ਯੂਐੱਸ ਓਪਨ 'ਚ ਜਿੱਤ ਤੋਂ ਬਾਅਦ ਕਾਰਲੋਸ ਅਲਕਰਾਜ ਦਾ ਵੱਡਾ ਝਟਕਾ, ਚੌਥੇ ਦੌਰ 'ਚ ਪਹੁੰਚ ਕੇ ਕਿਹਾ-ਟੈਨਿਸ ਤੋਂ ਲਵਾਂਗਾ ਲੰਬਾ ਬ੍ਰੇਕ
23 ਸਾਲਾ ਅਲਕਰਾਜ ਦਾ ਮੰਨਣਾ ਹੈ ਕਿ ਭਵਿੱਖ ’ਚ ਬ੍ਰੇਕ ਲੈਣ ਦਾ ਕਾਰਨ ਸਿਰਫ਼ ਸਰੀਰਕ ਥਕਾਵਟ ਹੀ ਨਹੀਂ, ਸਗੋਂ ਮਾਨਸਿਕ ਤਾਜ਼ਗੀ ਵੀ ਹੋਵੇਗੀ। ਉਸ ਨੇ ਕਿਹਾ ਕਿ ਉਹ ਅਜਿਹਾ ਖਿਡਾਰੀ ਨਹੀਂ ਹੈ ਜੋ ਬਹੁਤ ਸਾਰੇ ਟੂਰਨਾਮੈਂਟ ਖੇਡੇ ਤੇ ਉਸ ਲਈ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣਾ ਜ਼ਰੂਰੀ ਹੈ
Publish Date: Sun, 06 Sep 2026 11:25 AM (IST)
Updated Date: Sun, 06 Sep 2026 11:29 AM (IST)
ਨਿਊਯਾਰਕ, ਰਾਇਟਰ : ਗੁੱਟ ਦੀ ਸੱਟ ਤੋਂ ਉਭਰ ਕੇ 4 ਮਹੀਨੇ ਬਾਅਦ ਕੋਰਟ ’ਤੇ ਵਾਪਸੀ ਕਰਨ ਵਾਲੇ ਸਪੈਨਿਸ਼ ਸਟਾਰ ਕਾਰਲੋਸ ਅਲਕਰਾਜ ਨੇ ਯੂਐੱਸ ਓਪਨ 'ਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ। ਅਲਕਾਰਜ਼ ਨੇ ਸ਼ੁੱਕਰਵਾਰ ਦੇਰ ਰਾਤ ਖੇਡੇ ਗਏ ਮੈਚ ’ਚ ਚੀਨ ਦੇ ਵੂ ਯਿਬਿੰਗ ਨੂੰ ਸਿੱਧੇ ਸੈੱਟਾਂ 'ਚ 6-3, 6-4, 6-1 ਨਾਲ ਹਰਾ ਕੇ ਚੌਥੇ ਦੌਰ 'ਚ ਜਗ੍ਹਾ ਬਣਾਈ। ਜਿੱਤ ਤੋਂ ਬਾਅਦ ਅਲਕਰਾਜ ਨੇ ਆਪਣੇ ਭਵਿੱਖ ਦੀਆਂ ਯੋਜਨਾਵਾਂ ਦਾ ਖੁਲਾਸਾ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਅਲਕਰਾਜ ਨੇ ਕਿਹਾ ਕਿ ਵਾਪਸੀ ਤੋਂ ਬਾਅਦ ਉਸ ਦਾ ਸਰੀਰ ਉਮੀਦ ਨਾਲੋਂ ਬਿਹਤਰ ਮਹਿਸੂਸ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਹੁਣ ਉਹ ਭਵਿੱਖ ’ਚ ਟੈਨਿਸ ਤੋਂ ਲੰਬਾ ਬ੍ਰੇਕ ਲੈਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਉਹ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਤਿਆਰ ਹੋ ਕੇ ਗ੍ਰੈਂਡ ਸਲੈਮ ਤੇ ਵੱਡੇ ਟੂਰਨਾਮੈਂਟਾਂ ’ਚ ਪ੍ਰਵੇਸ਼ ਕਰ ਸਕੇ।
ਅਪ੍ਰੈਲ ’ਚ ਬਾਰਸੀਲੋਨਾ ਓਪਨ ਦੌਰਾਨ ਸੱਟ ਕਾਰਨ ਟੂਰਨਾਮੈਂਟ ਤੋਂ ਹਟਣ ਤੋਂ ਬਾਅਦ ਅਲਕਰਾਜ ਪਹਿਲੀ ਵਾਰ ਪ੍ਰਤੀਯੋਗੀ ਟੈਨਿਸ ’ਚ ਵਾਪਸੀ ਕੀਤੀ। ਯੂਐੱਸ ਓਪਨ ’ਚ ਹੁਣ ਤੱਕ ਉਸ ਦੀ ਵਾਪਸੀ ਬਹੁਤ ਪ੍ਰਭਾਵਸ਼ਾਲੀ ਰਹੀ ਹੈ। ਉਸ ਨੇ ਕਿਹਾ, ਅਜਿਹਾ ਲੱਗਾ ਜਿਵੇਂ ਮੈਂ ਪੂਰਾ ਸਮਾਂ ਖੇਡ ਰਿਹਾ ਸੀ। ਮੈਂ ਹਰ ਮੈਚ ਤੋਂ ਬਾਅਦ ਆਪਣੇ ਸਰੀਰ ਤੇ ਰਿਕਵਰੀ ਨੂੰ ਦੇਖ ਕੇ ਹੈਰਾਨ ਹਾਂ। ਜਿਸ ਤਰ੍ਹਾਂ ਮੈਂ ਹਰ ਮੈਚ ਤੋਂ ਬਾਅਦ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇਣ 'ਚ ਕਾਮਯਾਬ ਰਿਹਾ, ਉਸ ਤੋਂ ਮੈਂ ਬਹੁਤ ਖੁਸ਼ ਹਾਂ।
23 ਸਾਲਾ ਅਲਕਰਾਜ ਦਾ ਮੰਨਣਾ ਹੈ ਕਿ ਭਵਿੱਖ ’ਚ ਬ੍ਰੇਕ ਲੈਣ ਦਾ ਕਾਰਨ ਸਿਰਫ਼ ਸਰੀਰਕ ਥਕਾਵਟ ਹੀ ਨਹੀਂ, ਸਗੋਂ ਮਾਨਸਿਕ ਤਾਜ਼ਗੀ ਵੀ ਹੋਵੇਗੀ। ਉਸ ਨੇ ਕਿਹਾ ਕਿ ਉਹ ਅਜਿਹਾ ਖਿਡਾਰੀ ਨਹੀਂ ਹੈ ਜੋ ਬਹੁਤ ਸਾਰੇ ਟੂਰਨਾਮੈਂਟ ਖੇਡੇ ਤੇ ਉਸ ਲਈ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣਾ ਜ਼ਰੂਰੀ ਹੈ। ਪਿਛਲੇ ਸਾਲ ਉਸ ਨੇ 80 ਮੈਚ ਖੇਡੇ ਤੇ 22-3 ਦਾ ਰਿਕਾਰਡ ਬਣਾਇਆ ਸੀ। ਇਸ ਸਾਲ ਜ਼ਖਮੀ ਹੋਣ ਤੋਂ ਪਹਿਲਾਂ, ਉਸ ਨੇ ਆਸਟ੍ਰੇਲੀਅਨ ਓਪਨ ’ਚ ਆਪਣਾ ਸੱਤਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਸੀ। ਅਲਕਰਾਜ ਨੇ ਕਿਹਾ ਕਿ ਮੌਜੂਦਾ ਟੈਨਿਸ ਕੈਲੰਡਰ ’ਚ ਲਗਾਤਾਰ ਟੂਰਨਾਮੈਂਟ ਖੇਡਣ ਕਾਰਨ ਕਈ ਵਾਰ ਖਿਡਾਰੀ ਪੂਰੀ ਤਰ੍ਹਾਂ ਤਿਆਰ ਹੋ ਕੇ ਬਾਹਰ ਨਹੀਂ ਆ ਪਾਉਂਦੇ ਹਨ।
ਮੈਂ ਭਵਿੱਖ ’ਚ ਬ੍ਰੇਕ ਲੈਣਾ ਚਾਹੁੰਦਾ ਹਾਂ ਕਿਉਂਕਿ ਮੈਂ ਕਿਸੇ ਗ੍ਰੈਂਡ ਸਲੈਮ, ਮਾਸਟਰਜ਼ 1000 ਜਾਂ ਕਿਸੇ ਵੱਡੇ ਟੂਰਨਾਮੈਂਟ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਆਉਣਾ ਚਾਹੁੰਦਾ ਹਾਂ। ਉਸ ਦਾ ਕਹਿਣਾ ਹੈ ਕਿ ਉਹ ਕੋਰਟ 'ਤੇ ਖੁਸ਼ੀ ਤੇ ਮਸਤੀ ਬਰਕਰਾਰ ਰੱਖਣਾ ਚਾਹੁੰਦਾ ਹੈ ਤੇ ਕਈ ਵਾਰ ਟੈਨਿਸ ਤੇ ਟੂਰ ਨੂੰ ਮਿਸ ਕਰਨਾ ਪੈਂਦਾ ਹੈ। ਅਲਕਾਰਜ਼ ਦਾ ਅਗਲਾ ਮੁਕਾਬਲਾ ਯੂਐੱਸ ਓਪਨ ’ਚ ਅਮਰੀਕਾ ਦੇ 20ਵਾਂ ਦਰਜਾ ਪ੍ਰਾਪਤ ਟਾਮੀ ਪਾਲ ਨਾਲ ਹੋਵੇਗਾ। ਪਾਲ ਨੇ ਅਲੈਗਜ਼ੈਂਡਰ ਬੁਬਲਿਕ ਨੂੰ 6-4, 3-6, 6-7(4), 6-1, 6-3 ਨਾਲ ਹਰਾਇਆ।
ਸਿਤਸਿਪਾਸ ਤੇ ਸ਼ੈਲਟਨ ਵੀ ਅੱਗੇ ਪੁਰਸ਼ ਸਿੰਗਲਜ਼ ਦੇ ਹੋਰ ਮੈਚਾਂ ’ਚ 11ਵਾਂ ਦਰਜਾ ਪ੍ਰਾਪਤ ਫ੍ਰਾਂਸਿਸ ਟਿਆਫੋ ਨੇ ਵੈਲੇਨਟਿਨ ਵੈਸ਼ੇਰੋਟ ਨੂੰ 6-4, 6-2, 6-4 ਨਾਲ ਹਰਾਇਆ। ਸਟੀਫਾਨੋਸ ਸਿਤਸਿਪਾਸ ਨੇ ਜਿਰੀ ਲੇਹਕਾ ਨੂੰ 2-6, 6-1, 7-6(3), 6-1 ਨਾਲ ਹਰਾ ਕੇ ਆਪਣੀ ਸ਼ਾਨਦਾਰ ਵਾਪਸੀ ਜਾਰੀ ਰੱਖੀ। ਪਹਿਲੇ ਦੌਰ ’ਚ ਨੋਵਾਕ ਜੋਕੋਵਿਕ ਨੂੰ ਹਰਾ ਕੇ ਸਨਸਨੀ ਪੈਦਾ ਕਰਨ ਵਾਲੇ ਮਾਰੀਆਨੋ ਨੇਵੋਨ ਨੂੰ ਟਾਮਸ ਮਾਰਟਿਨ ਐਚਵੇਰੀ ਨੇ 6-4, 6-4, 6-3 ਨਾਲ ਹਰਾਇਆ। ਅਮਰੀਕੀ ਹੋਪ ਬੇਨ ਸ਼ੈਲਟਨ ਨੇ ਡੇਨਿਸ ਸ਼ਾਪੋਵਾਲੋਵ ਨੂੰ 7-6(3), 6-7(5), 6-3, 6-4 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਸਿਤਸਿਪਾਸ ਨਾਲ ਹੋਵੇਗਾ।