ਏਸ਼ੀਆਈ ਖੇਡਾਂ 'ਚ ਸੋਨ ਤਗ਼ਮਾ ਬਰਕਰਾਰ ਰੱਖਣ ਲਈ ਅਵਿਨਾਸ਼ ਸਾਬਲੇ ਪੂਰੇ ਉਤਸ਼ਾਹਿਤ, ਕਿਹਾ- 'ਫਿਟਨੈਸ ਲੈਵਲ ਪਹਿਲਾਂ ਵਾਂਗ ਹੀ ਬਹਿਤਰੀਨ'
ਸਾਬਲੇ ਨੇ ਪਿਛਲੇ ਕਈ ਮਹੀਨਿਆਂ ਤੋਂ ਊਟੀ ’ਚ ਉੱਚਾਈ 'ਤੇ ਸਿਖਲਾਈ ਲਈ ਫਿਰ ਕਰਨਾਟਕ ਦੇ ਬੇਲਾਰੀ ’ਚ ਇੰਸਪਾਇਰ ਇੰਸਟੀਚਿਊਟ ਆਫ਼ ਸਪੋਰਟਸ (ਆਈਆਈਐੱਸ) ਗਿਆ ਤੇ ਫਿਰ ਸਮਾਰਟ ਟ੍ਰੈਕ 'ਤੇ ਸੈਸ਼ਨ ਲਈ ਸਪੋਰਟਸ ਅਥਾਰਟੀ ਆਫ਼ ਇੰਡੀਆ (ਐੱਸਏਆਈ) ਗਿਆ
Publish Date: Sun, 06 Sep 2026 11:39 AM (IST)
Updated Date: Sun, 06 Sep 2026 11:42 AM (IST)
ਬੈਂਗਲੁਰੂ, ਪੀਟੀਆਈ : ਜੁਲਾਈ 2025 ਤੋਂ ਅਵਿਨਾਸ਼ ਸਾਬਲੇ ਤੇ ਏਸ਼ਿਆਈ ਖੇਡਾਂ ’ਚ 3000 ਮੀਟਰ ਸਟੀਪਲਚੇਜ਼ ਗੋਲਡ ਮੈਡਲ ਬਰਕਰਾਰ ਰੱਖਣ ਦਾ ਉਸ ਦਾ ਸੁਪਨਾ ਵੱਖ-ਵੱਖ ਰਾਹਾਂ ’ਤੇ ਚੱਲ ਰਹੇ ਸਨ। ਸਾਬਲੇ ਦੀ ਸੱਟ ਤੇ ਉਸ ਦੀ ਸਰਜਰੀ ਤੋਂ ਬਾਅਦ ਉਸ ਦੀ ਕਮਜ਼ੋਰ ਫਿਟਨੈੱਸ ਉਸ ਦੇ ਟੀਚੇ ਨੂੰ ਪ੍ਰਾਪਤ ਕਰਨ ’ਚ ਸਭ ਤੋਂ ਵੱਡੀ ਰੁਕਾਵਟ ਸੀ, ਜਿਸ ਨੇ ਉਸ ਨੂੰ ਰਾਸ਼ਟਰਮੰਡਲ ਖੇਡਾਂ ਤੋਂ ਵੀ ਬਾਹਰ ਰੱਖਿਆ ਪਰ ਹੁਣ 8 ਮਹੀਨਿਆਂ ਦੀ ਸਖ਼ਤ ਸਿਖਲਾਈ ਤੋਂ ਬਾਅਦ ਸਾਬਲੇ ਨੂੰ ਭਰੋਸਾ ਹੈ ਕਿ ਉਹ 2022 ਦੀਆਂ ਏਸ਼ਿਆਈ ਖੇਡਾਂ ਵਾਂਗ ਫਿਟਨੈੱਸ ਪੱਧਰ ’ਤੇ ਹੈ ਤੇ ਉਸ ਪ੍ਰਦਰਸ਼ਨ ਨੂੰ ਦੁਹਰਾ ਸਕਦਾ ਹੈ। ਸਾਬਲੇ ਨੇ ਹਾਂਗਜ਼ੂ ਏਸ਼ਿਆਈ ਖੇਡਾਂ ’ਚ 8 ਮਿੰਟ 19.50 ਸਕਿੰਟ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ ਸੀ। ਇਹ ਏਸ਼ਿਆਈ ਖੇਡਾਂ ਦਾ ਰਿਕਾਰਡ ਵੀ ਹੈ।
ਸਾਬਲੇ ਨੇ ਪਿਛਲੇ ਕਈ ਮਹੀਨਿਆਂ ਤੋਂ ਊਟੀ ’ਚ ਉੱਚਾਈ 'ਤੇ ਸਿਖਲਾਈ ਲਈ ਫਿਰ ਕਰਨਾਟਕ ਦੇ ਬੇਲਾਰੀ ’ਚ ਇੰਸਪਾਇਰ ਇੰਸਟੀਚਿਊਟ ਆਫ਼ ਸਪੋਰਟਸ (ਆਈਆਈਐੱਸ) ਗਿਆ ਤੇ ਫਿਰ ਸਮਾਰਟ ਟ੍ਰੈਕ 'ਤੇ ਸੈਸ਼ਨ ਲਈ ਸਪੋਰਟਸ ਅਥਾਰਟੀ ਆਫ਼ ਇੰਡੀਆ (ਐੱਸਏਆਈ) ਗਿਆ। ਹੁਣ ਉਸ ਨੇ ਕਿਹਾ ਕਿ ਏਸ਼ੀਅਨ ਖੇਡਾਂ 'ਚ ਮੇਰੇ ਈਵੈਂਟ 'ਚ 24 ਦਿਨ ਬਾਕੀ ਹਨ। ਮੇਰੀ ਤਿਆਰੀ ਬਹੁਤ ਵਧੀਆ ਹੈ। 2025 ’ਚ ਮੋਨਾਕੋ ਡਾਇਮੰਡ ਲੀਗ ਦੌਰਾਨ ਲੱਗੀ ਸੱਟ ਤੋਂ ਬਾਅਦ ਮੇਰੀ ਤਿਆਰੀ ’ਚ ਕਈ ਉਤਰਾਅ-ਚੜ੍ਹਾਅ ਆਏ ਪਰ ਹੁਣ ਮੈਂ ਪੂਰੀ ਤਰ੍ਹਾਂ ਤਿਆਰ ਹਾਂ। ਸੱਟ ਤੋਂ ਠੀਕ ਹੋਣ ਤੋਂ ਬਾਅਦ, ਸਾਬਲੇ ਨੇ ਬੈਲਜੀਅਮ ਦੇ ਓਰਡੇਗੇਮ ’ਚ ਆਈਐੱਫਏਐੱਮ ਆਊਟਡੋਰ ਵਰਲਡ ਐਥਲੈਟਿਕਸ ਕਾਂਟੀਨੈਂਟਲ ਟੂਰ ’ਚ ਸਿਰਫ 5000 ਮੀਟਰ ਦੀ ਦੌੜ ’ਚ ਹਿੱਸਾ ਲਿਆ ਹੈ, ਜਿਸ ਕਾਰਨ ਏਸ਼ਿਆਈ ਖੇਡਾਂ ਦੇ ਇਸ ਐਡੀਸ਼ਨ ’ਚ ਉਸ ਦੀ ਭਾਗੀਦਾਰੀ ਅਜੇ ਵੀ ਸ਼ੱਕੀ ਹੈ। ਹਾਲਾਂਕਿ ਸਾਬਲੇ ਨੇ ਇਸ ਨੂੰ ਕੋਈ ਰੁਕਾਵਟ ਨਹੀਂ ਮੰਨਿਆ।