Asian Games 2026 : ਲਵਲੀਨਾ ਫਾਈਨਲ 'ਚ ਪਹੁੰਚ ਕੇ ਰਚਿਆ ਇਤਿਹਾਸ, ਪ੍ਰਿਆ ਤੇ ਕਪਿਲ ਨੇ ਜਿੱਤੇ ਕਾਂਸੇ ਦੇ ਤਮਗੇ
ਭਾਰਤੀ ਸਾਈਕਲਿਸਟਾਂ ਦਾ ਏਸ਼ਿਆਈ ਖੇਡਾਂ ’ਚ ਖਰਾਬ ਪ੍ਰਦਰਸ਼ਨ ਜਾਰੀ ਰਿਹਾ ਤੇ ਬੁੱਧਵਾਰ ਨੂੰ ਮਰਦਾਂ ਤੇ ਔਰਤ ਦੋਹਾਂ ਵਰਗਾਂ ’ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਰੋਨਾਲਡੋ ਸਿੰਘ ਤੇ ਡੇਵਿਡ ਬੇਖਮ ਸਪ੍ਰਿੰਟ ਦੇ ਪਹਿਲੇ ਕੁਆਲਿਫਾਇਂਗ ਰਾਊਂਡ ਤੋਂ ਤਾਂ ਬਾਹਰ ਨਿਕਲ ਗਏ
Publish Date: Thu, 01 Oct 2026 12:16 PM (IST)
Updated Date: Thu, 01 Oct 2026 12:25 PM (IST)
ਨਿਸ਼ੀਓ, (ਪੀਟੀਆਈ) : ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹਾਈਨ ਨੇ ਲਗਾਤਾਰ ਦੂਜੀ ਵਾਰੀ ਏਸ਼ਿਆਈ ਖੇਡਾਂ ਦੇ ਫਾਈਨਲ ’ਚ ਪਹੁੰਚ ਕੇ ਇਤਿਹਾਸ ਰਚਿਆ ਹੈ, ਉਹ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਮੁੱਕੇਬਾਜ਼ ਹੈ। ਹੋਰ ਮੁਕਾਬਲਿਆਂ ’ਚ ਪ੍ਰਿਆ ਘੰਘਸ ਤੇ ਕਪਿਲ ਪੋਖਰੀਆ ਏਸ਼ਿਆਈ ਖੇਡਾਂ ਤੋਂ ਕਾਂਸੇ ਮੈਡਲ ਨਾਲ ਪਰਤਣਗੇ।
ਪਿਛਲੀ ਵਾਰ ਸਿਲਵਰ ਮੈਡਲ ਜਿੱਤਣ ਵਾਲੀ ਲਵਲੀਨਾ ਨੇ 75 ਕਿੱਲੋਗ੍ਰਾਮ ਦੇ ਮੁਕਾਬਲੇ ’ਚ 70 ਕਿਲੋਗ੍ਰਾਮ ਭਾਰ ਵਰਗ ਦੀ ਮੌਜੂਦਾ ਵਿਸ਼ਵ ਚੈਂਪੀਅਨ ਕਜ਼ਾਕਿਸਤਾਨ ਦੀ ਨਤਾਲਿਆ ਬੋਗਦਾਨੋਵਾ ਨੂੰ 3-2 ਨਾਲ ਹਰਾਇਆ। ਇਸ ਜਿੱਤ ਨਾਲ ਉਸ ਨੇ ਇਸ ਵਾਰੀ ਵੀ ਘੱਟੋ-ਘੱਟ ਸਿਲਵਰ ਮੈਡਲ ਪੱਕਾ ਕਰ ਲਿਆ ਹੈ। ਹਾਲਾਂਕਿ 60 ਕਿੱਲੋਗ੍ਰਾਮ ਭਾਰ ਵਰਗ ’ਚ 20 ਸਾਲਾ ਪ੍ਰਿਆ ਨੂੰ ਆਪਣੇ ਪਹਿਲੇ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ’ਚ ਚੀਨ ਦੀ ਸਾਬਕਾ ਵਿਸ਼ਵ ਚੈਂਪੀਅਨ ਯੈਂਗ ਚੇਂਗਿਊ ਤੋਂ 4-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਰਦਾਂ ਦੇ 90 ਕਿੱਲੋਗ੍ਰਾਮ ਭਾਰ ਵਰਗ ’ਚ ਸ਼ੁਰੂਆਤ ਕਰ ਰਹੇ ਕਪਿਲ ਨੂੰ ਉਜ਼ਬੇਕਿਸਤਾਨ ਦੇ ਤੁਰਾਬੇਕ ਖਬੀਬੁੱਲਾਏਵ ਨੇ 4-1 ਨਾਲ ਹਰਾਇਆ। ਇਹ ਦੋਵੇਂ ਮੁੱਕੇਬਾਜ਼ ਕਾਂਸਾ ਮੈਡਲ ਨਾਲ ਘਰ ਵਾਪਸ ਆਉਣਗੇ। ਭਾਰਤੀ ਮੁੱਕੇਬਾਜ਼ ਇਸ ਵਾਰ ਦੇ ਐਡੀਸ਼ਨਾਂ ’ਚ ਪਹਿਲਾਂ ਹੀ ਪਿਛਲੇ ਐਡੀਸ਼ਨਾਂ ਦੇ ਆਪਣੇ ਮੈਡਲਾਂ ਦੀ ਗਿਣਤੀ ਨੂੰ ਬਿਹਤਰ ਕਰ ਚੁੱਕੇ ਹਨ। 2023 ’ਚ ਸਾਨੂੰ ਮੁੱਕੇਬਾਜ਼ੀ ’ਚ ਕੁੱਲ ਚਾਰ ਮੈਡਲ ਮਿਲੇ ਸਨ, ਜਦਕਿ ਇਸ ਵਾਰੀ ਛੇ ਮੈਡਲ ਪੱਕੇ ਹਨ।
ਗੋਲਫ ’ਚ ਪ੍ਰਣਵੀ ਦੂਜੇ ਸਥਾਨ 'ਤੇ, ਸਪਤਕ ਦੀ ਵੀ ਚੰਗੀ ਸ਼ੁਰੂਆਤ ਨਾਗੋਯਾ, (ਪੀਟੀਆਈ) : ਗੋਲਫਰ ਪ੍ਰਣਵੀ ਉਰਸ ਨੇ ਚਾਰ ਅੰਡਰ 66 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਰਹਿੰਦੇ ਹੋਏ ਏਸ਼ਿਆਈ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ ਕੀਤੀ, ਜਦਕਿ ਭਾਰਤੀ ਮਹਿਲਾ ਟੀਮ ਪਹਿਲੇ ਦਿਨ ਛੇਵੇਂ ਸਥਾਨ 'ਤੇ ਰਹੀ। ਇਨ੍ਹਾਂ ਤਿੰਨ ਅੰਡਰ ਦੇ ਸਕੋਰ ਨਾਲ ਸਾਂਝੇ ਤੌਰ 'ਤੇ ਛੇਵਾਂ ਸਥਾਨ ਪ੍ਰਾਪਤ ਕੀਤਾ। ਮਰਦਾਂ ’ਚ ਸਪਤਕ ਤਲਵਾਰ ਨੇ ਵੀ ਚਾਰ ਅੰਡਰ 66 ਦਾ ਸਕੋਰ ਕੀਤਾ ਤੇ ਉਹ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੇ।
ਕੁਆਲੀਫਾਇੰਗ ਗੇੜ ਤੋਂ ਹੀ ਬਾਹਰ ਹੋਏ ਸਾਈਕਲਿਸਟ ਇਜੂ, (ਪੀਟੀਆਈ) : ਭਾਰਤੀ ਸਾਈਕਲਿਸਟਾਂ ਦਾ ਏਸ਼ਿਆਈ ਖੇਡਾਂ ’ਚ ਖਰਾਬ ਪ੍ਰਦਰਸ਼ਨ ਜਾਰੀ ਰਿਹਾ ਤੇ ਬੁੱਧਵਾਰ ਨੂੰ ਮਰਦਾਂ ਤੇ ਔਰਤ ਦੋਹਾਂ ਵਰਗਾਂ ’ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਰੋਨਾਲਡੋ ਸਿੰਘ ਤੇ ਡੇਵਿਡ ਬੇਖਮ ਸਪ੍ਰਿੰਟ ਦੇ ਪਹਿਲੇ ਕੁਆਲਿਫਾਇਂਗ ਰਾਊਂਡ ਤੋਂ ਤਾਂ ਬਾਹਰ ਨਿਕਲ ਗਏ ਪਰ 1/16 ਫਾਈਨਲ ’ਚ ਉਨ੍ਹਾਂ ਨੂੰ ਨਿਰਾਸ਼ਾ ਮਿਲੀ। ਮਹਿਲਾ ਰੇਸ ’ਚ ਸਰਿਤਾ ਕੁਮਾਰੀ ਅਤੇ ਕੀਰਤੀ ਚਿਕਾ ਪਹਿਲੇ ਗੇੜ ਤੋਂ ਹੀ ਬਾਹਰ ਹੋ ਗਈਆਂ।
ਨਾਗਲ ਅੱਗੇ ਵਧੇ, ਦਕਸ਼ਿਣੇਸ਼ਵਰ ਬਾਹਰ ਨਾਗੋਯਾ, (ਪੀਟੀਆਈ) : ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਉਜ਼ਬੇਕਿਸਤਾਨ ਦੇ ਸੇਰਗੇਇ ਫੋਮਿਨ ਨੂੰ 6-3, 6-2 ਨਾਲ ਹਰਾਉਂਦੇ ਹੋਏ ਮੈਨਜ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਦਾਖ਼ਲ ਹੋ ਗਏ, ਜਦਕਿ ਦਕਸ਼ਿਣੇਸ਼ਵਰ ਸੁਰੇਸ਼ ਆਪਣੇ ਤੀਸਰੇ ਗੇੜ ਦੇ ਮੈਚ ’ਚ ਚਾਈਨੀਜ਼ ਤਾਈਪੇ ਦੇ ਚੁਨ ਹਸਿਨ ਸੇਂਗ ਤੋਂ 3-6, 4-6 ਨਾਲ ਹਾਰ ਕੇ ਬਾਹਰ ਹੋ ਗਏ। ਮੈਨਜ਼ ਡਬਲਜ਼ ’ਚ ਐੱਨ ਸ਼੍ਰੀਰਾਮ ਬਾਲਾਜੀ ਤੇ ਅਨਿਰੁੱਧ ਚੰਦਰਸ਼ੇਖਰ ਨੂੰ ਚੀਨ ਦੇ ਫੁਮਿਨ ਚਿਆਂਗ ਤੇ ਤਿਨਹੁਈ ਜਿਆਂਗ ਨੇ 7-6(4), 6-7(7), 8-10 ਨਾਲ ਹਰਾਇਆ।
ਸਕਵਾਸ਼ ’ਚ ਮੈਡਲ ਪੱਕੇ ਨਾਗੋਯਾ, (ਪੀਟੀਆਈ) : ਭਾਰਤੀ ਮਹਿਲਾ ਤੇ ਪੁਰਸ਼ ਸਕਵਾਸ਼ ਟੀਮਾਂ ਨੇ ਆਸਾਨ ਜਿੱਤ ਨਾਲ ਏਸ਼ਿਆਈ ਖੇਡਾਂ ਦੇ ਸੈਮੀਫਾਈਨਲ ’ਚ ਦਾਖ਼ਲ ਹੋ ਕੇ ਮੈਡਲ ਪੱਕੇ ਕਰ ਲਏ। ਉੱਚ ਦਰਜਾ ਤੇ ਮੌਜੂਦਾ ਚੈਂਪੀਅਨ ਮਰਦਾਂ ਨੇ ਕੁਵੈਤ ਜਦਕਿ ਮਹਿਲਾਂ ਨੇ ਸਿੰਗਾਪੁਰ 'ਤੇ ਜਿੱਤ ਦਰਜ ਕੀਤੀ।