ਖੇਡ ਮੰਤਰਾਲੇ ਦਾ ਵੱਡਾ ਐਕਸ਼ਨ : ਪੈਰਾ ਏਸ਼ੀਅਨ ਖੇਡਾਂ ਲਈ 166 ਭਾਰਤੀ ਖਿਡਾਰੀਆਂ ਨੂੰ ਮਨਜ਼ੂਰੀ, ਵਿਵਾਦਤ ਕੋਚ ਹਟਾਇਆ
ਨੌਟਿਆਲ 'ਤੇ ਚੋਣ ਦੇ ਬਦਲੇ ਪੈਸੇ ਦੀ ਮੰਗ ਕਰਨ ਤੇ ਸਥਾਪਿਤ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਹੈ। ਕਈ ਨਿਸ਼ਾਨੇਬਾਜ਼ਾਂ ਨੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕਰ ਕੇ ਉਸ ਦੀ ਬਰਖਾਸਤਗੀ ਤੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਸੀ
Publish Date: Wed, 14 Oct 2026 11:12 AM (IST)
Updated Date: Wed, 14 Oct 2026 11:18 AM (IST)
ਨਵੀਂ ਦਿੱਲੀ, ਪੀਟੀਆਈ : ਖੇਡ ਮੰਤਰਾਲੇ ਨੇ ਵਿਵਾਦਾਂ ’ਚ ਘਿਰੀ ਚੋਣ ਪ੍ਰਕਿਰਿਆ ਤੋਂ ਬਾਅਦ ਪੈਰਾ ਏਸ਼ੀਅਨ ਖੇਡਾਂ ਲਈ 166 ਖਿਡਾਰੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ’ਚ ਵਿਵਾਦਤ ਪੈਰਾ ਸ਼ੂਟਿੰਗ ਕੋਚ ਜੈ ਪ੍ਰਕਾਸ਼ ਨੌਟਿਆਲ ਨੂੰ ਟੀਮ ਤੋਂ ਹਟਾ ਦਿੱਤਾ ਗਿਆ ਹੈ। ਹੁਣ 18 ਅਕਤੂਬਰ ਤੋਂ ਜਾਪਾਨ ਦੇ ਆਇਚੀ-ਨਾਗੋਯਾ ’ਚ ਹੋਣ ਵਾਲੀਆਂ ਇਨ੍ਹਾਂ ਖੇਡਾਂ ਲਈ ਨੌਟਿਆਲ ਦੀ ਥਾਂ ਜੀਵਨ ਐੱਲ ਰਾਏ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ।
ਨੌਟਿਆਲ 'ਤੇ ਚੋਣ ਦੇ ਬਦਲੇ ਪੈਸੇ ਦੀ ਮੰਗ ਕਰਨ ਤੇ ਸਥਾਪਿਤ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਹੈ। ਕਈ ਨਿਸ਼ਾਨੇਬਾਜ਼ਾਂ ਨੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕਰ ਕੇ ਉਸ ਦੀ ਬਰਖਾਸਤਗੀ ਤੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਸੀ। ਉਹ ਖੇਡ ਮੰਤਰੀ ਮਨਸੁਖ ਮਾਂਡਵੀਆ ਨੂੰ ਵੀ ਮਿਲੇ ਤੇ ਉਨ੍ਹਾਂ ਅੱਗੇ ਆਪਣੀਆਂ ਸ਼ਿਕਾਇਤਾਂ ਪੇਸ਼ ਕੀਤੀਆਂ। ਇਸ ਤੋਂ ਪਹਿਲਾਂ ਉਹ ਪੈਰਾ ਏਸ਼ੀਅਨ ਦਲ ਦੇ ਵਿਦਾਇਗੀ ਸਮਾਰੋਹ ਦੌਰਾਨ ਵੀ ਪ੍ਰਦਰਸ਼ਨ ਕਰ ਚੁੱਕੇ ਹਨ। ਭਾਰਤ ਦਾ 275 ਮੈਂਬਰੀ ਦਲ, ਜਿਸ ’ਚ 94 ਟੀਮ ਅਧਿਕਾਰੀ ਤੇ ਸਹਾਇਕ ਸਟਾਫ਼ ਤੇ 15 ਟੀਮ ਸਟਾਫ਼ 10 ਖੇਡਾਂ ’ਚ ਹਿੱਸਾ ਲਵੇਗਾ। ਇਨ੍ਹਾਂ ’ਚੋਂ 62 ਐਥਲੈਟਿਕਸ ’ਚ ਹਨ, ਜਿਨ੍ਹਾਂ ’ਚ 46 ਪੁਰਸ਼ ਸ਼ਾਮਲ ਹਨ। ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਨੇਤਰਹੀਣ ਦੌੜਾਕ ਸਿਮਰਨ ਵੀ ਟੀਮ ’ਚ ਸ਼ਾਮਲ ਹੈ। ਉਸ ਦੇ ਸਾਬਕਾ ਗਾਈਡ ਉਮਰ ਸੈਫੀ ਨੂੰ ਡੋਪਿੰਗ ਕਾਰਨ ਬਾਹਰ ਕਰ ਦਿੱਤਾ ਗਿਆ ਸੀ।