ਹਰਮਨਪ੍ਰੀਤ ਸਿੰਘ ਤੇ ਦਿਲਪ੍ਰੀਤ ਸਿੰਘ ਦੇ ਗੋਲਾਂ ਦੇ ਬਾਵਜੂਦ ਇੰਗਲੈਂਡ ਨੇ ਦੂਜੇ ਹਾਫ 'ਚ ਕੀਤੀ ਸ਼ਾਨਦਾਰ ਵਾਪਸੀ
ਭਾਰਤੀ ਮਰਦ ਹਾਕੀ ਟੀਮ ਨੂੰ ਸੋਮਵਾਰ ਨੂੰ ਹਾਕੀ ਵਿਸ਼ਵ ਕੱਪ ਦੇ ਆਪਣੇ ਦੂਜੇ ਪੂਲ ਮੁਕਾਬਲੇ ’ਚ ਇੰਗਲੈਂਡ ਹੱਥੋਂ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉੱਚ ਰੈਂਕਿੰਗ ਵਾਲੀ ਇੰਗਲੈਂਡ ਨੇ ਦੂਜੇ ਹਾਫ ’ਚ ਤਿੰਨ ਗੋਲ ਕਰ ਕੇ ਭਾਰਤ ਤੋਂ ਜਿੱਤ ਖੋਹ ਲਈ।
Publish Date: Tue, 18 Aug 2026 11:14 AM (IST)
Updated Date: Tue, 18 Aug 2026 11:18 AM (IST)
ਐਮਸਟੈਲਵੀਨ (ਪੀਟੀਆਈ) : ਭਾਰਤੀ ਮਰਦ ਹਾਕੀ ਟੀਮ ਨੂੰ ਸੋਮਵਾਰ ਨੂੰ ਹਾਕੀ ਵਿਸ਼ਵ ਕੱਪ ਦੇ ਆਪਣੇ ਦੂਜੇ ਪੂਲ ਮੁਕਾਬਲੇ ’ਚ ਇੰਗਲੈਂਡ ਹੱਥੋਂ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉੱਚ ਰੈਂਕਿੰਗ ਵਾਲੀ ਇੰਗਲੈਂਡ ਨੇ ਦੂਜੇ ਹਾਫ ’ਚ ਤਿੰਨ ਗੋਲ ਕਰ ਕੇ ਭਾਰਤ ਤੋਂ ਜਿੱਤ ਖੋਹ ਲਈ।
ਨਿਕੋਲਸ ਬੈਂਡੂਰਾਕ ਨੇ 13ਵੇਂ ਮਿੰਟ ’ਚ ਗੋਲ ਕਰ ਕੇ ਇੰਗਲੈਂਡ ਨੂੰ ਬੜ੍ਹਤ ਦਿਵਾਈ। ਹਾਲਾਂਕਿ, ਭਾਰਤ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਕਪਤਾਨ ਹਰਮਨਪ੍ਰੀਤ ਸਿੰਘ ਦੇ 16ਵੇਂ ਮਿੰਟ ਤੇ ਦਿਲਪ੍ਰੀਤ ਸਿੰਘ ਦੇ 24ਵੇਂ ਮਿੰਟ ’ਚ ਕੀਤੇ ਗਏ ਗੋਲਾਂ ਦੀ ਬਦੌਲਤ ਪੂਲ ਡੀ ਦੇ ਮੁਕਾਬਲੇ ’ਚ 2-1 ਦੀ ਬੜ੍ਹਤ ਬਣਾ ਲਈ ਪਰ ਦੂਜੇ ਹਾਫ ’ਚ ਇੰਗਲੈਂਡ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸਟੂਅਰਟ ਰਸ਼ਮੇਅਰ ਨੇ 38ਵੇਂ ਮਿੰਟ ’ਚ ਗੋਲ ਕਰ ਕੇ ਸਕੋਰ 2-2 ਕਰ ਦਿੱਤਾ, ਜਦਕਿ ਹੈਨਰੀ ਕ੍ਰਾਫਟ ਨੇ 42ਵੇਂ ਮਿੰਟ ’ਚ ਗੋਲ ਕਰ ਕੇ ਇੰਗਲੈ2ਡ ਨੂੰ ਫਿਰ ਬੜ੍ਹਤ ਦਿਵਾ ਦਿੱਤੀ। ਇਸ ਤੋਂ ਬਾਅਦ ਬੈਂਡੂਰਾਕ ਨੇ 54ਵੇਂ ਮਿੰਟ ’ਚ ਆਪਣਾ ਦੂਜਾ ਗੋਲ ਕਰਦੇ ਹੋਏ ਇੰਗਲੈਂਡ ਦੀ ਜਿੱਤ 4-2 ਨਾਲ ਯਕੀਨੀ ਕਰ ਦਿੱਤੀ। ਦੋ ਮੈਚਾਂ ’ਚ ਤਿੰਨ ਅੰਕਾਂ ਨਾਲ ਭਾਰਤ ਨੂੰ ਹੁਣ ਬੁੱਧਵਾਰ ਨੂੰ ਆਪਣੇ ਆਖਰੀ ਪੂਲ ਮੁਕਾਬਲੇ ’ਚ ਪਾਕਿਸਤਾਨ ਵਿਰੁੱਧ ਜਿੱਤ ਜਾਂ ਡਰਾਅ ਹਾਸਲ ਕਰਨਾ ਹੋਵੇਗਾ ਤਾਂ ਹੀ ਉਹ ਦੂਜੇ ਦੌਰ ਲਈ ਕੁਆਲੀਫਾਈ ਕਰ ਸਕੇਗਾ। ਪਾਕਿਸਤਾਨ ਦੇ ਦੋ ਮੈਚਾਂ ’ਚ ਇਕ ਅੰਕ ਹੈ। ਹਾਲਾਂਕਿ, ਪਾਕਿਸਤਾਨ ਵਿਰੁੱਧ ਹਾਰ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦੇਵੇਗੀ। ਭਾਰਤ ਨੇ ਸ਼ਨਿਚਰਵਾਰ ਨੂੰ ਆਪਣੀ ਮੁਹਿੰਮ ਦੇ ਪਹਿਲੇ ਮੁਕਾਬਲੇ ’ਚ ਵੇਲਸ ਨੂੰ 3-1 ਨਾਲ ਹਰਾਇਆ ਸੀ।