Asian Games : ਮੁੱਕੇਬਾਜ਼ੀ 'ਚ ਭਾਰਤ ਦੇ ਤਿੰਨ ਹੋਰ ਮੈਡਲ ਪੱਕੇ, ਲਵਲੀਨਾ, ਪ੍ਰੀਆ ਤੇ ਕਪਿਲ ਸੈਮੀਫਾਈਨਲ 'ਚ ਪੁੱਜੇ
ਏਸ਼ਿਆਈ ਖੇਡਾਂ ’ਚ ਤੀਰਅੰਦਾਜ਼ੀ ’ਚ ਸੋਮਵਾਰ ਨੂੰ ਭਾਰਤ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ। ਜਿਥੇ ਪਿਛਲੀਆਂ ਏਸ਼ਿਆਈ ਖੇਡਾਂ ਦੀ ਤਿੰਨ ਗੋਲਡ ਮੈਡਲ ਜੇਤੂ ਭਾਰਤੀ ਦੀ ਜੋਤੀ ਸੁਰੇਖਾ ਵੈਨਮ ਨੂੰ ਪ੍ਰੀ-ਕੁਆਰਟਰ ਫਾਈਨਲ ’ਚ 14 ਸਾਲ ਦੀ ਕੋਰਿਆਈ ਤੀਰਅੰਦਾਜ਼ ਕਾਂਗ ਯੇਓਨਸੇਓ ਨੇ ਹੈਰਾਨ ਕਰਦੇ ਹੋਏ ਹਰਾ ਦਿੱਤਾ,
Publish Date: Tue, 29 Sep 2026 11:28 AM (IST)
Updated Date: Tue, 29 Sep 2026 11:34 AM (IST)
ਨਿਸ਼ੀਓ (ਪੀਟੀਆਈ) : ਓਲੰਪਿਕ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ (75 ਕਿੱਲੋ) ਨੇ ਸੋਮਵਾਰ ਨੂੰ ਦੱਖਣੀ ਕੋਰੀਆ ਦੀ ਸਿਓਂਗ ਸੁਯੋਨ ਨੂੰ ਕੁਆਰਟਰ ਫਾਈਨਲ ’ਚ 5-0 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੀ ਮੁੱਕੇਬਾਜ਼ੀ ਮੁਕਾਬਲੇਬਾਜ਼ੀ ’ਚ ਲਗਾਤਾਰ ਦੂਜਾ ਮੈਡਲ ਪੱਕਾ ਕੀਤਾ, ਜਦਕਿ ਪ੍ਰੀਆ ਘੰਘਾਸ ਵੀ ਆਖਰੀ-4 ’ਚ ਪਹੁੰਚ ਗਈ।
ਟੂਰਨਾਮੈਂਟ ’ਚ ਆਪਣਾ ਪਹਿਲਾ ਮੁਕਾਬਲਾ ਖੇਡ ਰਹੀ ਲਵਲੀਨਾ ਨੇ ਸਿਓਂਗ ਨੂੰ ਇਕਪਾਸੜ ਅੰਦਾਜ਼ ’ਚ ਹਰਾਇਆ। ਇਸ ਤੋਂ ਬਾਅਦ ਏਸ਼ਿਆਈ ਚੈਂਪੀਅਨਸ਼ਿਪ ਗੋਲਡ ਮੈਡਲ ਜੇਤੂ ਤੇ ਮੌਜੂਦਾ ਰਾਸ਼ਟਰਮੰਡਲ ਖੇਡ ਚੈਂਪੀਅਨ ਪ੍ਰੀਆ ਨੇ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ 60 ਕਿੱਲੋ ਕੁਆਰਟਰ ਫਾਈਨਲ ’ਚ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ’ਚ ਜਿੱਤ ਦਰਜ ਕੀਤੀ। ਟੋਕੀਓ ਓਲੰਪਿਕ ਕਾਂਸੀ ਤਮਗਾ ਜੇਤੂ ਲਵਲੀਨਾ ਨੇ ਪਿਛਲੀਆਂ ਏਸ਼ਿਆਈ ਖੇਡਾਂ ’ਚ ਸਿਲਵਰ ਮੈਡਲ ਜਿੱਤਿਆ ਸੀ। ਪਿਛਲੇ ਮਹੀਨੇ ਰਾਸ਼ਟਰਮੰਡਲ ਖੇਡਾਂ ’ਚ ਸਿਲਵਰ ਮੈਡਲ ਜਿੱਤ ਚੁੱਕੀ ਲਵਲੀਨਾ ਵਿਸ਼ਵ ਚੈਂਪੀਅਨਸ਼ਿਪ, ਏਸ਼ਿਆਈ ਖੇਡਾਂ, ਏਸ਼ਿਆਈ ਚੈਂਪੀਅਨਸ਼ਿਪ ਤੇ ਵਿਸ਼ਵ ਕੱਪ ’ਚ ਮੈਡਲ ਆਪਣੇ ਨਾਂ ਕਰ ਚੁੱਕੀ ਹੈ। ਲਵਲੀਨਾ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਬਹੁਤ ਖ਼ੁਸ਼ ਹਾਂ ਕਿਉਂਕਿ ਇਹ ਮੇਰਾ ਪਹਿਲਾ ਮੈਚ ਸੀ ਤੇ ਮੈਂ ਚੰਗਾ ਪ੍ਰਦਰਸ਼ਨ ਕੀਤਾ। ਮੈਂ ਉਸ ਵਿਰੁੱਧ ਦੋ ਵਾਰ ਖੇਡ ਚੁੱਕੀ ਹਾਂ।
ਲਵਲੀਨਾ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ ਸਿਓਂਗ ’ਤੇ ਦਬਾਅ ਬਣਾ ਦਿੱਤਾ। ਦੂਜੇ ਦੌਰ ’ਚ ਵੀ ਉਸਨੇ ਚੰਗੇ ਕ੍ਰਾਸ ਤੇ ਹੁੱਕ ਲਗਾਏ ਪਰ ਡਿਫੈਂਸ ਥੋੜ੍ਹਾ ਕਮਜ਼ੋਰ ਲੱਗਾ। ਤੀਜੇ ਦੌਰ ’ਚ ਕੋਰਿਆਈ ਮੁੱਕੇਬਾਜ਼ ਨੇ ਕੱਦ ਦਾ ਲਾਹਾ ਲੈਂਦਿਆਂ ਚੰਗੀ ਹਮਲੇ ਕੀਤੇ ਪਰ ਲਵਲੀਨਾ ਜ਼ਿਆਦਾ ਫੁਰਤੀਲੀ ਸੀ, ਜਿਸ ਨਾਲ ਉਸਦੇ ਪੰਜ ਪ੍ਰਭਾਵਸ਼ਾਲੀ ਰਹੇ। ਲਵਲੀਨਾ ਦਾ ਸਾਹਮਣਾ ਹੁਣ 70 ਕਿੱਲੋ ’ਚ ਵਿਸ਼ਵ ਚੈਂਪੀਅਨ ਕਜ਼ਾਕਿਸਤਾਨ ਦੀ ਨਤਾਲੀਆ ਬੋਗਡਾਨੋਵਾ ਨਾਲ ਹੋਵੇਗਾ। ਲਵਲੀਨਾ ਤੋਂ ਇਲਾਵਾ ਪਰਵੀਨ ਹੁੱਡਾ (65 ਕਿੱਲੋ), ਅੰਕੁਸ਼ ਪੰਘਾਲ (80 ਕਿੱਲੋ) ਤੇ ਨਰਿੰਦਰ ਬਰਵਾਲ (90 ਕਿੱਲੋ ਤੋਂ ਵੱਧ) ਵੀ ਭਾਰਤ ਲਈ ਮੈਡਲ ਪੱਕੇ ਕਰ ਚੁੱਕੇ ਹਨ। ਇਨ੍ਹਾਂ ਤਿੰਨਾਂ ਨੇ ਐਤਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ’ਚ ਥਾਂ ਬਣਾਈ ਸੀ।
ਚਿਕਿਤਾ-ਗਣੇਸ਼ ਆਖਰੀ-8 ’ਚ ਨਾਗੋਯਾ (ਪੀਟੀਆਈ) : ਏਸ਼ਿਆਈ ਖੇਡਾਂ ’ਚ ਤੀਰਅੰਦਾਜ਼ੀ ’ਚ ਸੋਮਵਾਰ ਨੂੰ ਭਾਰਤ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ। ਜਿਥੇ ਪਿਛਲੀਆਂ ਏਸ਼ਿਆਈ ਖੇਡਾਂ ਦੀ ਤਿੰਨ ਗੋਲਡ ਮੈਡਲ ਜੇਤੂ ਭਾਰਤੀ ਦੀ ਜੋਤੀ ਸੁਰੇਖਾ ਵੈਨਮ ਨੂੰ ਪ੍ਰੀ-ਕੁਆਰਟਰ ਫਾਈਨਲ ’ਚ 14 ਸਾਲ ਦੀ ਕੋਰਿਆਈ ਤੀਰਅੰਦਾਜ਼ ਕਾਂਗ ਯੇਓਨਸੇਓ ਨੇ ਹੈਰਾਨ ਕਰਦੇ ਹੋਏ ਹਰਾ ਦਿੱਤਾ, ਉਥੇ ਹੀ ਪਹਿਲੀ ਵਾਰ ਖੇਡ ਰਹੇ ਭਾਰਤ ਦੇ ਗਣੇਸ਼ ਮਨੀ ਰਤਨਮ ਤਿਰੂਮੁਰੂ ਤੇ ਚਿਕਿਤਾ ਤਨਿਪਾਰਥੀ ਲੜੀਵਾਰ ਮਰਦ ਤੇ ਮਹਿਲਾ ਨਿੱਜੀ ਕੰਪਾਊਂਡ ਤੀਰਅੰਦਾਜ਼ੀ ਮੁਕਾਬਲਿਆਂ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਏ। ਚਿਕਿਤਾ ਵੀਰਵਾਰ ਨੂੰ ਕੁਆਰਟਰ ਫਾਈਨਲ ’ਚ ਇੰਡੋਨੇਸ਼ੀਆ ਦੀ ਨੁਰਿਸਾ ਡਿਆਨ ਅਸ਼ਰੀਫਾ ਤੇ ਗਣੇਸ਼ ਚੀਨੀ ਤਾਈਪੇ ਦੇ ਚੇਨ ਚਿਏਹ-ਲੁਨ ਦਾ ਸਾਹਮਣਾ ਕਰਨਗੇ।
ਵਾਲੀਬਾਲ ’ਚ ਭਾਰਤ ਦੀ ਲਗਾਤਾਰ ਦੂਜੀ ਜਿੱਤ ਨਾਗੋਯਾ (ਪੀਟੀਆਈ) : ਭਾਰਤੀ ਮਰਦ ਵਾਲੀਬਾਲ ਟੀਮ ਨੇ ਸੋਮਵਾਰ ਨੂੰ ਏਸ਼ਿਆਈ ਖੇਡਾਂ ’ਚ ਪੂਲ ਸੀ ਦੇ ਸ਼ੁਰੂਆਤੀ ਦੌਰ ਦੇ ਮੈਚ ’ਚ ਹਾਂਗਕਾਂਗ ਨੂੰ ਹਰਾ ਕੇ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਭਾਰਤ ਨੇ ਇਹ ਮੁਕਾਬਲਾ 3-0 (25-22, 25-19, 25-21) ਨਾਲ ਜਿੱਤਿਆ। ਇਸ ਤੋਂ ਪਹਿਲਾਂ ਟੀਮ ਨੇ ਐਤਵਾਰ ਨੂੰ ਵੀਅਤਨਾਮ ਵਿਰੁੱਧ ਵੀ ਪੂਲ ਮੈਚ ’ਚ 3-0 ਨਾਲ ਜਿੱਤ ਨਾਲ ਸ਼ੁਰੂਆਤ ਕੀਤੀ ਸੀ। ਭਾਰਤੀ ਟੀਮ ਦਾ ਅਗਲਾ ਮੁਕਾਬਲਾ ਮੰਗਲਵਾਰ ਨੂੰ ਕਤਰ ਨਾਲ ਹੋਵੇਗਾ।