ਗੁਹਾਟੀ 'ਚ ਹੋਵੇਗੀ ਗੇਂਦਬਾਜ਼ਾਂ ਦੀ ਪ੍ਰੀਖਿਆ, ਵੈਸਟਇੰਡੀਜ਼ ਵਿਰੁੱਧ ਅਜੇਤੂ ਬੜ੍ਹਤ ਬਣਾਉਣ ਉਤਰੇਗੀ ਭਾਰਤੀ ਟੀਮ
ਜਸਪ੍ਰੀਤ ਬੁਮਰਾਹ ਏਸ਼ਿਆਈ ਖੇਡਾਂ ਦੀ ਡਿਊਟੀ ’ਤੇ ਹੈ ਤੇ ਹਾਰਦਿਕ ਪਾਂਡਿਆ ਨੂੰ ਹਾਲੇ ਫਿਟਨੈੱਸ ਮਨਜ਼ੂਰੀ ਨਹੀਂ ਮਿਲੀ। ਅਜਿਹੇ ’ਚ ਭਾਰਤ ਨੇ ਤਜਰਬੇਕਾਰ ਮੁਹੰਮਦ ਸਿਰਾਜ ਨੂੰ ਬਾਹਰ ਰੱਖ ਕੇ ਨਿਤੀਸ਼ ਕੁਮਾਰ ਰੈੱਡੀ ਨੂੰ ਨਵੀਂ ਗੇਂਦ ਸੌਂਪੀ। ਹਾਲਾਂਕਿ, ਇਹ ਐਕਸਪੈਰੀਮੈਂਟ ਪਹਿਲੇ ਮੈਚ ’ਚ ਸਫਲ ਨਹੀਂ ਰਿਹਾ।
Publish Date: Wed, 30 Sep 2026 11:34 AM (IST)
Updated Date: Wed, 30 Sep 2026 11:38 AM (IST)
ਗੁਹਾਟੀ (ਪੀਟੀਆਈ) : ਬੱਲੇਬਾਜ਼ੀ ’ਚ ਭਾਰਤ ਦੀ ਤਾਕਤ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ ਪਰ ਵੈਸਟਇੰਡੀਜ਼ ਵਿਰੁੱਧ ਬੁੱਧਵਾਰ ਨੂੰ ਹੋਣ ਵਾਲੇ ਦੂਜੇ ਵਨਡੇ ਤੋਂ ਪਹਿਲਾਂ ਤੇਜ਼ ਗੇਂਦਬਾਜ਼ੀ ਸੁਮੇਲ ਨੇ ਟੀਮ ਮੈਨੇਜਮੈਂਟ ਦੀ ਚਿੰਤਾ ਵਧਾ ਦਿੱਤੀ ਹੈ। ਤਿਰੂਵਨੰਤਪੁਰਮ ’ਚ ਪਹਿਲਾ ਮੁਕਾਬਲਾ ਛੇ ਵਿਕਟਾਂ ਨਾਲ ਜਿੱਤਣ ਤੋਂ ਬਾਅਦ ਭਾਰਤ ਤਿੰਨ ਮੈਚਾਂ ਦੀ ਸੀਰੀਜ਼ ’ਚ 1-0 ਨਾਲ ਅੱਗੇ ਹੈ ਤੇ ਹੁਣ ਉਸਦੀ ਨਜ਼ਰ ਅਜੇਤੂ ਬੜ੍ਹਤ ਵੱਲ ਰਹੇਗੀ। ਵਿਰਾਟ ਕੋਹਲੀ ਤੇ ਕਪਤਾਨ ਸ਼ੁਭਮਨ ਗਿੱਲ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ 296 ਦੌੜਾਂ ਦਾ ਟੀਚਾ 42 ਓਵਰਾਂ ਤੋਂ ਨਾਲ ਪਹਿਲਾਂ ਹੀ ਹਾਸਲ ਕਰ ਲਿਆ ਸੀ।
ਤੇਜ਼ ਗੇਂਦਬਾਜ਼ੀ ਬਣੀ ਚਿੰਤਾ ਜਸਪ੍ਰੀਤ ਬੁਮਰਾਹ ਏਸ਼ਿਆਈ ਖੇਡਾਂ ਦੀ ਡਿਊਟੀ ’ਤੇ ਹੈ ਤੇ ਹਾਰਦਿਕ ਪਾਂਡਿਆ ਨੂੰ ਹਾਲੇ ਫਿਟਨੈੱਸ ਮਨਜ਼ੂਰੀ ਨਹੀਂ ਮਿਲੀ। ਅਜਿਹੇ ’ਚ ਭਾਰਤ ਨੇ ਤਜਰਬੇਕਾਰ ਮੁਹੰਮਦ ਸਿਰਾਜ ਨੂੰ ਬਾਹਰ ਰੱਖ ਕੇ ਨਿਤੀਸ਼ ਕੁਮਾਰ ਰੈੱਡੀ ਨੂੰ ਨਵੀਂ ਗੇਂਦ ਸੌਂਪੀ। ਹਾਲਾਂਕਿ, ਇਹ ਐਕਸਪੈਰੀਮੈਂਟ ਪਹਿਲੇ ਮੈਚ ’ਚ ਸਫਲ ਨਹੀਂ ਰਿਹਾ। ਖੱਹਬੀ ਕੁਆਡ੍ਰੀਸੈਪਸ ਦੀ ਸੱਟ ਤੋਂ ਪਰਤਿਆ ਰੈੱਡੀ ਲੈਅ ਤੇ ਸਟੀਕਤਾ ਲਈ ਜੂਝਦਾ ਦਿਸਿਆ। ਉਸਨੇ ਨੋਬਾਲ ਕੀਤੀ, ਲੋੜ ਤੋਂ ਵੱਧ ਫੁੱਲ ਗੇਂਦਾਂ ਸੁੱਟੀਆਂ ਤੇ ਲੈੱਗ ਸਾਈਡ ’ਤੇ ਵੀ ਭਟਕਿਆ। ਉਸਦਾ ਇਕ ਓਵਰ ਸੱਤ ਗੇਂਦਾਂ ਦਾ ਹੋਇਆ, ਜਿਸ ਵਿਚ 18 ਦੌੜਾਂ ਖ਼ਰਚ ਹੋਈਆਂ। ਵੈਸਟਇੰਡੀਜ਼ ਦੇ ਜਸਟਿਸ ਗ੍ਰੀਵਸ ਨੇ ਇਸਦਾ ਫਾਇਦਾ ਲੈਂਦਿਆਂ 108 ਗੇਂਦਾਂ ’ਚ 101 ਦੌੜਾਂ ਦਾ ਪਹਿਲਾ ਵਨਡੇ ਸੈਂਕੜਾ ਲਗਾਇਆ। ਹੁਣ ਸਵਾਲ ਇਹ ਹੈ ਕਿ ਭਾਰਤ ਰੈੱਡੀ ਨੂੰ ਗੇਂਦਬਾਜ਼ੀ ’ਚ ਹੋਰ ਮੌਕੇ ਦੇਵੇਗਾ ਜਾਂ ਸਿਰਾਜ ਨੂੰ ਵਾਪਸ ਲਿਆਵੇਗਾ। ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਰੈੱਡੀ ਨੂੰ ਭਵਿੱਖ ਦੇ ਆਲਰਾਊਂਡਰ ਦੇ ਤੌਰ ’ਤੇ ਵਿਕਸਿਤ ਕਰਨ ਦੇ ਪੱਖ ’ਚ ਹੈ। ਉਸਦਾ ਮੰਨਣਾ ਹੈ ਕਿ ਉਸ ਵਿਚ ਇਸ ਭੂਮਿਕਾ ਲਈ ਪੂਰੀ ਸਮਰੱਥਾ ਹੈ।
ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਔਕਿਬ ਨਬੀ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ। ਸ੍ਰੀਲੰਕਾ ਟੈਸਟ ਸੀਰੀਜ਼ ਲਈ ਭਾਰਤੀ ਟੀਮ ’ਚ ਸ਼ਾਮਲ ਰਿਹਾ ਨਬੀ ਹਾਲੇ ਤੱਕ ਅੰਤਰਰਾਸ਼ਟਰੀ ਡੈਬਿਊ ਦੀ ਉਡੀਕ ਕਰ ਰਿਹਾ ਹੈ। ਉਥੇ ਹੀ, ਬੱਲੇਬਾਜ਼ੀ ਆਲਰਾਊਂਡਰ ਨਮਨ ਧੀਰ ਨੇ ਪਹਿਲੇ ਮੈਚ ’ਚ ਡੈਬਿਊ ਕੀਤਾ ਤੇ ਪੰਜ ਓਵਰਾਂ ’ਚ 33 ਦੌੜਾਂ ਦਿੱਤੀਆਂ।
ਕੋਹਲੀ ’ਤੇ ਮੁੜ ਨਜ਼ਰਾਂ ਭਾਰਤ ਲਈ ਸਭ ਤੋਂ ਵੱਡੀ ਰਾਹਤ ਉਸਦਾ ਸਿਖ਼ਰਲਾ ਕ੍ਰਮ ਹੈ। ਕੋਹਲੀ ਦੀ ਸ਼ਾਨਦਾਰ ਫਾਰਮ ਨਾਲ ਗਿੱਲ ਨੇ ਵੀ ਸੈਂਕੜਾ ਲਗਾਇਆ। ਕੋਹਲੀ ਦਾ ਮੌਜੂਦਾ ਪ੍ਰਦਰਸ਼ਨ 2027 ਵਿਸ਼ਵ ਕੱਪ ਦੀਆਂ ਤਿਆਰੀਆਂ ਵਿਚਾਲੇ ਟੀਮ ਲਈ ਅਹਿਮ ਹੈ। ਦੂਜੇ ਪਾਸੇ, ਵੈਸਟਇੰਡੀਜ਼ ਲਈ ਇਹ ਮੁਕਾਬਲਾ ਕਰੋ ਜਾਂ ਮਰੋ ਵਾਲਾ ਹੈ। ਉਸ ਨੂੰ ਸੀਰੀਜ਼ ’ਚ ਬਣੇ ਰਹਿਣ ਲਈ ਜਿੱਤ ਜ਼ਰੂਰੀ ਹੈ। ਸ਼ਾਈ ਹੋਪ ਦੀ ਟੀਮ ਨੂੰ ਫੀਲਡਿੰਗ ’ਚ ਵੀ ਸੁਧਾਰ ਕਰਨਾ ਹੋਵੇਗਾ ਕਿਉਂਕਿ ਪਹਿਲੇ ਵਨਡੇ ’ਚ ਕਈ ਮੌਕੇ ਗੁਆਏ ਗਏ ਸਨ। ਵੈਸਟਇੰਡੀਜ਼ ਨੇ ਆਖਰੀ ਵਾਰ 2002 ’ਚ ਭਾਰਤ ਖ਼ਿਲਾਫ਼ ਵਨਡੇ ਖ਼ਿਲਾਫ਼ ਸੀਰੀਜ਼ ਜਿੱਤੀ ਸੀ। ਇਸ ਤੋਂ ਇਲਾਵਾ ਟੀਮ ਨੂੰ ਅਗਲੇ ਸਾਲ ਫਰਵਰੀ ’ਚ ਵਿਸ਼ਵ ਕੱਪ ਕੁਆਲੀਫਾਇਰ ਖੇਡਣਾ ਹੈ, ਇਸ ਲਈ ਇਹ ਦੌਰਾ ਉਸਦੇ ਲਈ ਟੀਮ ਸੁਮੇਲ ਤੇ ਆਤਮਵਿਸ਼ਵਾਸ ਤਿਆਰ ਕਰਨ ਦਾ ਅਹਿਮ ਮੌਕਾ ਹੈ।
ਇਸ ਤਰ੍ਹਾਂ ਹਨ ਟੀਮਾਂ ਭਾਰਤ : ਸੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰੁਤੂਰਾਜ ਗਾਇਕਵਾੜ, ਕੇਐੱਲ ਰਾਹੁਲ, ਧਰੁਵ ਜੁਰੈਲ, ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਪ੍ਰਸਿੱਧ ਕ੍ਰਿਸ਼ਣਾ, ਗੁਰਨੂਰ ਬਰਾੜ, ਮੁਹੰਮਦ ਸਿਰਾਜ, ਆਕਿਬ ਨਬੀ, ਯਸ਼ਸਵੀ ਜਾਇਸਵਾਲ, ਨਮਨ ਧੀਰ।
ਵੈਸਟਇੰਡੀਜ਼ : ਸ਼ਾਈ ਹੋਪ (ਕਪਤਾਨ), ਜਵੈਲ ਐਂਡਰਿਊ, ਜਾਨ ਕੈਂਪਬੇਲ, ਕੇਸੀ ਕਾਰਟੀ, ਰੋਸਟਨ ਚੈੱਸ, ਮੈਥਿਊ ਫੋਰਡੇ, ਜਸਟਿਸ ਗ੍ਰੀਵਸ, ਆਮਿਰ ਜਾਂਗੂ, ਅਲਜ਼ਾਰੀ ਜੋਸੇਫ, ਸ਼ਮਾਰ ਜੋਸੇਫ, ਵਿਟੇਲ ਲਾਵੇਸ, ਗੁਡਾਕੇਸ਼• ਮੋਤੀ, ਕੀਮੋ ਪਾਲ, ਸ਼ੈਰਫਾਨ ਰਦਰਫੋਰਡ, ਜੇਡਨ ਸੀਲਸ।