ਚੈਂਪੀਅਨਜ਼ ਲੀਗ : ਲਾਮਿਨੇ ਯਮਾਲ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬਾਰਸੀਲੋਨਾ ਨੇ ਗਲਾਟਸਰਾਏ ਨੂੰ 4-1 ਨਾਲ ਹਰਾਇਆ
ਤੁਰਕੀ ’ਚ ਸ਼ੁਰੂਆਤੀ ਪੱਛੜਣ ਤੋਂ ਸ਼ਾਨਦਾਰ ਵਾਪਸੀ ਕਰਦਿਆਂ ਬਾਰਸੀਲੋਨਾ ਨੇ ਇਸ ਸੀਜ਼ਨ ਦੀ ਦਸਵੀਂ ਜਿੱਤ ਦਰਜ ਕੀਤੀ। ਇਸ ਸੀਜ਼ਨ ’ਚ ਬਾਰਸੀਲੋਨਾ ਨੂੰ ਹਾਲੇ ਤੱਕ ਇਕ ਵੀ ਹਾਰ ਨਹੀਂ ਮਿਲੀ। ਗਲਾਟਸਰਾਏ ਲਈ ਅਲੈਕਸੀ ਬਟ੍ਰਾਕੋਵ ਨੇ 28ਵੇਂ ਮਿੰਟ ’ਚ ਗੋਲ ਕੀਤਾ
Publish Date: Thu, 15 Oct 2026 11:12 AM (IST)
Updated Date: Thu, 15 Oct 2026 11:23 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਨੌਜਵਾਨ ਫਾਰਵਰਡ ਲਾਮਿਨੇ ਯਮਾਲ ਦੇ ਦੋ ਅਸਿਸਟਾਂ ਦੀ ਬਦੌਲਤ ਬਾਰਸੀਲੋਨਾ ਨੇ ਤੁਰਕੀ ਦੇ ਕਲੱਬ ਗਲਾਟਸਰਾਏ ਨੂੰ 4-1 ਨਾਲ ਹਰਾ ਕੇ ਚੈਂਪੀਅਨਜ਼ ਲੀਗ ’ਚ ਇਕ ਹੋਰ ਜਿੱਤ ਦਰਜ ਕੀਤੀ। ਮੰਗਲਵਾਰ ਰਾਤ ਹੋਏ ਹੋਰ ਮੁਕਾਬਲਿਆਂ ’ਚ ਜਰਮਨੀ ਦੇ ਬਾਇਰਨ ਮਿਊਨਿਖ ਨੂੰ ਨਾਰਵੇ ਦੇ ਵਾਈਕਿੰਗ ਨੇ 3-3 ਦੀ ਬਰਾਬਰੀ ’ਤੇ ਰੋਕਿਆ, ਜਦਕਿ ਆਰਸਨਲ ਨੇ ਫ੍ਰੈਂਸ ਦੇ ਕਲੱਬ ਲੀਲ ਨੂੰ 3-0 ਨਾਲ ਹਰਾਇਆ। ਮੈਨਚੈਸਟਰ ਯੂਨਾਈਟਿਡ ਦੀ ਮਾੜੀ ਲੈਅ ਜਾਰੀ ਰਹੀ ਤੇ ਉਸ ਨੂੰ ਐਟਲੇਟਿਕੋ ਮੈਡਰਿਡ ਹੱਥੋਂ 2-0 ਨਾਲ ਹਾਰ ਮਿਲੀ। ਉੱਧਰ, ਇਟਲੀ ਦੇ ਇੰਟਰ ਨੂੰ ਬੈਲਜੀਅਮ ਦੇ ਕਲੱਬ ਬਰੁੱਗੇ ਨੇ 4-3 ਨਾਲ ਹਰਾਇਆ। ਇਕ ਹੋਰ ਇਟੈਲੀਅਨ ਕਲੱਬ ਨਾਪੋਲੀ ਨੂੰ ਸਪੇਨ ਦੇ ਵਿਲਾਰਿਆਲ ਨੇ 3-1 ਨਾਲ ਮਾਤ ਦਿੱਤੀ।
ਤੁਰਕੀ ’ਚ ਸ਼ੁਰੂਆਤੀ ਪੱਛੜਣ ਤੋਂ ਸ਼ਾਨਦਾਰ ਵਾਪਸੀ ਕਰਦਿਆਂ ਬਾਰਸੀਲੋਨਾ ਨੇ ਇਸ ਸੀਜ਼ਨ ਦੀ ਦਸਵੀਂ ਜਿੱਤ ਦਰਜ ਕੀਤੀ। ਇਸ ਸੀਜ਼ਨ ’ਚ ਬਾਰਸੀਲੋਨਾ ਨੂੰ ਹਾਲੇ ਤੱਕ ਇਕ ਵੀ ਹਾਰ ਨਹੀਂ ਮਿਲੀ। ਗਲਾਟਸਰਾਏ ਲਈ ਅਲੈਕਸੀ ਬਟ੍ਰਾਕੋਵ ਨੇ 28ਵੇਂ ਮਿੰਟ ’ਚ ਗੋਲ ਕੀਤਾ, ਜਦਕਿ ਬਾਰਸੀਲੋਨਾ ਵੱਲੋਂ ਜੋਆਓ ਕਾਂਸੇਲੋ (43ਵੇਂ ਮਿੰਟ), ਫਰਮੀਨ ਲੋਪੇਜ਼ (50ਵੇਂ), ਐਂਥਨੀ ਗੋਰਡਨ (53ਵੇਂ) ਤੇ ਕਰੀਮ ਅਦੇਯੇਮੀ (65ਵੇਂ) ਨੇ ਗੋਲ ਕੀਤੇ।
ਨਾਰਵੇ ’ਚ ਖੇਡੇ ਗਏ ਮੈਚ ਦੌਰਾਨ ਮਾਈਕਲ ਓਲੀਸੇ ਨੂੰ ਲਾਲ ਕਾਰਡ ਮਿਲਣ ਨਾਲ ਵਾਈਕਿੰਗ ਨੂੰ ਫਾਇਦਾ ਹੋਇਆ। ਟੀਮ ਨੇ 1992 ਤੋਂ ਬਾਅਦ ਆਪਣੇ ਘਰੇਲੂ ਮੈਦਾਨ ’ਤੇ ਹੋਏ ਪਹਿਲੇ ਚੈਂਪੀਅਨਜ਼ ਲੀਗ ਮੈਚ ’ਚ ਇਕ ਅੰਕ ਹਾਸਲ ਕੀਤਾ। ਮੈਚ ਦੇ ਪਹਿਲੇ ਹਾਫ਼ ’ਚ 2-0 ਨਾਲ ਅੱਗੇ ਨਿਕਲਣ ਮਗਰੋਂ ਵਾਈਕਿੰਗ ਨੂੰ ਹੈਰੀ ਕੇਨ (54ਵੇਂ ਤੇ 60ਵੇਂ ਮਿੰਟ) ਦੇ ਦੋ ਅਤੇ ਲੁਈਸ ਡਿਆਜ਼ (71ਵੇਂ ਮਿੰਟ) ਦੇ ਗੋਲ ਕਾਰਨ ਪੱਛੜਨਾ ਪਿਆ। ਮੈਚ ਦੇ 74ਵੇਂ ਮਿੰਟ ’ਚ ਓਲੀਸੇ ਨੂੰ ਪੀਲਾ ਕਾਰਡ ਮਿਲਿਆ। ਰੈਫਰੀ ਵੱਲੋਂ ਕਾਰਡ ਦਿਖਾਏ ਜਾਣ ਸਮੇਂ ਉਸ ਨੇ ਗੇਂਦ ਵਿਰੋਧੀ ਖਿਡਾਰੀ ਵੱਲ ਮਾਰ ਦਿੱਤੀ, ਜਿਸ ਕਾਰਨ ਰੈਫਰੀ ਨੇ ਤੁਰੰਤ ਦੂਜਾ ਪੀਲਾ ਕਾਰਡ ਦਿਖਾ ਕੇ ਉਸ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ।
ਨੌਜਵਾਨ ਜਰਮਨ ਸਟ੍ਰਾਈਕਰ ਨਿਕੋਲੋ ਟ੍ਰੇਸੋਲਡੀ ਦੀ ਹੈਟ੍ਰਿਕ ਦੀ ਬਦੌਲਤ ਕਲੱਬ ਬਰੁੱਗੇ ਨੇ ਇੰਟਰ ਵਿਰੁੱਧ 4-3 ਨਾਲ ਜਿੱਤ ਹਾਸਲ ਕੀਤੀ। ਇੰਟਰ ਵੱਲੋਂ ਸਟ੍ਰਾਈਕਰ ਲੌਟਾਰੋ ਮਾਰਟੀਨੇਜ਼ ਨੇ ਦੋ ਗੋਲ ਕੀਤੇ। ਮੈਚ ਤੋਂ ਬਾਅਦ ਬ੍ਰਾਡਕਾਸਟਰ ਨਾਲ ਗੱਲਬਾਤ ਕਰਦਿਆਂ ਟ੍ਰੇਸੋਲਡੀ ਨੇ ਕਿਹਾ, “ਇੱਥੇ ਖੇਡਣਾ ਬਚਪਨ ਤੋਂ ਮੇਰਾ ਸੁਪਨਾ ਸੀ। ਬਚਪਨ ’ਚ ਮੈਂ ਇੱਥੇ ਬੈਠ ਕੇ ਮਿਲਾਨ ਨੂੰ ਖੇਡਦਿਆਂ ਵੇਖਿਆ ਸੀ ਤੇ ਅੱਜ ਇੰਟਰ ਵਿਰੁੱਧ ਗੋਲ ਕੀਤਾ। ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ?”