂ ਨਾਵੋਨ ਨੇ ਮੈਚ ’ਤੇ ਕਬਜ਼ਾ ਕਰ ਲਿਆ ਤੇ ਅਗਲੇ ਦੋ ਸੈੱਟ 6-2 ਤੇ 6-1 ਨਾਲ ਜਿੱਤ ਕੇ ਅਗਲੇ ਦੌਰ ’ਚ ਪ੍ਰਵੇਸ਼ ਕਰ ਲਿਆ। ਜਿੱਤ ਤੋਂ ਬਾਅਦ ਉਸ ਨੇ ਕਿਹਾ ਕਿ ਇਹ ਉਸ ਲਈ ਬਹੁਤ ਮੁਸ਼ਕਲ ਸੀ। ਨਾਵੋਨ ਨੇ ਕਿਹਾ, ਮੇਰੇ ਲਈ ਇਹ ਬਹੁਤ ਮੁਸ਼ਕਲ ਸੀ, ਕਿਉਂਕਿ ਮੈਂ ਇਸ ਕੋਰਟ 'ਤੇ ਹੁਣ ਤੱਕ ਦੇ ਮਹਾਨ ਖਿਡਾਰੀ ਨਾਲ ਖੇਡ ਰਿਹਾ ਸੀ। ਇਹ ਸਪੱਸ਼ਟ ਤੌਰ ’ਤੇ ਸਭ ਤੋਂ ਵਧੀਆ ਗੱਲ ਹੈ ਜੋ ਮੇਰੇ ਨਾਲ ਕੋਰਟ ’ਤੇ ਵਾਪਰੀ ਹੈ। ਇਹ ਇੱਕ ਅਦਭੁਤ ਕੋਰਟ ਤੇ ਸਭ ਤੋਂ ਵੱਡਾ ਪੜਾਅ ਹੈ।
ਮੇਦਵੇਦੇਵ, ਪੇਗੁਲਾ ਦੀ ਜਿੱਤ, ਵੀਨਸ ਬਾਹਰ ਪੁਰਸ਼ ਸਿੰਗਲਜ਼ ’ਚ ਰੂਸ ਦੇ ਡੇਨੀਲ ਮੇਦਵੇਦੇਵ ਆਸਾਨ ਜਿੱਤ ਨਾਲ ਯੂਐੱਸ ਓਪਨ ਦੇ ਅਗਲੇ ਦੌਰ ’ਚ ਪਹੁੰਚ ਗਏ ਹਨ। ਉਸ ਨੇ ਆਰਥਰ ਐਸ਼ੇ ਸਟੇਡੀਅਮ ’ਚ ਫਰਾਂਸ ਦੇ ਕੁਆਲੀਫਾਇਰ ਯੂਗੋ ਗੈਸਟਨ ਨੂੰ 6-4, 6-2, 6-4 ਨਾਲ ਹਰਾਇਆ। ਪਿਛਲੇ ਸਾਲ ਪਹਿਲੇ ਦੌਰ ’ਚ ਹਾਰਨ ਵਾਲੇ ਮੇਦਵੇਦੇਵ ਇਸ ਮੈਚ 'ਚ ਪੂਰੀ ਤਰ੍ਹਾਂ ਕੰਟਰੋਲ 'ਚ ਨਜ਼ਰ ਆਏ ਤੇ ਗੈਸਟਨ ਨੂੰ ਇਕ ਵੀ ਮੌਕਾ ਨਹੀਂ ਦਿੱਤਾ। ਮਹਿਲਾ ਸਿੰਗਲਜ਼ ’ਚ ਵਿਸ਼ਵ ਦੀ ਤੀਜੇ ਨੰਬਰ ਦੀ ਅਮਰੀਕੀ ਖਿਡਾਰਨ ਜੈਸਿਕਾ ਪੇਗੁਲਾ ਨੇ ਰੋਮਾਨੀਆ ਦੀ ਏਲੇਨਾ ਗੈਬਰੀਏਲਾ ਰੁਸੇ ਨੂੰ 6-3, 6-2 ਨਾਲ ਹਰਾ ਕੇ ਅਗਲੇ ਦੌਰ ’ਚ ਪ੍ਰਵੇਸ਼ ਕਰ ਲਿਆ ਹੈ।
ਅਗਲੇ ਦੌਰ ’ਚ ਉਸ ਦਾ ਸਾਹਮਣਾ ਸੋਫੀਆ ਕੇਨਿਨ ਨਾਲ ਹੋਵੇਗਾ, ਜਿਸ ਨੇ ਵਾਈਲਡ ਕਾਰਡ ਧਾਰਕ ਵੀਨਸ ਵਿਲੀਅਮਸ ਨੂੰ ਸਖਤ ਮੁਕਾਬਲੇ 'ਚ 6-2, 7-6 (6) ਨਾਲ ਹਰਾਇਆ। ਇਹ ਮੈਚ 12:13 ਵਜੇ ਸ਼ੁਰੂ ਹੋਇਆ ਤੇ ਹੁਣ ਇਹ ਯੂਐੱਸ ਓਪਨ ਦੇ ਇਤਿਹਾਸ ’ਚ ਸਭ ਤੋਂ ਦੇਰ ਨਾਲ ਸ਼ੁਰੂ ਹੋਣ ਵਾਲਾ ਮੈਚ ਬਣ ਗਿਆ ਹੈ। ਇਸ ਤੋਂ ਪਹਿਲਾਂ 2 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਬਾਰਬੋਰਾ ਕ੍ਰੇਚਿਕੋਵਾ ਟੂਰਨਾਮੈਂਟ ਤੋਂ ਬਾਹਰ ਹੋਣ ਵਾਲੀ ਪਹਿਲੀ ਦਰਜਾ ਪ੍ਰਾਪਤ ਖਿਡਾਰਨ ਬਣ ਗਈ, ਕਿਉਂਕਿ ਉਸ ਨੂੰ ਕੈਮਿਲਾ ਰਾਖੀਮੋਵਾ ਨੇ 7-6 (4), 6-2 ਨਾਲ ਹਰਾਇਆ ਸੀ। ਇਟਲੀ ਦੀ ਜੈਸਮੀਨ ਪਾਓਲਿਨੀ ਨੇ ਸਲੋਵੇਨੀਆ ਦੀ ਵੇਰੋਨਿਕਾ ਏਰਜਾਵੇਕ ਨੂੰ 6-3, 3-6, 6-4 ਨਾਲ ਹਰਾਇਆ ਤੇ ਅਗਲੇ ਦੌਰ 'ਚ ਉਸ ਦਾ ਸਾਹਮਣਾ ਆਪਣੀ ਹੀ ਦੇਸ਼ ਦੀ ਖਿਡਾਰਨ ਲੁਕਰੇਜੀਆ ਸਟੇਫਾਨਿਨੀ ਨਾਲ ਹੋਵੇਗਾ। ਚੈੱਕ ਗਣਰਾਜ ਦੀ ਜਿਰੀ ਲੇਹਕਾ ਨੇ ਸਪੇਨ ਦੇ ਪਾਬਲੋ ਕੈਰੇਨੋ ਬੁਸਟਾ ਨੂੰ 6-1, 7-6(5), 4-6, 6-2 ਨਾਲ ਹਰਾਇਆ, ਜਦਕਿ ਯੂਕਰੇਨ ਦੀ ਮਾਰਟਾ ਕੋਸਤਯੁਕ ਨੇ ਆਸਟਰੇਲੀਆ ਦੀ ਸਟੌਰਮ ਹੰਟਰ ਨੂੰ 6-4, 6-1 ਨਾਲ ਹਰਾਇਆ। ਹੁਣ ਅਗਲੇ ਦੌਰ ’ਚ ਉਸ ਦਾ ਸਾਹਮਣਾ ਆਪਣੀ ਦੇਸ਼ ਦੀ ਖਿਡਾਰਨ ਏਲੀਨਾ ਸਵਿਤੋਲਿਨਾ ਨਾਲ ਹੋਵੇਗਾ, ਜਿਸ ਨੇ ਸੋਲਾਨਾ ਸਿਏਰਾ ਨੂੰ 6-1, 6-2 ਨਾਲ ਹਰਾਇਆ।