ਯੂਐੱਸ ਓਪਨ 'ਚ ਵੱਡਾ ਉਲਟਫੇਰ : ਚੱਕਰ ਆਉਣ ਕਾਰਨ ਮੈਚ ਵਿਚਾਲੇ ਹਾਰੇ ਫੈਲਿਕਸ, ਜ਼ਵੇਰੇਵ ਨੇ ਮੁਸ਼ਕਲ ਨਾਲ ਦਰਜ ਕੀਤੀ ਜਿੱਤ
ਪਿਛਲੇ ਸਾਲ ਸੈਮੀਫਾਈਨਲ ਤੱਕ ਪਹੁੰਚੇ ਫੈਲਿਕਸ ਆਗਰ-ਐਲਿਆਸਿਮ ਨੇ ਪਹਿਲਾ ਸੈੱਟ ਤਾਂ ਜਿੱਤ ਲਿਆ ਪਰ ਮੈਚ ਵਿਚਾਲੇ ਚੱਕਰ ਆਉਣ ਕਾਰਨ ਕਰੇਨ ਖਾਚਾਨੋਵ ਤੋਂ 6-7(5), 6-3, 6-2, 6-2 ਨਾਲ ਹਾਰ ਗਿਆ। ਮੈਚ ਤੋਂ ਬਾਅਦ ਫੈਲਿਕਸ ਨੇ ਕਿਹਾ ਕਿ ਡੇਢ ਸੈੱਟ ਤੋਂ ਬਾਅਦ ਮੈਨੂੰ ਠੀਕ ਨਹੀਂ ਲੱਗ ਰਿਹਾ ਸੀ
Publish Date: Sat, 05 Sep 2026 11:35 AM (IST)
Updated Date: Sat, 05 Sep 2026 11:38 AM (IST)
ਨਿਊਯਾਰਕ (ਰਾਇਟਰ) : ਯੂਐੱਸ ਓਪਨ ’ਚ ਵੀਰਵਾਰ ਨੂੰ ਜਰਮਨੀ ਦੇ ਅਲੈਕਜ਼ੈਂਡਰ ਜ਼ਵੇਰੇਵ ਨੂੰ ਲਗਾਤਾਰ ਦੂਜੇ ਮੈਚ ’ਚ ਸਖ਼ਤ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਸਿਖਰਲਾ ਦਰਜਾ ਹਾਸਲ ਜ਼ਵੇਰੇਵ ਨੇ ਆਖਿਰਕਾਰ ਫਰਾਂਸ ਦੇ ਕਵੈਂਟਿਨ ਹੈਲਿਸ ਨੂੰ ਹਰਾ ਕੇ ਤੀਜੇ ਦੌਰ ’ਚ ਥਾਂ ਬਣਾਈ। ਇਸ ਦਿਨ ਦੇ ਹੋਰ ਅਹਿਮ ਮੁਕਾਬਲਿਆਂ ’ਚ ਮੈਡੀਸਨ ਕੀਜ਼, ਨਾਓਮੀ ਓਸਾਕਾ ਤੇ ਕੋਕੋ ਗਫ ਨੇ ਵੀ ਸੰਘਰਸ਼ ਕਰਦੇ ਹੋਏ ਜਿੱਤ ਹਾਸਲ ਕੀਤੀ•। ਉਥੇ ਹੀ, ਮੈਚ ਵਿਚਾਲੇ ਬਿਮਾਰ ਹੋਇਆ ਤੀਜਾ ਦਰਜਾ ਹਾਸਲ ਖਿਡਾਰੀ ਕੈਨੇਡਾ ਦੇ ਫੈਲਿਕਸ ਆਗਰ-ਐਲਿਆਸਿਮ ਟੂਰਨਾਮੈਂਟ ਦੇ ਉਥਲ-ਪੁਥਲ ਭਰੇ ਸ਼ੁਰੂਆਤੀ ਹਫ਼ਤੇ ਦਾ ਇਕ ਹੋਰ ਵੱਡਾ ਸ਼ਿਕਾਰ ਬਣਿਆ।
ਫਰੈੱਚ ਓਪਨ ਚੈਂਪੀਅਨ ਜ਼ਵੇਰੇਵ ਇਕ ਵਾਰ ਫਿਰ ਹਾਰ ਦੇ ਕੰਢਿਓਂ ਵਾਲ-ਵਾਲ ਬਚਿਆ ਤੇ ਹੈਲਿਸ ਵਿਰੁੱਧ 6-4, 4-6, 7-6(3), 6-7(3), 6-3 ਨਾਲ ਜਿੱਤ ਹਾਸਲ ਕਰ ਕੇ ਆਪਣਾ ਦੂਜਾ ਵੱਡਾ ਖ਼ਿਤਾਬ ਜਿੱਤਣ ਦੀ ਉਮੀਦ ਕਾਇਮ ਰੱਖੀ। ਉਸਦੀ ਫਿਟਨੈੱਸ ਤਾਂ ਠੀਕ ਹੈ ਪਰ ਉਸਦੀ ਫਾਰਮ ’ਤੇ ਸਵਾਲ ਉੱਠ ਸਕਦੇ ਹਨ। ਜਿੱਤ ਤੋਂ ਬਾਅਦ ਜ਼ਵੇਰੇਵ ਨੇ ਕਿਹਾ ਕਿ ਸਰੀਰਕ ਰੂਪ ਨਾਲ ਠੀਕ ਮਹਿਸੂਸ ਕਰ ਰਿਹਾ ਹਾਂ। ਹੈਲਿਸ ਨਾਲ ਮੁਕਾਬਲੇ ਤੇ ਸ਼ੁਰੂਆਤੀ ਦੌਰ ’ਚ ਲੋਰੈਂਜ਼ੋ ਸੋਨੇਗੋ ਵਿਰੁੱਧ ਇਕ ਹੋਰ ਮੈਰਾਥਨ ਮੈਚ ਸਮੇਤ ਮੈਂ ਕੋਰਟ ’ਤੇ ਨੌਂ ਘੰਟੇ ਤੋਂ ਵੱਧ ਸਮਾਂ ਬਿਤਾਇਆ ਹੈ। ਇਸ ਲਈ ਮੈਨੂੰ ਮਾਣ ਹੈ ਕਿ ਮੈਂ ਸਰੀਰਕ ਤੌਰ ’ਤੇ ਕਾਫੀ ਮਜ਼ਬੂਤ ਹਾਂ। ਉਸਨੇ ਕਿਹਾ ਕਿ ਖ਼ਰਾਬ ਸਿਹਤ ਦੇ ਬਾਵਜੂਦ ਜਿੱਤਣਾ ਵੀ ਇਕ ਹੁਨਰ ਹੈ, ਖਾਸ ਕਰਕੇ ਉਦੋਂ ਜਦੋਂ ਤੁਸੀਂ ਬਹੁਤਾਂ ਚੰਗੀ ਟੈਨਿਸ ਨਾ ਖੇਡ ਰਹੇ ਹੋਵੋ।
ਫੈਲਿਕਸ ਨੂੰ ਆਉਣ ਲੱਗੇ ਚੱਕਰ ਪਿਛਲੇ ਸਾਲ ਸੈਮੀਫਾਈਨਲ ਤੱਕ ਪਹੁੰਚੇ ਫੈਲਿਕਸ ਆਗਰ-ਐਲਿਆਸਿਮ ਨੇ ਪਹਿਲਾ ਸੈੱਟ ਤਾਂ ਜਿੱਤ ਲਿਆ ਪਰ ਮੈਚ ਵਿਚਾਲੇ ਚੱਕਰ ਆਉਣ ਕਾਰਨ ਕਰੇਨ ਖਾਚਾਨੋਵ ਤੋਂ 6-7(5), 6-3, 6-2, 6-2 ਨਾਲ ਹਾਰ ਗਿਆ। ਮੈਚ ਤੋਂ ਬਾਅਦ ਫੈਲਿਕਸ ਨੇ ਕਿਹਾ ਕਿ ਡੇਢ ਸੈੱਟ ਤੋਂ ਬਾਅਦ ਮੈਨੂੰ ਠੀਕ ਨਹੀਂ ਲੱਗ ਰਿਹਾ ਸੀ, ਚੱਕਰ ਆ ਰਹੇ ਸਨ। ਅੱਖਾਂ ਸਾਹਮਣੇ ਹਨੇਰਾ ਛਾ ਰਿਹਾ ਸੀ ਤੇ ਮੈਂ ਉੱਭਰ ਨਹੀਂ ਪਾਇਆ। ਉਥੇ ਹੀ, ਜਾਪਾਨ ਦੀ ਨਾਓਮੀ ਓਸਾਕਾ ਨੇ ਚੈੱਕ ਖਿਡਾਰੀ ਕੈਟਰੀਨਾ ਸਿਨੀਆਕੋਵਾ ਵਿਰੁੱਧ ਉਤਰਾਅ-ਚੜ੍ਹਾਅ ਭਰੇ ਮੁਕਾਬਲੇ ’ਚ 6-2, 5-7, 6-1 ਨਾਲ ਜਿੱਤ ਹਾਸਲ ਕੀਤੀ।
ਮੈਡੀਸਨ ਕੀਜ਼ ਦਾ ਸੰਘਰਸ਼ ਜਾਰੀ ਅਮਰੀਕੀ ਖਿਡਾਰੀ ਮੈਡੀਸਨ ਕੀਜ਼ ਨੇ ਹੰਗਰੀ ਦੀ ਅੰਨਾ ਬੋਂਡਰ ਵਿਰੁੱਧ ਸ਼ਾਨਦਾਰ ਵਾਪਸੀ ਕਰਦੇ ਹੋਏ 5-7, 6-4, 7-6(5) ਨਾਲ ਜਿੱਤ ਹਾਸਲ ਕੀਤੀ ਤੇ ਘਰੇਲੂ ਪ੍ਰਸ਼ੰਸਕਾਂ ਨੂੰ ਖ਼ੁਸ਼ ਕਰ ਦਿੱਤਾ। 2017 ਦੀ ਉਪ ਜੇਤੂ ਕੀਜ਼ ਨੇ ਜਿੱਤ ਹਾਸਲ ਕਰਨ ਲਈ 34 ਸ਼ਾਨਦਾਰ ਫੋਰਹੈਂਡ ਵਿਨਰ ਲਗਾਏ ਤੇ ਮੈਚ ਪੁਆਇੰਟ ’ਤੇ ਬੋਂਡਰ ਨੂੰ ਨੈੱਟ ’ਤੇ ਗ਼ਲਤੀ ਕਰਨ ’ਤੇ ਮਜਬੂਰ ਕਰਨ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨੂੰ ਪੂਰਾ ਸਿਹਰਾ ਦਿੱਤਾ। ਹਾਲਾਂਕਿ, ਉਸਦੇ ਹਮਵਤਨ ਟੇਲਰ ਫਿ੍ਰਟਜ਼ ਨੇ ਇਟਲੀ ਦੇ ਮਟੀਆ ਬੇਲੁਚੀ ਨੂੰ ਆਸਾਨੀ ਨਾਲ 6-0, 6-1, 6-1 ਨਾਲ ਹਰਾ ਦਿੱਤਾ, ਜਦਕਿ ਪਿਛਲੇ ਸਾਲ ਦੀ ਉਪ ਜੇਤੂ ਅਮਰੀਕੀ ਖਿਡਾਰੀ ਅਮਾਂਡਾ ਅਨਿਸੀਮੋਵਾ ਨੇ ਆਸਟ੍ਰੀਆ ਦੀ ਲਿਲੀ ਟੈਗਰ ਨੂੰ 6-3, 3-6, 6-1 ਨਾਲ ਹਰਾ ਦਿੱਤਾ।
ਸਾਬਕਾ ਚੈਂਪੀਅਨ ਗਫ ਨੇ ਬਡੋਸਾ ਨੂੰ ਦਿੱਤੀ ਮਾਤ ਸਾਬਕਾ ਚੈਂਪੀਅਨ ਕੋਗੋ ਗਫ ਨੇ ਭਿਆਨਕ ਗਰਮੀ ਵਾਲੀ ਸ਼ਾਮਲ ਸਪੇਨ ਦੀ ਪਾਉਲਾ ਬਡੋਸਾ ਨੂੰ 6-4, 7-6(5) ਨਾਲ ਹਰਾਇਆ। ਉਥੇ ਹੀ ਸੱਟ ਕਾਰਨ ਦੁਨੀਆ ਦੇ ਨੰਬਰ ਇਕ ਖਿਡਾਰੀ ਜਾਨਿਕ ਸਿਨਰ ਬਿਨਾਂ ਹੋ ਰਹੇ ਇਸ ਟੂਰਨਾਮੈਂਟ ’ਚ ਇਟਲੀ ਦੀ ਸਭ ਤੋਂ ਵੱਡੀ ਉਮੀਦ ਪੰਜਵਾਂ ਰੈਂਕ ਹਾਸਲ ਫਲੇਵੀਓ ਕੋਬੋਲੀ ਨੇ ਆਸਟ੍ਰੇਲੀਆ ਦੇ ਟ੍ਰਿਸਟਨ ਸਕੂਲਕੇਟ ਨੂੰ 3-6, 6-3, 6-4, 7-5 ਨਾਲ ਹਰਾਇਆ।
ਅਹਿਮ ਮੁਕਾਬਲਿਆਂ ਦੇ ਨਤੀਜੇ ਮਰਦ ਵਰਗ ’ਚ ਆਸਟ੍ਰੇਲੀਆ ਦੇ ਐਲੇਕਸ ਡੀ ਮਿਨੌਰ ਡਚ ਖਿਡਾਰੀ ਬੋਟਿਕ ਵੈਨ ਡੀ ਜੈਂਡਸ਼ੁਲਪ ਤੋਂ 6-4, 7-5, 6-2 ਨਾਲ ਹਾਰ ਗਿਆ। ਮਰਦ ਵਰਗ ’ਚ ਇਟਲੀ ਦਾ ਲੋਰੈਂਜ਼ੋ ਮੁਸੇਟੀ ਆਸਟ੍ਰੇਲਿਆਈ ਖਿਡਾਰੀ ਡੇਨ ਸਵੀਨੀ ਤੋਂ 3-6, 6-1, 6-2, 6-2 ਨਾਲ ਹਾਰ ਗਿਆ। ਮਹਿਲਾ ਵਰਗ ’ਚ ਇਗਾ ਸਵੀਆਤੇਕ ਨੇ ਅਰਜਨਟੀਨਾ ਦੀ ਨਾਦੀਆ ਪੋਡੋਰੋਸਕਾ ਵਿਰੁੱਧ 6-3, 6-2 ਨਾਲ ਆਸਾਨ ਜਿੱਤ ਹਾਸਲ ਕੀਤੀ। ਮਹਿਲਾ ਵਰਗ ’ਚ ਆਸਟ੍ਰੇਲੀਅਨ ਓਪਨ ਚੈਂਪੀਅਨ ਐਲੀਨਾ ਰਿਬਾਕਿਨਾ ਨੇ ਜੈਸਿਕਾ ਬੌਜਾਸ ਮਾਨੇਇਰੋ ਨੂੰ ਆਸਾਨੀ ਨਾਲ 6-2, 6-4 ਨਾਲ ਹਰਾਇਆ।