IND A vs AUS A: ਰਜਤ ਪਾਟੀਦਾਰ ਦਾ ਅਰਧ-ਸੈਂਕੜਾ ਗਿਆ ਬੇਕਾਰ, ਆਸਟ੍ਰੇਲੀਆ ਅੱਗੇ ਪਸਤ ਹੋਈ ਭਾਰਤੀ ਟੀਮ; ਵਨਡੇ ਸੀਰੀਜ਼ ਗੁਆਈ
ਓਪਨਿੰਗ ਬੱਲੇਬਾਜ਼ ਸੈਮ ਕੌਨਸਟਾਸ (Sam Konstas) ਅਤੇ ਵਿਕਟਕੀਪਰ ਜੋਸ਼ ਫਿਲਿਪ (Josh Philippe) ਦੇ ਅਰਧ-ਸੈਂਕੜਿਆਂ ਦੀ ਬਦੌਲਤ ਆਸਟ੍ਰੇਲੀਆ 'ਏ' ਨੇ ਦੂਜੇ ਅਨ-ਓਫੀਸ਼ੀਅਲ ਵਨਡੇ ਵਿੱਚ ਭਾਰਤ 'ਏ' ਨੂੰ 69 ਦੌੜਾਂ ਨਾਲ ਮਾਤ ਦਿੱਤੀ।
Publish Date: Fri, 09 Oct 2026 06:29 PM (IST)
Updated Date: Fri, 09 Oct 2026 06:31 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ: ਓਪਨਿੰਗ ਬੱਲੇਬਾਜ਼ ਸੈਮ ਕੌਨਸਟਾਸ (Sam Konstas) ਅਤੇ ਵਿਕਟਕੀਪਰ ਜੋਸ਼ ਫਿਲਿਪ (Josh Philippe) ਦੇ ਅਰਧ-ਸੈਂਕੜਿਆਂ ਦੀ ਬਦੌਲਤ ਆਸਟ੍ਰੇਲੀਆ 'ਏ' ਨੇ ਦੂਜੇ ਅਨ-ਓਫੀਸ਼ੀਅਲ ਵਨਡੇ ਵਿੱਚ ਭਾਰਤ 'ਏ' ਨੂੰ 69 ਦੌੜਾਂ ਨਾਲ ਮਾਤ ਦਿੱਤੀ। ਇਸ ਦੇ ਨਾਲ ਹੀ ਆਸਟ੍ਰੇਲੀਆ 'ਏ' ਨੇ 3 ਮੈਚਾਂ ਦੀ ਵਨਡੇ ਸੀਰੀਜ਼ 'ਤੇ ਵੀ ਕਬਜ਼ਾ ਕਰ ਲਿਆ ਹੈ। ਆਸਟ੍ਰੇਲੀਆ 'ਏ' ਨੇ ਪਹਿਲਾ ਵਨਡੇ 125 ਦੌੜਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਆਖ਼ਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।
ਸੈਂਚੁਰੀ ਪਾਰਟਨਰਸ਼ਿਪ ਹੋਈ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਆਸਟ੍ਰੇਲੀਆ 'ਏ' ਦੀ ਟੀਮ ਪੂਰੇ 50 ਓਵਰ ਵੀ ਨਹੀਂ ਖੇਡ ਸਕੀ ਅਤੇ 1 ਗੇਂਦ ਪਹਿਲਾਂ 275 ਦੌੜਾਂ 'ਤੇ ਆਊਟ ਹੋ ਗਈ। ਆਸਟ੍ਰੇਲੀਆ ਦੀ ਸ਼ੁਰੂਆਤ ਔਸਤ ਰਹੀ ਅਤੇ ਮਿਚੈਲ ਓਵਨ 13 ਗੇਂਦਾਂ 'ਚ 25 ਦੌੜਾਂ ਬਣਾ ਕੇ ਕੈਚ ਆਊਟ ਹੋ ਗਿਆ। ਇਸ ਤੋਂ ਬਾਅਦ ਸੈਮ ਕੌਨਸਟਾਸ ਅਤੇ ਜੋਸ਼ ਫਿਲਿਪ ਵਿਚਾਲੇ ਦੂਜੀ ਵਿਕਟ ਲਈ 101 ਦੌੜਾਂ ਦੀ ਸੈਂਚੁਰੀ ਪਾਰਟਨਰਸ਼ਿਪ ਹੋਈ।
ਸਿੰਧੂ ਨੇ ਤੋੜੀ ਭਾਈਵਾਲੀ ਨਿਸ਼ਾਂਤ ਸਿੰਧੂ ਨੇ ਜੋਸ਼ ਫਿਲਿਪ (58) ਨੂੰ ਰੁਤੁਰਾਜ ਗਾਇਕਵਾੜ ਦੇ ਹੱਥੋਂ ਕੈਚ ਕਰਵਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਸੈਮ ਕੌਨਸਟਾਸ ਨੇ 7 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 88 ਗੇਂਦਾਂ 'ਚ 67 ਦੌੜਾਂ ਬਣਾਈਆਂ। ਕਪਤਾਨ ਨਾਥਨ ਮੈਕਸਵੀਨੀ 32 ਦੇ ਸਕੋਰ 'ਤੇ ਰਨ ਆਊਟ ਹੋ ਗਿਆ।
5ਵੇਂ ਨੰਬਰ 'ਤੇ ਉੱਤਰੇ ਲਚਲਾਨ ਸ਼ੌ ਨੇ 25 ਦੌੜਾਂ ਦਾ ਯੋਗਦਾਨ ਦਿੱਤਾ। ਹੇਠਲੇ ਕ੍ਰਮ (Lower Order) ਦਾ ਕੋਈ ਵੀ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕਿਆ। ਭਾਰਤ ਵੱਲੋਂ ਅਰਸ਼ਦ ਖ਼ਾਨ ਨੇ 3 ਵਿਕਟਾਂ ਲਈਆਂ, ਜਦਕਿ ਯਸ਼ ਠਾਕੁਰ ਨੇ 2 ਵਿਕਟਾਂ ਝਟਕਾਈਆਂ। ਇਸ ਤੋਂ ਇਲਾਵਾ ਵਿਪਰਾਜ ਨਿਗਮ, ਨਿਸ਼ਾਂਤ ਸਿੰਧੂ, ਸੂਰਿਆੰਸ਼ ਸ਼ੇਡਗੇ ਅਤੇ ਅਨੁਕੂਲ ਰੌਏ ਨੂੰ 1-1 ਵਿਕਟ ਮਿਲੀ।
ਇਕੱਲੇ ਡਟੇ ਰਹੇ ਪਾਟੀਦਾਰ 276 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ 46ਵੇਂ ਓਵਰ ਵਿੱਚ 206 ਦੌੜਾਂ 'ਤੇ ਢੇਰ ਹੋ ਗਈ। ਭਾਰਤ ਵੱਲੋਂ ਰਜਤ ਪਾਟੀਦਾਰ ਇਕਲੌਤੇ ਬੱਲੇਬਾਜ਼ ਸਨ, ਜਿਨ੍ਹਾਂ ਨੇ ਅਰਧ-ਸੈਂਕੜਾ ਲਗਾਇਆ। ਪਾਟੀਦਾਰ ਨੇ 81 ਗੇਂਦਾਂ 'ਚ 67 ਦੌੜਾਂ ਬਣਾਈਆਂ।
ਅਨੁਕੂਲ ਰੌਏ 34 ਦੌੜਾਂ ਬਣਾ ਕੇ ਨਾਬਾਦ ਰਹੇ। ਵਿਪਰਾਜ ਨਿਗਮ ਨੇ 23 ਅਤੇ ਨਿਸ਼ਾਂਤ ਸਿੰਧੂ ਤੇ ਸਾਈ ਸੁਦਰਸ਼ਨ ਨੇ 13-13 ਦੌੜਾਂ ਦਾ ਯੋਗਦਾਨ ਦਿੱਤਾ। ਕਪਤਾਨ ਰੁਤੁਰਾਜ ਗਾਇਕਵਾੜ ਮਹਿਜ਼ 12 ਦੌੜਾਂ ਹੀ ਬਣਾ ਸਕੇ। ਆਸਟ੍ਰੇਲੀਆ ਵੱਲੋਂ ਸਪੈਂਸਰ ਜੌਹਨਸਨ ਨੇ 3 ਅਤੇ ਰਾਈਲੀ ਮੈਰੇਡਿਥ ਤੇ ਤਨਵੀਰ ਸੰਘਾ ਨੇ 2-2 ਸ਼ਿਕਾਰ ਕੀਤੇ।