ਜਾਪਾਨ 'ਚ ਹੋਣਗੀਆਂ ਏਸ਼ਿਆਈ ਖੇਡਾਂ : 492 ਭਾਰਤੀ ਖਿਡਾਰੀਆਂ ਦੀ ਟੀਮ ਨੂੰ ਮਿਲੀ ਮਨਜ਼ੂਰੀ, ਐਥਲੈਟਿਕਸ ਦੇ 73 ਖਿਡਾਰੀ ਸ਼ਾਮਲ
ਖੇਡ ਮੰਤਰਾਲੇ ਨੇ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਦੇ ਆਈਚੀ-ਨਾਗੋਯਾ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ 492 ਖਿਡਾਰੀਆਂ ਦੀ ਟੀਮ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚ ਐਥਲੈਟਿਕਸ ਦੇ 73 ਖਿਡਾਰੀ ਸ਼ਾਮਲ ਹਨ, ਜੋ ਇਸ ਟੀਮ ਦਾ ਸਭ ਤੋਂ ਵੱਡਾ ਹਿੱਸਾ ਹਨ
Publish Date: Tue, 25 Aug 2026 11:17 AM (IST)
Updated Date: Tue, 25 Aug 2026 11:24 AM (IST)
ਨਵੀਂ ਦਿੱਲੀ (ਪੀਟੀਆਈ) : ਖੇਡ ਮੰਤਰਾਲੇ ਨੇ ਸਾਫ ਕਰ ਦਿੱਤਾ ਹੈ ਕਿ ਇਕ ਸਾਲ ਪਹਿਲਾਂ ਐਲਾਨੇ ਚੋਣ ਮਾਪਦੰਡਾਂ 'ਤੇ ਖਰੇ ਨਾ ਉਤਰਣ ਵਾਲੇ ਖਿਡਾਰੀਆਂ ਨੂੰ ਉਨ੍ਹਾਂ ਦੇ ਸਮਰਥਕਾਂ ਵੱਲੋਂ ਬਣਾਏ ਜਾ ਰਹੇ ਦਬਾਅ ਦੇ ਬਾਵਜੂਦ ਏਸ਼ਿਆਈ ਖੇਡਾਂ ਲਈ ਚੁਣੀ ਗਈ ਭਾਰਤੀ ਟੀਮ ’ਚ ਜਗ੍ਹਾ ਨਹੀਂ ਦਿੱਤੀ ਜਾਵੇਗੀ।
ਖੇਡ ਮੰਤਰਾਲੇ ਨੇ 19 ਸਤੰਬਰ ਤੋਂ 4 ਅਕਤੂਬਰ ਤੱਕ ਜਾਪਾਨ ਦੇ ਆਈਚੀ-ਨਾਗੋਯਾ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ 492 ਖਿਡਾਰੀਆਂ ਦੀ ਟੀਮ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿਚ ਐਥਲੈਟਿਕਸ ਦੇ 73 ਖਿਡਾਰੀ ਸ਼ਾਮਲ ਹਨ, ਜੋ ਇਸ ਟੀਮ ਦਾ ਸਭ ਤੋਂ ਵੱਡਾ ਹਿੱਸਾ ਹਨ। ਟੀਮ ’ਚ ਕੁਝ ਹੋਰ ਖਿਡਾਰੀਆਂ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਹੈ ਪਰ ਇਹ ਉਹ ਮਾਮਲੇ ਹਨ, ਜਿਨ੍ਹਾਂ ਲਈ ਏਸ਼ੀਆ ਓਲੰਪਿਕ ਕੌਂਸਲ ਦੀ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ। ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ਇਨ੍ਹਾਂ ਵਾਧੂ ਖਿਡਾਰੀਆਂ ਦੀ ਚੋਣ ਪਿਛਲੇ ਸਾਲ ਸਤੰਬਰ ’ਚ ਜਾਰੀ ਕੀਤੇ ਗਏ ਮਾਪਦੰਡਾਂ ਦੀ ਅਣਦੇਖੀ ਕਰ ਕੇ ਨਹੀਂ ਕੀਤੀ ਜਾਵੇਗੀ।
ਖੇਡ ਮੰਤਰਾਲੇ ਦੇ ਇਕ ਸਰੋਤ ਨੇ ਦੱਸਿਆ ਕਿ ਸਾਡੇ ’ਤੇ ਕਾਫੀ ਦਬਾਅ ਸੀ। ਕੁਝ ਮਾਪੇ ਆਏ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚੇ ਦੀ ਚੋਣ ਨਹੀਂ ਹੋਈ। ਅਸੀਂ ਉਨ੍ਹਾਂ ਨੂੰ ਕਿਹਾ ਕਿ ਜੇ ਤੁਹਾਡਾ ਬੱਚਾ ਚੋਣ ਦਾ ਹੱਕਦਾਰ ਹੈ ਤੇ ਨਿਰਧਾਰਿਤ ਮਾਪਦੰਡ ਪੂਰੇ ਕਰਦਾ ਹੈ ਤਾਂ ਉਸਦੀ ਚੋਣ ਨਾ ਹੋਣ ਦਾ ਕੋਈ ਕਾਰਨ ਨਹੀਂ ਹੈ। ਅਧਿਕਾਰੀ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਮੰਨ ਲਓ 100 ਮੀਟਰ ਦੌੜ ’ਚ ਮੈਡਲ ਦੀ ਦਾਅਵੇਦਾਰੀ ਲਈ 10 ਸਕਿੰਟਾਂ ਦਾ ਸਮਾਂ ਜ਼ਰੂਰੀ ਹੈ ਤਾਂ ਕੀ ਅਸੀਂ 15 ਸਕਿੰਟਾਂ ’ਚ ਦੌੜਨ ਵਾਲੇ ਖਿਡਾਰੀ ਨੂੰ ਭੇਜਾਂਗੇ? ਅਸੀਂ ਇਹ ਮਾਪਦੰਡ ਨਿਰਧਾਰਿਤ ਕੀਤੇ ਹਨ ਕਿ ਜੇ ਕੋਈ ਖਿਡਾਰੀ ਏਸ਼ੀਆ ’ਚ ਸਿਖਰਲੇ ਛੇ ਵਿਚ ਹੈ ਤਾਂ ਹੀ ਉਸਦੀ ਚੋਣ ਕੀਤੀ ਜਾਵੇਗੀ। ਅਸੀਂ ਇਸੇ ਨਿਯਮ ਦੀ ਪਾਲਣਾ ਕੀਤੀ ਹੈ।
ਮੰਤਰਾਲੇ ਨੇ 2025 ’ਚ ਜਾਰੀ ਕੀਤੇ ਚੋਣ ਮਾਪਦੰਡਾਂ ’ਚ ਸਾਫ਼ ਕੀਤਾ ਸੀ ਕਿ ਏਸ਼ਿਆਈ ਖੇਡਾਂ ਸਮੇਤ ਬਹੁ-ਖੇਡ ਮੁਕਾਬਲਿਆਂ ਲਈ ਸਿਰਫ ਉਨ੍ਹਾਂ ਖਿਡਾਰੀਆਂ 'ਤੇ ਵਿਚਾਰ ਕੀਤਾ ਜਾਵੇਗਾ, ਜਿਨ੍ਹਾਂ ਕੋਲ ਮੈਡਲ ਜਿੱਤਣ ਦੀ ਅਸਲ ਸੰਭਾਵਨਾ ਹੋਵੇ। ਇਸ ਤੋਂ ਇਲਾਵਾ ਮਹਾਦੀਪੀ ਰੈਂਕਿੰਗ ’ਚ ਸਿਖਰਲੇ ਛੇ ਖਿਡਾਰੀਆਂ ਨੂੰ ਹੀ ਯੋਗ ਮੰਨਿਆ ਗਿਆ ਸੀ। ਇਸੇ ਕਟਆਫ ਕਾਰਨ ਖ਼ਰਾਬ ਹੁੰਦੀ ਰੈਂਕਿੰਗ ਦੇ ਚਲਦੇ ਭਾਰਤੀ ਫੁੱਟਬਾਲ ਟੀਮ ਏਸ਼ਿਆਈ ਖੇਡਾਂ ਤੋਂ ਬਾਹਰ ਹੋਣ ਵਾਲੀਆਂ ਪਹਿਲੀਆਂ ਟੀਮਾਂ ’ਚ ਸ਼ਾਮਲ ਰਹੀ। ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਕੁਝ ਹਫ਼ਤੇ ਪਹਿਲਾਂ ਕਿਹਾ ਸੀ ਕਿ ਏਸ਼ਿਆਈ ਖੇਡਾਂ ਵਰਗੇ ਮੁਕਾਬਲਿਆਂ ਨੂੰ ਖਿਡਾਰੀਆਂ ਲਈ ਸਿਰਫ਼ ਤਜਰਬਾ ਪ੍ਰਾਪਤ ਕਰਨ ਦੇ ਮੌਕੇ ਵਜੋਂ ਨਹੀਂ ਦੇਖਣਾ ਚਾਹੀਦਾ। ਜਾਪਾਨ ਉਹੀ ਖਿਡਾਰੀ ਜਾਣ, ਜੋ ਮੈਡਲ ਜਿੱਤਣ ਦੀ ਮਜ਼ਬੂਤ ਸਮਰਥਾ ਰੱਖਦੇ ਹੋਣ। ਬਹੁ-ਖੇਡ ਮੁਕਾਬਲਿਆਂ ਲਈ ਭਾਰਤੀ ਟੀਮ ਨੂੰ ਆਖ਼ਰੀ ਰੂਪ ਦੇਣਾ ਹਮੇਸ਼ਾ ਚੁਣੌਤੀਪੂਰਨ ਰਿਹਾ ਹੈ।