ਏਸ਼ੀਆਈ ਖੇਡਾਂ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ, ਸੱਟ ਕਾਰਨ ਨੀਰਜ ਚੋਪੜਾ ਬਾਹਰ; ਡਾਇਮੰਡ ਲੀਗ ਫਾਈਨਲ 'ਚ ਵੀ ਨਹੀਂ ਲੈ ਸਕਣਗੇ ਹਿੱਸਾ
ਭਾਰਤ ਦੀ ਅਥਲੈਟਿਕਸ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ। ਉਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ 2026 ਦੇ ਬਾਕੀ ਸੀਜ਼ਨ ’ਚ ਹਿੱਸਾ ਨਹੀਂ ਲਵੇਗਾ, ਜਿਸ ’ਚ ਜਾਪਾਨ ’ਚ ਏਸ਼ੀਆਈ ਖੇਡਾਂ ਵੀ ਸ਼ਾਮਲ ਹਨ। ਉਸ ਨੇ ਇਹ ਫੈਸਲਾ ਟ੍ਰੇਨਿੰਗ ਦੌਰਾਨ ਗਿੱਟੇ ’ਚ ਲਿਗਾਮੈਂਟ ਦੀ ਸੱਟ ਲੱਗਣ ਤੋਂ ਬਾਅਦ ਲਿਆ ਹੈ
Publish Date: Sun, 30 Aug 2026 11:01 AM (IST)
Updated Date: Sun, 30 Aug 2026 11:05 AM (IST)
ਨਵੀਂ ਦਿੱਲੀ, ਪੀਟੀਆਈ : ਭਾਰਤ ਦੀ ਅਥਲੈਟਿਕਸ ਮੁਹਿੰਮ ਨੂੰ ਵੱਡਾ ਝਟਕਾ ਲੱਗਾ ਹੈ। ਉਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ 2026 ਦੇ ਬਾਕੀ ਸੀਜ਼ਨ ’ਚ ਹਿੱਸਾ ਨਹੀਂ ਲਵੇਗਾ, ਜਿਸ ’ਚ ਜਾਪਾਨ ’ਚ ਏਸ਼ੀਆਈ ਖੇਡਾਂ ਵੀ ਸ਼ਾਮਲ ਹਨ। ਉਸ ਨੇ ਇਹ ਫੈਸਲਾ ਟ੍ਰੇਨਿੰਗ ਦੌਰਾਨ ਗਿੱਟੇ ’ਚ ਲਿਗਾਮੈਂਟ ਦੀ ਸੱਟ ਲੱਗਣ ਤੋਂ ਬਾਅਦ ਲਿਆ ਹੈ। ਨੀਰਜ ਨੇ ਦੱਸਿਆ ਕਿ ਲੁਸਾਨੇ ਡਾਇਮੰਡ ਲੀਗ ’ਚ ਸੀਜ਼ਨ ਦਾ ਆਪਣਾ ਸਰਬੋਤਮ ਥ੍ਰੋਅ ਕਰਨ ਤੋਂ ਤੁਰੰਤ ਬਾਅਦ ਉਸ ਨੂੰ ਇਹ ਸੱਟ ਲੱਗੀ। ਨੀਰਜ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ 'ਚ ਕਿਹਾ ਕਿ ਕਾਫੀ ਸਮੇਂ ਦੀ ਸਖਤ ਮਿਹਨਤ ਤੋਂ ਬਾਅਦ ਆਖਰਕਾਰ ਮੈਂ ਮਹਿਸੂਸ ਕੀਤਾ ਕਿ ਮੈਂ ਲੌਸਨੇ 'ਚ ਸੀਜ਼ਨ ਦੇ ਆਪਣੇ ਸਰਬੋਤਮ ਥ੍ਰੋਅ ਨਾਲ ਉਸ ਲੈਅ ’ਤੇ ਵਾਪਸ ਆ ਰਿਹਾ ਹਾਂ ਜਿਸ ਦੀ ਮੈਂ ਭਾਲ ਕਰ ਰਿਹਾ ਸੀ। ਬਦਕਿਸਮਤੀ ਨਾਲ ਇਸ ਤੋਂ ਥੋੜ੍ਹੀ ਦੇਰ ਬਾਅਦ ਮੈਂ ਟ੍ਰੇਨਿੰਗ ਦੌਰਾਨ ਆਪਣੇ ਗਿੱਟੇ ’ਚ ਇੱਕ ਲਿਗਾਮੈਂਟ ’ਤੇ ਸੱਟ ਲੱਗ ਗਈ। ਆਪਣੇ ਡਾਕਟਰ ਤੇ ਟੀਮ ਨਾਲ ਚਰਚਾ ਤੋਂ ਬਾਅਦ ਅਸੀਂ ਫੈਸਲਾ ਕੀਤਾ ਹੈ ਕਿ ਮੈਂ ਇਸ ਸੀਜ਼ਨ ਦੇ ਬਾਕੀ ਬਚੇ ਸਮੇਂ ਲਈ ਬਾਹਰ ਹੋਵਾਂਗਾ। 28 ਸਾਲਾ ਜੈਵਲਿਨ ਥ੍ਰੋਅਰ ਨੇ ਕਿਹਾ ਕਿ ਇਹ ਫੈਸਲਾ ਨਿਰਾਸ਼ਾਜਨਕ ਸੀ, ਕਿਉਂਕਿ ਉਸ ਨੂੰ ਲੱਗਾ ਕਿ ਉਹ ਆਪਣੀ ਲੈਅ ਲੱਭਣ ਦੇ ਨੇੜੇ ਹੈ। ਹਾਲਾਂਕਿ ਉਸ ਨੇ ਕਿਹਾ ਕਿ ਉਸ ਦਾ ਫੌਰੀ ਧਿਆਨ ਹੁਣ ਸੱਟ ਤੋਂ ਉਭਰਨ 'ਤੇ ਹੋਵੇਗਾ।
ਉਸ ਨੇ ਕਿਹਾ ਕਿ ਹੁਣ ਮੇਰਾ ਧਿਆਨ ਠੀਕ ਹੋਣ ਤੇ ਪਹਿਲਾਂ ਨਾਲੋਂ ਮਜ਼ਬੂਤ ਹੋਣ 'ਤੇ ਹੈ। ਹੁਣ ਉਸ ਦਾ ਧਿਆਨ ਮੁੜ ਵਸੇਬੇ 'ਤੇ ਹੈ ਪਰ ਐਥਲੀਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸੱਟ ਤੋਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਮੁਕਾਬਲੇ 'ਚ ਵਾਪਸੀ ਕਰਨਾ ਚਾਹੁੰਦਾ ਹੈ। ਉਸ ਨੇ ਕਿਹਾ, ਕਿ ਇਹ ਨਿਰਾਸ਼ਾਜਨਕ ਹੈ, ਖਾਸ ਕਰ ਕੇ ਕਿਉਂਕਿ ਮੈਂ ਮਹਿਸੂਸ ਕੀਤਾ ਕਿ ਮੈਂ ਆਪਣੀ ਲੈਅ ਲੱਭਣ ਦੇ ਨੇੜੇ ਸੀ ਪਰ ਜਿਵੇਂ ਕਹਾਵਤ ਹੈ, ਮੁਸ਼ਕਲਾਂ ਸਫ਼ਰ ਦਾ ਹਿੱਸਾ ਹਨ। ਨੀਰਜ ਨੇ ਕਿਹਾ ਕਿ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਮਰਥਨ ਲਈ ਧੰਨਵਾਦ। ਇਸ ਸੱਟ ਕਾਰਨ ਨੀਰਜ 5 ਸਤੰਬਰ ਨੂੰ ਬ੍ਰਸੇਲਜ਼ 'ਚ ਹੋਣ ਵਾਲੇ ਡਾਇਮੰਡ ਲੀਗ ਫਾਈਨਲ ’ਚ ਵੀ ਹਿੱਸਾ ਨਹੀਂ ਲੈ ਸਕੇਗਾ, ਜਿਸ ਲਈ ਉਸ ਨੇ ਕੁਆਲੀਫਾਈ ਕੀਤਾ ਸੀ। ਨੀਰਜ ਦਾ ਵਾਪਸ ਜਾਣਾ ਏਸ਼ੀਆਈ ਖੇਡਾਂ ’ਚ ਭਾਰਤ ਲਈ ਇੱਕ ਵੱਡਾ ਝਟਕਾ ਹੈ, ਜਿੱਥੇ ਉਸ ਦੇ ਦੇਸ਼ ਦੇ ਸਭ ਤੋਂ ਵੱਡੇ ਤਮਗੇ ਦੇ ਦਾਅਵੇਦਾਰਾਂ ’ਚੋਂ ਇੱਕ ਹੋਣ ਦੀ ਉਮੀਦ ਸੀ।
ਟੋਕੀਓ ਉਲੰਪਿਕ ਸੋਨ ਤਮਗਾ ਜੇਤੂ ਨੀਰਜ ਨੂੰ ਸੈਸ਼ਨ ਦੇ ਦੂਜੇ ਅੱਧ ਦੀ ਸ਼ੁਰੂਆਤ ਤੋਂ ਪਹਿਲਾਂ ਚੁਣੌਤੀਪੂਰਨ ਦੌਰ ਦਾ ਸਾਹਮਣਾ ਕਰਨਾ ਪਿਆ ਪਰ ਲੁਸਾਨੇ ’ਚ ਉਸ ਦੇ ਪ੍ਰਦਰਸ਼ਨ ਨੇ ਉਮੀਦ ਜਗਾਈ ਕਿ ਉਹ ਆਪਣੀ ਲੈਅ ਮੁੜ ਹਾਸਲ ਕਰ ਰਿਹਾ ਹੈ। ਨੀਰਜ ਪਿਛਲੇ ਸਾਲਾਂ ਦੌਰਾਨ ਵਿਸ਼ਵ ਜੈਵਲਿਨ ਥ੍ਰੋਅ ’ਚ ਸਭ ਤੋਂ ਵੱਧ ਨਿਰੰਤਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ’ਚੋਂ ਇੱਕ ਰਿਹਾ ਹੈ। ਉਸ ਨੇ 2021 ’ਚ ਟੋਕੀਓ ਉਲੰਪਿਕ ’ਚ ਸੋਨ ਤਮਗਾ ਤੇ 2024 ’ਚ ਪੈਰਿਸ ਉਲੰਪਿਕ ’ਚ ਇੱਕ ਚਾਂਦੀ ਦਾ ਤਮਗਾ ਜਿੱਤਿਆ ਸੀ। ਉਸ ਨੇ 2023 ’ਚ ਬੁਡਾਪੇਸਟ ’ਚ ਵਿਸ਼ਵ ਚੈਂਪੀਅਨਸ਼ਿਪ ਦਾ ਸੋਨ ਤਮਗਾ ਜਿੱਤ ਕੇ ਐਥਲੈਟਿਕਸ ’ਚ ਇਹ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਬਣਨ ਦਾ ਮਾਣ ਵੀ ਪ੍ਰਾਪਤ ਕੀਤਾ।