ਏਸ਼ੀਆਈ ਖੇਡਾਂ 'ਚ ਸਹੂਲਤਾਂ ਦੀ ਘਾਟ 'ਤੇ ACC ਮੀਟਿੰਗ 'ਚ ਨਾਰਾਜ਼ਗੀ, BCCI ਨਹੀਂ ਭੇਜੇਗਾ 'B' ਟੀਮ
ਏਸੀਸੀ ਦੀ ਮੀਟਿੰਗ ’ਚ ਸ਼ਾਮਲ ਹੋਏ ਇੱਕ ਮੈਂਬਰ ਨੇ ਕਿਹਾ ਕਿ ਕੋਈ ਵੀ ਬੋਰਡ ਆਪਣੀ ਟੀਮ ’ਚ ਬਦਲਾਅ ਨਹੀਂ ਕਰੇਗਾ। ਬੀਸੀਸੀਆਈ ਨੇ ਵੀ ਬੀ ਟੀਮ ਭੇਜਣ ਨੂੰ ਲੈ ਕੇ ਮੀਟਿੰਗ ’ਚ ਕੁਝ ਨਹੀਂ ਕਿਹਾ, ਜੇਕਰ ਟੀਮ ’ਚ ਸ਼ਾਮਲ ਕਿਸੇ ਖਿਡਾਰੀ ਦੇ ਫਿਟਨੈੱਸ ਨਾਲ ਜੁੜੇ ਕਾਰਨਾਂ ਕਰ ਕੇ ਬਾਹਰ ਹੋਣ ਦੀ ਸਥਿਤੀ ਹੁੰਦੀ ਹੈ
Publish Date: Tue, 01 Sep 2026 11:03 AM (IST)
Updated Date: Tue, 01 Sep 2026 11:06 AM (IST)
ਅਭਿਸ਼ੇਕ ਤ੍ਰਿਪਾਠੀ, ਜਾਗਰਣ, ਨਵੀਂ ਦਿੱਲੀ : ਅਗਲੇ ਮਹੀਨੇ ਜਾਪਾਨ ਦੇ ਏਚੀ-ਨਾਗੋਆ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਚ ਕ੍ਰਿਕਟ ਦੇ ਸੰਗਠਨ ’ਚ ਬੇਨਿਯਮੀਆਂ ਦੇ ਬਾਵਜੂਦ 'ਬੀ ਟੀਮ' ਭੇਜਣ ਦੀ ਬੀਸੀਸੀਆਈ ਜਾਂ ਕਿਸੇ ਹੋਰ ਦੇਸ਼ ਦੀ ਕੋਈ ਯੋਜਨਾ ਨਹੀਂ ਹੈ। ਦਾਅਵਾ ਕੀਤਾ ਗਿਆ ਸੀ ਕਿ ਜਾਪਾਨ ’ਚ ਖ਼ਰਾਬ ਪ੍ਰਬੰਧਾਂ ਦੇ ਮੱਦੇਨਜ਼ਰ ਬੀਸੀਸੀਆਈ ਏਸ਼ੀਆਈ ਖੇਡਾਂ ’ਚ ਆਪਣੀ ਦੂਜੇ ਦਰਜੇ ਦੀ ਟੀਮ ਭੇਜ ਸਕਦਾ ਹੈ। ਹਾਲਾਂਕਿ ਹਾਲ ਹੀ ’ਚ ਹੋਈ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਦੀ ਬੈਠਕ 'ਚ ਅਜਿਹਾ ਕੋਈ ਫੈਸਲਾ ਨਹੀਂ ਲਿਆ ਗਿਆ ਤੇ ਨਾ ਹੀ ਲਿਆ ਜਾ ਸਕਦਾ ਹੈ। ਬੈਠਕ 'ਚ ਸਿਰਫ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਤਮੀਮ ਇਕਬਾਲ ਨੇ ਜਾਪਾਨ ’ਚ ਮੌਜੂਦਾ ਪ੍ਰਬੰਧਾਂ ਨੂੰ ਦੇਖਦੇ ਹੋਏ ਬੀ ਟੀਮ ਭੇਜਣ ਦੀ ਗੱਲ ਕੀਤੀ ਸੀ। ਬੀਸੀਸੀਆਈ ਸਮੇਤ ਕਿਸੇ ਹੋਰ ਮੈਂਬਰ ਬੋਰਡ ਨੇ ਇਸ ਮੁੱਦੇ ’ਤੇ ਅਜਿਹੀ ਕੋਈ ਰਾਏ ਨਹੀਂ ਜਤਾਈ ਤੇ ਨਾ ਹੀ ਇਸ ਦਾ ਸਮਰਥਨ ਕੀਤਾ ਹੈ।
ਏਸੀਸੀ ਦੀ ਮੀਟਿੰਗ ’ਚ ਸ਼ਾਮਲ ਹੋਏ ਇੱਕ ਮੈਂਬਰ ਨੇ ਕਿਹਾ ਕਿ ਕੋਈ ਵੀ ਬੋਰਡ ਆਪਣੀ ਟੀਮ ’ਚ ਬਦਲਾਅ ਨਹੀਂ ਕਰੇਗਾ। ਬੀਸੀਸੀਆਈ ਨੇ ਵੀ ਬੀ ਟੀਮ ਭੇਜਣ ਨੂੰ ਲੈ ਕੇ ਮੀਟਿੰਗ ’ਚ ਕੁਝ ਨਹੀਂ ਕਿਹਾ, ਜੇਕਰ ਟੀਮ ’ਚ ਸ਼ਾਮਲ ਕਿਸੇ ਖਿਡਾਰੀ ਦੇ ਫਿਟਨੈੱਸ ਨਾਲ ਜੁੜੇ ਕਾਰਨਾਂ ਕਰ ਕੇ ਬਾਹਰ ਹੋਣ ਦੀ ਸਥਿਤੀ ਹੁੰਦੀ ਹੈ ਤਾਂ ਪਹਿਲਾਂ ਤੋਂ ਐਲਾਨੇ ਗਏ ਰਿਜ਼ਰਵ ਖਿਡਾਰੀਆਂ ’ਚੋਂ ਕਿਸੇ ਇਕ ਨੂੰ ਟੀਮ ’ਚ ਉਸ ਦੀ ਥਾਂ ’ਤੇ ਸ਼ਾਮਲ ਕੀਤਾ ਜਾਵੇਗਾ। ਦਰਅਸਲ, ਏਸ਼ੀਅਨ ਖੇਡਾਂ ਲਈ ਟੀਮਾਂ ਨੂੰ ਪਹਿਲਾਂ ਹੀ ਰਿਜ਼ਰਵ ਖਿਡਾਰੀਆਂ ਦੇ ਨਾਂ ਦੇਣੇ ਪੈਂਦੇ ਹਨ। ਇਸ ਲਈ ਜੇਕਰ ਕੋਈ ਖਿਡਾਰੀ ਉਪਲਬਧ ਨਹੀਂ ਹੁੰਦਾ ਤਾਂ ਨਵਾਂ ਨਾਂ ਜੋੜਨ ਦੀ ਬਜਾਏ ਉਸੇ ਰਿਜ਼ਰਵ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਂਦਾ ਹੈ। ਅਜਿਹੀ ਸਥਿਤੀ ’ਚ ਬੀਸੀਸੀਆਈ ਜਾਂ ਕਿਸੇ ਹੋਰ ਏਸ਼ਿਆਈ ਬੋਰਡ ਕੋਲ ‘ਬੀ ਟੀਮ’ ਭੇਜਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਏਸੀਸੀ ਦੀ ਮੀਟਿੰਗ ’ਚ ਮੁੱਖ ਚਰਚਾ ਜਾਪਾਨ ’ਚ ਕ੍ਰਿਕਟ ਮੈਚਾਂ ਲਈ ਪ੍ਰਬੰਧਾਂ ਤੇ ਸਹੂਲਤਾਂ ਬਾਰੇ ਸੀ। ਏਸੀਸੀ ਦੇ ਚੇਅਰਮੈਨ ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਸਾਰੇ ਟੈਸਟ ਖੇਡਣ ਵਾਲੇ ਦੇਸ਼ਾਂ ਨੂੰ ਕਿਹਾ ਹੈ ਕਿ ਉਹ ਆਪਣੇ ਨੁਮਾਇੰਦਿਆਂ ਨੂੰ ਜਾਪਾਨ ਭੇਜਣ ਲਈ ਉੱਥੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ। ਏਸੀਸੀ ਨੇ ਆਪਣਾ ਇੱਕ ਪ੍ਰਤੀਨਿਧੀ ਜਾਪਾਨ ਵੀ ਭੇਜਿਆ ਹੈ।
ਸਭ ਤੋਂ ਵੱਡੀ ਚਿੰਤਾ ਉਸ ਮੈਦਾਨ ਨੂੰ ਲੈ ਕੇ ਹੈ ਜਿੱਥੇ ਮੈਚ ਖੇਡੇ ਜਾਣੇ ਹਨ। ਸਟੇਡੀਅਮ ’ਚ ਸਿਰਫ਼ 300 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਅਜਿਹੇ ’ਚ ਸਮਾਗਮ ਦੀਆਂ ਤਿਆਰੀਆਂ, ਦਰਸ਼ਕਾਂ ਦੀ ਸਹੂਲਤ ਤੇ ਕ੍ਰਿਕਟ ਮੈਚਾਂ ਦੇ ਆਯੋਜਨ ’ਤੇ ਸਵਾਲ ਉੱਠ ਰਹੇ ਹਨ। ਉੱਥੇ ਡ੍ਰੈਸਿੰਗ ਰੂਮ ਤੇ ਟੈਂਟਾਂ 'ਚ ਮੌਜੂਦ ਸੁਵਿਧਾਵਾਂ ’ਤੇ ਸਵਾਲ ਉਠਾਏ ਗਏ ਹਨ। ਕ੍ਰਿਕਟ ਬੋਰਡ ਖਾਸ ਤੌਰ ’ਤੇ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਕੀ ਮਹਿਲਾ ਟੀਮਾਂ ਟੈਂਟ ’ਚ ਸਮਾਂ ਬਿਤਾਉਣਗੀਆਂ। ਇਸ ’ਤੇ ਬੀਸੀਸੀਆਈ ਨੇ ਚਿੰਤਾ ਪ੍ਰਗਟਾਈ ਹੈ, ਜਿਸ ਗਰਾਊਂਡ ’ਚ ਕ੍ਰਿਕਟ ਮੈਚ ਖੇਡੇ ਜਾਣੇ ਹਨ, ਦਾ ਮੁੱਖ ਪ੍ਰਵੇਸ਼ ਦੁਆਰ ਬੰਦ ਕਰ ਦਿੱਤਾ ਗਿਆ ਹੈ ਤੇ ਉਸ ਦੇ ਬਾਹਰ ਨੋਟਿਸ ਲਾ ਦਿੱਤਾ ਗਿਆ ਹੈ ਕਿ ਸਿਰਫ਼ ਸਰਕਾਰੀ ਵਿਅਕਤੀਆਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਹੈ। ਫਿਲਹਾਲ ਸਟੇਡੀਅਮ ’ਚ ਉਸਾਰੀ ਦਾ ਕੰਮ ਚੱਲ ਰਿਹਾ ਹੈ ਤੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਏਸ਼ੀਆਈ ਖੇਡਾਂ ’ਚ ਮਹਿਲਾ ਕ੍ਰਿਕਟ ਮੁਕਾਬਲੇ 17 ਤੋਂ 22 ਸਤੰਬਰ ਤੱਕ ਤੇ ਪੁਰਸ਼ਾਂ ਦੇ ਕ੍ਰਿਕਟ ਮੁਕਾਬਲੇ 24 ਸਤੰਬਰ ਤੋਂ 3 ਅਕਤੂਬਰ ਤੱਕ ਖੇਡਿਆ ਜਾਵੇਗਾ। ਏਸੀਸੀ ਜਾਪਾਨ ’ਚ ਖਿਡਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੋਂ ਸੰਤੁਸ਼ਟ ਨਹੀਂ ਹੈ। ਡਰੈਸਿੰਗ ਰੂਮ ਟੈਂਟਾਂ ’ਚ ਬਣਾਏ ਗਏ ਹਨ ਤੇ ਪਖਾਨੇ ਇਨ੍ਹਾਂ ਟੈਂਟਾਂ ਤੋਂ ਲਗਭਗ 500 ਮੀਟਰ ਦੂਰ ਹਨ। ਇਸ ਨਾਲ ਖਿਡਾਰੀਆਂ ਲਈ ਅਸਹਿਜ ਸਥਿਤੀ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਹੋਟਲ ਦੇ ਕਮਰੇ ਵੀ ਬਹੁਤ ਛੋਟੇ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।